ਡਾਕਟਰਾਂ ਦੀ ਘਾਟ ਨੂੰ ਜਲਦੀ ਕੀਤਾ ਜਾਵੇਗਾ ਪੂਰਾ
ਅੰਮ੍ਰਿਤਸਰ, 13 ਜੁਲਾਈ (ਸੁਖਬੀਰ ਸਿੰਘ) – ਡਾਕਟਰ ਬਰਾਂਡਿਡ ਦਵਾਈਆਂ ਦੀ ਬਜ਼ਾਏ ਮਰੀਜਾਂ ਨੂੰ ਕੇਵਲ ਸਾਲਟ ਲਿਖ ਕੇ ਦੇਣ ਤਾਂ ਜੋ ਮਰੀਜ ਸਸਤੀਆਂ ਦਵਾਈਆਂ ਦੀ ਖਰੀਦ ਕਰ ਸਕਣ।ਇਹ ਪ੍ਰਗਟਾਵਾ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਚੇਤਨ ਸਿੰਘ ਜੋੜਾਮਾਜਰਾ ਨੇ ਸਿਵਲ ਹਸਪਤਾਲ, ਗੁਰੂ ਨਾਨਕ ਹਸਪਤਾਲ ਅਤੇ ਡੈਂਟਲ ਕਾਲਜ ਦਾ ਨਰੀਖਣ ਕਰਨ ਉਪਰੰਤ ਪ੍ਰੈਸ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਇਸ ਤੋਂ ਪਹਿਲਾਂ ਸਿਹਤ ਮੰਤਰੀ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ।ਉਨ੍ਹਾਂ ਕਿਹਾ ਕਿ ਮੈਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨ ਆਇਆ ਹਾਂ ਕਿ ਮੈਨੂੰ ਜੋ ਐਡੀ ਵੱਡੀ ਜਿੰਮੇਵਾਰੀ ਸੌਂਪੀ ਗਈ ਹੈ, ਤੇ ਖਰਾ ਉਤਰ ਸਕਾਂ।ਸ਼੍ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਸਿਹਤ ਮੰਤਰੀ ਨੂੰ ਸਿਰੋਪਾਓ ਅਤੇ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਦੇ ਕੇ ਸਨਮਾਨਿਤ ਵੀ ਕੀਤਾ ਗਿਆ।ਇਸ ਤੋਂ ਬਾਅਦ ਸਿਹਤ ਮੰਤਰੀ ਵੱਲੋਂ ਸ੍ਰੀ ਦੁਰਗਿਆਨਾ ਮੰਦਿਰ ਵਿਖੇ ਵੀ ਮੱਥਾ ਟੇਕਿਆ ਜਿਥੇ ਮੰਦਿਰ ਕਮੇਟੀ ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ।
