Wednesday, April 9, 2025
Breaking News

ਡੇਟਨ ਦੇ ਸਿੱਖ ਭਾਈਚਾਰੇ ਨੇ ਅਮਰੀਕਾ ਦੇ 246ਵੇਂ ਆਜ਼ਾਦੀ ਜਸ਼ਨਾਂ ਚ ਲਿਆ ਹਿੱਸਾ

ਸਿੱਖਾਂ ਦੀ ਨਵੇਕਲੀ ਪਛਾਣ ਬਣੀ ਪਰੇਡ ਵਿੱਚ ਵਿਸ਼ੇਸ਼ ਖਿੱਚ ਦਾ ਕੇਂਦਰ
ਡੇਟਨ (ਅਮਰੀਕਾ) 12 (ਪੰਜਾਬ ਪੋਸਟ ਬਿਊਰੋ) – ਅਮਰੀਕਾ ਵਿੱਚ ਹਰ ਸਾਲ 4 ਜੁਲਾਈ ਦਾ ਦਿਨ ਬੜੀ ਧੁਮ-ਧਾਮ ਨਾਲ ਮਨਾਇਆ ਜਾਂਦਾ ਹੈ।ਇਸ ਦਿਨ 1776 ਵਿੱਚ ਅਮਰੀਕਾ ਨੇ ਬਰਤਾਨੀਆ ਤੋਂ ਆਜ਼ਾਦੀ ਪ੍ਰਾਪਤ ਕੀਤੀ ਸੀ।ਅਜ਼ਾਦੀ ਦਿਹਾੜੇ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਪਰੇਡ ਕੱਢੀ ਜਾਂਦੀ ਹੈ, ਜਿਸ ਵਿੱਚ ਸਮਾਜ ਸੇਵੀ ਸੰਸਥਾਵਾਂ, ਵੱਖ ਵੱਖ ਵਿਭਾਗ, ਵਪਾਰਕ ਅਤੇ ਹੋਰ ਅਦਾਰਿਆਂ ਵੱਲੋਂ ਝਾਕੀਆਂ ਕੱਢੀਆਂ ਜਾਂਦੀਆਂ ਹਨ ਅਤੇ ਵਿੱਦਿਅਕ ਅਦਾਰਿਆਂ ਦੇ ਬੈਂਡ ਪਰੇਡ ਭਾਗ ਲੈਂਦੇ ਹਨ।
                    ਚਰਨਜੀਤ ਸਿੰਘ ਗੁਮਟਾਲਾ ਨੇ ਇਥੇ ਭੇਜੀ ਈਮੇਲ ਵਿੱਚ ਕਿਹਾ ਹੈ ਕਿ ਓਹਾਇਓ ਸੂਬੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹ ਦਿਹਾੜਾ ਹਵਾਈ ਜਹਾਜ਼ ਦੀ ਜਨਮ ਭੂਮੀ ਵਜੋਂ ਜਾਣੇ ਜਾਂਦੇ ਪ੍ਰਸਿੱਧ ਗ੍ਰੇਟਰ ਡੇਟਨ ਦੇ ਸ਼ਹਿਰ ਬੀਵਰਕਰੀਕ ਵਿੱਚ ਬੜੇ ਉਤਸ਼ਾਹ ਨਾਲ ਮਨਾਇਆ ਗਿਆ।ਸਿੱਖ ਭਾਈਚਾਰੇ ਨੇ ਵੀ ਇਨ੍ਹਾਂ ਜਸ਼ਨਾਂ ਵਿਚ ਵਧ ਚੜ੍ਹ ਕੇ ਭਾਗ ਲਿਆ ਤੇ ਸਿੱਖ ਸੁਸਾਇਟੀ ਆਫ਼ ਡੇਟਨ ਨੇ ਮੋਸਟ ਪੈਟਰੀਓਟ ਦਾ ਪੁਰਸਕਾਰ ਜਿੱਤਿਆ।ਇਹ ਪੁਰਸਕਾਰ ਬੀਵਰਕਰੀਕ ਦੀ ਮਿਉਂਸਿਪਲ ਗਵਰਨਮੈਂਟ ਵੱਲੋ ਦਿੱਤਾ ਜਾਂਦਾ ਹੈ।ਪੁਰਸਕਾਰ ਅਵਤਾਰ ਸਿੰਘ ਸਪਰਿੰਗਫੀਲਡ ਨੇ ਮੇਅਰ ਬੌਬ ਸਟੋਨ ਤੇ ਵਾਇਸ ਮੇਅਰ ਜੋਨਾ ਗਰਸ਼ੀਆ ਪਾਸੋਂ ਪ੍ਰਾਪਤ ਕੀਤਾ।ਇਸ ਪਰੇਡ ਵਿਚ ਵੀ ਸਥਾਨਕ ਸਮਾਜ ਸੇਵੀ ਸੰਸਥਾਵਾਂ,ਵਿਭਾਗਾਂ, ਵਪਾਰਕ ਤੇ ਹੋਰ ਅਦਾਰਿਆਂ ਵਲੋਂ ਝਾਕੀਆਂ ਕੱਢੀਆਂ ਗਈਆਂ ਤੇ ਵਿੱਦਿਅਕ ਅਦਾਰਿਆਂ ਦੇ ਬੈਂਡ ਵੀ ਸ਼ਾਮਲ ਹੋਏ।
                  ਗੁਮਟਾਲਾ ਨੇ ਕਿਹਾ ਕਿ ਪਰੇਡ ਦੀ ਸ਼ੁਰੂਆਤ ਬੀਵਰਕਰੀਕ ਪੁਲੀਸ ਅਤੇ ਸਮੁੰਦਰੀ ਫ਼ੌਜ਼ ਵਲੋਂ ਕੀਤੀ ਗਈ।ਅਮਰੀਕੀ ਝੰਡਿਆਂ, ਬੈਨਰਾਂ, ਪੋਸਟਰਾਂ ਨਾਲ ਸਜ਼ਾਈ ਗਈ ਸਿੱਖ ਝਾਕੀ ਦਾ ਸੜਕਾਂ ਕੰਢੇ ਪ੍ਰਵਾਰਾਂ ਸਮੇਤ ਬੈਠੇ ਹਜ਼ਾਰਾਂ ਦਰਸ਼ਕਾਂ ਨੇ ਭਰਵਾਂ ਸੁਆਗਤ ਕੀਤਾ।ਫਲੋਟ ਉਪਰ ਲਗਾਏ ਬੈਨਰਾਂ ਰਾਹੀਂ ਸਿੱਖਾਂ ਦੀ ਤਰਫੋਂ ਸਭ ਨੂੰ ਆਜ਼ਾਦੀ ਦਿਵਸ ਦੀ ਵਧਾਈ ਦਿੱਤੀ ਗਈ।ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਹੈਪੀ ਫੋਰਥ ਜੁਲਾਈ, ਹੈਪੀ ਇੰਡੀਪੈਂਨਡੈਂਨਸ ਡੇਅ ਕਹਿ ਕੇ ਸੁਆਗਤ ਕਰ ਰਹੇ ਸਨ।ਸਿੱਖਾਂ ਦੀ ਨਵੇਕਲੀ ਪਛਾਣ ਵੀ ਪਰੇਡ ਵਿੱਚ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ ਅਤੇ ਕਈਆਂ ਨੇ ਇਸ ਬਾਰੇ ਜਾਣਕਾਈ ਲੈਣ ਵਿਚ ਦਿਲਚਸਪੀ ਦਿਖਾਈ।ਸਿੱਖਾਂ ਬਾਰੇ ਜਾਣਕਾਰੀ ਵਧਾਉਣ ਲਈ ਲਿਟਰੇਚਰ ਵੀ ਵੰਡਿਆ ਗਿਆ।ਅਮਰੀਕਾ ਵਿੱਚ ਨਿਕਲਦੀਆਂ ਪਰੇਡਾਂ ਵਿਚ ਸਿੱਖ ਭਾਈਚਾਰੇ ਅਤੇ ਸੰਸਥਾਵਾਂ ਨੂੰ ਵੱਖ-ਵੱਖ ਦਿਵਸਾਂ ਨਾਲ ਸੰਬੰਧਤ ਫਲੋਟ ਤਿਆਰ ਕਰਕੇ ਸ਼ਮੂਲੀਅਤ ਕਰਨੀ ਚਾਹੀਦੀ ਹੈ।ਇਸ ਨਾਲ ਅਮਰੀਕੀ ਲੋਕਾਂ ਨੂੰ ਸਿੱਖਾਂ ਬਾਰੇ ਅਤੇ ਉਨ੍ਹਾਂ ਵਲੋਂ ਵੱਖ-ਵੱਖ ਖੇਤਰਾਂ ਵਿਚ ਪਾਏ ਯੋਗਦਾਨ ਬਾਰੇ ਵੀ ਜਾਣੂ ਕਰਵਾਇਆ ਜਾ ਸਕਦਾ ਹੈ।