ਇਸ ਉਪਰੰਤ ਸਿਹਤ ਮੰਤਰੀ ਵੱਲੋਂ ਸਿਵਲ ਹਸਪਤਾਲ ਦਾ ਦੌਰਾ ਕਰਕੇ ਇਲਾਜ਼ ਲਈ ਆਏ ਲੋਕਾਂ ਨਾਲ ਗੱਲਬਾਤ ਵੀ ਕੀਤੀ ਅਤੇ ਉਨ੍੍ਹਾਂ ਦੀਆਂ ਮੁਸਕਲਾਂ ਨੂੰ ਸੁਣਿਆ।ਜੋੜਾਮਾਜਰਾ ਨੇ ਕਿਹਾ ਕਿ ਇਕ ਮਹੀਨੇ ਦੇ ਅੰਦਰ ਅੰਦਰ ਹਸਪਤਾਲਾਂ ਵਿੱਚ ਸਾਰੀਆਂ ਦਵਾਈਆਂ ਦੀ ਮੌਜੂਦਗੀ ਨੂੰ ਯਕੀਨੀ ਬਣਾਇਆ ਜਾਵੇਗਾ ਅਤੇ ਮਰੀਜਾਂ ਨੂੰ ਕੋਈ ਵੀ ਦਵਾਈ ਬਾਹਰੋਂ ਨਹੀਂ ਲੈਣੀ ਪਵੇਗੀ।ਸਿਹਤ ਮੰਤਰੀ ਨੇ ਸਿਵਲ ਸਰਜਨ ਨੂੰ ਹਦਾਇਤ ਕੀਤੀ ਕਿ ਹਸਪਤਾਲ ਦੀ ਸਾਫ ਸਫਾਈ ਦਾ ਵਿਸ਼ੇਸ਼ ਤੌਰ ਤੇ ਧਿਆਨ ਰੱਖਿਆ ਜਾਵੇ।ਉਨ੍ਹਾਂ ਕਿਹਾ ਕਿ ਡਾਕਟਰਾਂ ਦੀ ਕਿਸੇ ਵੀ ਅਣਗਹਿਲੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਸਿਹਤ ਮੰਤਰੀ ਵੱਲੋਂ ਸੀਨੀਅਰ ਮੈਡੀਕਲ ਅਫਸਰਾਂ ਨੂੰ ਵੀ ਨਿਰਦੇਸ਼ ਦਿੱਤੇ ਕਿ ਹਸਪਤਾਲਾਂ ਦਾ ਦਿਨ ਵਿੱਚ ਤਿੰਨ ਵਾਰ ਜਰੂਰੀ ਜਾਇਜਾ ਲੈਣ ਤਾਂ ਜੋ ਕਿਸੇ ਮਰੀਜ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ। ਉਨ੍ਹਾਂ ਹਸਪਤਾਲ ਦੀਆਂ ਸਾਰੀਆਂ ਵਾਰਡਾਂ ਦਾ ਬਾਰੀਕੀ ਨਾਲ ਨਰੀਖਣ ਕੀਤਾ ਅਤੇ ਡਾਕਟਰਾਂ ਨੂੰ ਹਦਾਇਤ ਕੀਤੀ ਕਿ ਉਹ ਮਰੀਜ਼ਾਂ ਪ੍ਰਤੀ ਆਪਣੇ ਵਿਵਹਾਰ ਵਿੱਚ ਤਬਦੀਲੀ ਲਿਆਉਣ ਅਤੇ ਆਪਣਾ ਕੰਮ ਇਮਾਨਦਾਰੀ ਨਾਲ ਕਰਨ।ਸਿਹਤ ਮੰਤਰੀ ਵੱਲੋਂ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਡਾਕਟਰਾਂ ਨਾਲ ਮੀਟਿੰਗ ਵੀ ਕੀਤੀ ਗਈ ਅਤੇ ਖਾਲੀ ਅਸਾਮੀਆਂ ਬਾਰੇ ਜਾਣਕਾਰੀ ਵੀ ਹਾਸਲ ਕੀਤੀ ਅਤੇ ਭਰੋਸਾ ਦਿਵਾਇਆ ਕਿ ਜਲਦ ਹੀ ਖਾਲੀ ਪਈਆਂ ਅਸਾਮੀਆਂ ਨੂੰ ਪੁਰ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਡਾਕਟਰ ਵਧਾਈ ਦੇ ਪਾਤਰ ਹਨ ਜੋ ਦਿਨ ਰਾਤ ਮਰੀਜਾਂ ਦੀ ਸੇਵਾ ਵਿੱਚ ਲੱਗੇ ਰਹਿੰਦੇ ਹਨ।