ਠੰਡੇ ਪਾਣੀ ਦੀਆਂ ਬੋਤਲਾਂ ਨਾਲ ਲੋਕਾਂ ਦੀ ਸੇਵਾ ਕੀਤੀ ਗਈ।ਸ਼ਹਿਰ ਦੇ ਪਤਵੰਤੇ ਸੱਜਣ ਸਿੱਖਾਂ ਦੀ ਸੇਵਾ ਭਾਵਨਾ ਦੇਖ ਕੇ ਬਹੁਤ ਖੁਸ਼ ਹੋਏ।
                    ਗੁਮਟਾਲਾ ਨੇ ਦੱਸਿਆ ਕਿ ਅਮਰੀਕੀ ਝੰਡਿਆਂ ਦਾ ਇਥੇ ਬਹੁਤ ਸਤਿਕਾਰ ਕੀਤਾ ਜਾਂਦਾ ਹੈ।ਹਰ ਅਦਾਰੇ ਅੰਦਰ ਭਾਵੇਂ ਕਿ ਉਹ ਧਾਰਮਿਕ ਸਥਾਨ ਹੀ ਹੋਏ, ਅਮਰੀਕੀ ਝੰਡਾ ਝੂਲਦਾ ਨਜ਼ਰ ਆਵੇਗਾ।ਪਰੇਡ ਸਮੇਂ ਵੀ ਹਰ ਵਿਅਕਤੀ ਦੇ ਹੱਥ ਵਿੱਚ ਝੰਡਾ ਲਹਿਰਾ ਰਿਹਾ ਸੀ ਅਤੇ ਮੇਲੇ ਵਰਗਾ ਮਾਹੌਲ ਸੀ।ਏ.ਐਂਡ.ਏ ਫੋਟੋਗ੍ਰਾਫੀ ਤੋਂ ਸੁਨੀਲ ਮੱਲੀ ਨੇ ਇਹਨਾਂ ਯਾਦਗਾਰੀ ਪਲਾਂ ਨੂੰ ਕੈਮਰਾਬੰਦ ਕਰਨ ਦੀ ਸੇਵਾ ਨਿਭਾਈ।ਸਿਨਸਿਨਾਇਟੀ ਤੋਂ ਵੀ ਬਹੁਤ ਦਰਸ਼ਕ ਆਏ।ਕਮਿਊਨਿਟੀ ਦੀਆਂ ਭੈਣਾਂ ਅਤੇ ਬੱਚਿਆਂ ਨੇ ਵੀ ਵੱਧ ਚੜ ਕੇ ਹਿੱਸਾ ਲਿਆ।ਪਰੇਡ ਵਿੱਚ ਲੇਡੀਜ਼ ਦਾ ਕੰਮ ਸ਼ਲਾਘਾਯੋਗ ਰਿਹਾ।ਰਾਤ ਦੇ ਖਾਣੇ ਦਾ ਪ੍ਰਬੰਧ ਮਹਾਰਾਜੇ ਦੇ ਰੈਸਟੋਰੈਂਟ ਵਿੱਚ ਸੀ।ਦਰਸ਼ਕਾਂ ਨੇ ਖਾਣੇ ਦਾ ਖੂਬ ਆਨੰਦ ਮਾਣਿਆ।ਹਰਸ਼ਦੀਪ ਸਿੰਘ ਅਤੇ ਹਰਰੂਪ ਸਿੰਘ ਨੇ ਸਿੱਖ ਸਾਹਿਤ ਵਂਡਣ ਦੀ ਸੇਵਾ ਨਿਭਾਈ।ਸਰਤਾਜ ਸਿੰਘ ਸਿੱਧੂ ਦੀ ਟੀਮ ਨੇ ਠੰਡੇ ਜਲ ਦੀਆਂ ਬੋਤਲਾਂ ਵੰਡਣ ਦੀ ਸੇਵਾ ਨਿਭਾਈ।

Check Also

ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੀ ਬਦਲੇਗੀ ਤਕਦੀਰ -ਧਾਲੀਵਾਲ

ਅਜਨਾਲਾ, 8 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਪਿੱਛਲੇ ਤਿੰਨ ਸਾਲਾਂ ਦੌਰਾਨ ਸਿੱਖਿਆ …