ਇਸ ਉਪਰੰਤ ਸਿਹਤ ਮੰਤਰੀ ਵੱਲੋਂ ਪਿੰਕ ਪਲਾਜ਼ਾ ਵਿਖੇ ਬਣ ਰਹੇ ਮਹੱਲਾ ਕਲੀਨਕ ਦਾ ਜਾਇਜ਼ਾ ਵੀ ਲਿਆ ਗਿਆ ਅਤੇ ਦੱਸਿਆ ਕਿ 15 ਅਗਸਤ ਤੋਂ ਜਿਲੇ੍ਹ ਵਿੱਚ 12 ਮੁਹੱਲਾ ਕਲੀਨਕ ਸ਼ੁਰੂ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਹਰ ਮੁਹੱਲਾ ਕਲੀਨਿਕ ਵਿੱਚ ਇਕ ਮੈਡੀਕਲ ਅਫਸਰ, ਫਾਰਮਾਸਿਸਟ, ਕਲੀਨਿਕ ਸਹਾਇਕ, ਸਵੀਰ-ਕਮ-ਹੈਲਪਰ ਦਾ ਸਟਾਫ ਹੋਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਹੱਲਾ ਕਲੀਨਿਕ ਵਿੱਚ ਆਮ ਬਿਮਾਰੀਆਂ, ਸੱਟਾਂ ਲਈ ਫਸਟਏਡ, ਡਰੈਸਿੰਗ, ਆਉਟ ਮਰੀਜਾਂ ਦੀ ਦੇਖਭਾਲ ਆਦਿ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਮੁਹੱਲਾ ਕਲੀਨਿਕਾਂ ਵਿੱਚ ਮਰੀਜਾਂ ਦੀ ਰਜਿਸਟਰੇਸ਼ਨ ਅਤੇ ਰਿਕਾਰਡ ਰੱਖਣ ਲਈ ਇਕ ਆਈ.ਟੀ ਪ੍ਰਣਾਲੀ ਨੂੰ ਵਿਕਸਤ ਕੀਤਾ ਜਾਵੇਗਾ।
ਸਿਵਲ ਹਸਪਤਾਲ ਦਾ ਨਰੀਖਣ ਕਰਨ ਤੋਂ ਬਾਅਦ ਸਿਹਤ ਮੰਤਰੀ ਵੱਲੋਂ ਗੁਰੂ ਨਾਨਕ ਹਸਪਤਾਲ ਦਾ ਦੌਰਾ ਵੀ ਕੀਤਾ ਗਿਆ ਅਤੇ ਉਥੇ ਆਏ ਮਰੀਜਾਂ ਨਾਲ ਗੱਲਬਾਤ ਵੀ ਕੀਤੀ।ਜੋੜਾਮਾਜਰਾ ਨੇ ਪ੍ਰਿੰਸੀਪਲ ਮੈਡੀਕਲ ਕਾਲਜ ਨੂੰ ਹਦਾਇਤ ਕੀਤੀ ਕਿ ਮੈਡੀਕਲ ਸਟੋਰ ਦੇ ਬਾਹਰ ਦਵਾਈਆਂ ਦੀ ਮੌਜੂਦਗੀ ਦੀ ਲਿਸਟ ਨੂੰ ਯਕੀਨੀ ਬਣਾਇਆ ਜਾਵੇ ਅਤੇ ਕੰਟੀਨ ਮਾਲਕ ਵੱਲੋਂ ਵੀ ਖਾਣ ਪੀਣ ਦੀਆਂ ਵਸਤਾਂ ਦੇ ਰੇਟ ਡਿਸਪਲੇ ਕੀਤੇ ਜਾਣੇ।ਸਿਹਤ ਮੰਤਰੀ ਵੱਲੋਂ ਗੁਰੂ ਨਾਨਕ ਹਸਪਤਾਲ ਵਿਖੇ ਵਾਸ਼ਰੂਮਾਂ ਦੀ ਜਾਂਚ ਕਰਨ ਉਪਰੰਤ ਨਿਰਦੇਸ਼ ਦਿੱਤੇ ਕਿ ਇਨ੍ਹਾਂ ਦੀ ਸਾਫ ਸਫਾਈ ਦਾ ਧਿਆਨ ਰੱਖਿਆ ਜਾਵੇ।ਉਨ੍ਹਾਂ ਕਿਹਾ ਕਿ ਉਹ ਕਿਸੇ ਵਕਤ ਵੀ ਹਸਪਤਾਲਾਂ ਦੀ ਅਚਨਚੇਤ ਚੈਕਿੰਗ ਕਰ ਸਕਦੇ ਹਨ। ਇਸ ਉਪਰੰਤ ਸਿਹਤ ਮੰਤਰੀ ਵੱਲੋਂ ਡੈਂਟਲ ਕਾਲਜ ਦਾ ਦੌਰਾ ਵੀ ਕੀਤਾ ਅਤੇ ਮਰੀਜਾਂ ਨਾਲ ਗੱਲਬਾਤ ਕੀਤੀ ਅਤੇ ਡਾਕਟਰਾਂ ਨੂੰ ਹਦਾਇਤ ਕੀਤੀ ਕਿ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਹੀਂ ਆਉਣੀ ਚਾਹੀਦੀ।ਸਿਹਤ ਮੰਤਰੀ ਨੇ ਡੈਂਟਲ ਕਾਲਜ ਦੇ ਵਿਦਿਆਰਥੀਆਂ ਨਾਲ ਗੱਲਬਾਤ ਕਰਕੇ ਵੀ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਸੁਣੀਆਂ ਅਤੇ ਭਰੋਸਾ ਦਿਵਾਇਆ ਕਿ ਜਲਦ ਹੀ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਦੂਰ ਕੀਤਾ ਜਾਵੇਗਾ।
ਇਸ ਮੌਕੇ ਹਲਕਾ ਵਿਧਾਇਕ ਕੇਂਦਰੀ ਡਾ. ਅਜੈ ਗੁਪਤਾ, ਡੀ.ਆਰ.ਐਮ ਡਾ. ਅਵਨੀਸ਼, ਐਮ.ਡੀ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਮੈਡਮ ਨੀਲੀਮਾ, ਡਾਇਰੈਕਟਰ ਸਿਹਤ ਡਾਕਟਰ ਰਣਜੀਤ ਸਿੰਘ, ਸਿਵਲ ਸਰਜਨ ਡਾ: ਚਰਨਜੀਤ ਸਿੰਘ, ਜਾਇੰਟ ਸਕੱਤਰ ਆਮ ਆਦਮੀ ਪਾਰਟੀ ਜਰਨੈਲ ਸਿੰਘ ਮਨੂੰ, ਸਹਾਇਕ ਸਿਵਲ ਸਰਜਨ ਅਮਰਜੀਤ ਸਿੰਘ, ਡਾ: ਪੁਨੀਤ ਗਿਰਧਰ, ਪ੍ਰਿੰਸੀਪਲ ਮੈਡੀਕਲ ਕਾਲਜ ਡਾ: ਰਾਜੀਵ ਦੇਵਗਨ, ਪਿ੍ਰੰਸੀਪਲ ਡਾ: ਰੇਨੂੰ ਬਾਲਾ, ਵਾਇਸ ਪ੍ਰਿੰਸਪੀਲ ਡਾਕਟਰ ਕੇ.ਡੀ ਸਿੰਘ, ਡਿਪਟੀ ਮੈਡੀਕਲ ਕਮਿਸ਼ਨਰ ਡਾ: ਗੁਰਪ੍ਰੀਤ ਕੌਰ, ਜਿਲ੍ਹਾ ਸਿਹਤ ਅਫਸਰ ਡਾ: ਭਾਰਤੀ, ਸੀਨੀਅਰ ਮੈਡੀਕਲ ਅਫਸਰ ਡਾ: ਰਾਜੂ ਚੌਹਾਨ, ਡਿਪਟੀ ਮਾਸ ਮੀਡੀਆ ਅਫਸਰ ਅਮਨਦੀਪ ਸਿੰਘ, ਜਗਦੀਸ਼ ਠਾਕੁਰ ਵੀ ਹਾਜ਼ਰ ਸਨ।