Tuesday, December 3, 2024

ਖ਼ਾਲਸਾ ਕਾਲਜ ਦੇ ‘ਗੁਰਮਤਿ ਸਟੱਡੀ ਸੈਂਟਰ’ ਵਿਖੇ ਧਾਰਮਿਕ ਕਲਾਸਾਂ ਸ਼ੁਰੂਆਤ

ਵਿਦਿਆਰਥੀਆਂ ਨੂੰ ਧਾਰਮਿਕ, ਸੰਗੀਤਕ ਵਿੱਦਿਆ ਤੇ ਭਾਸ਼ਾਵਾਂ ਦਾ ਮਿਲੇਗਾ ਗਿਆਨ – ਛੀਨਾ

ਅੰਮ੍ਰਿਤਸਰ, 17 ਅਗਸਤ (ਖੁਰਮਣੀਆਂ) – ਖ਼ਾਲਸਾ ਕਾਲਜ ਕੈਂਪਸ ਸਥਿਤ ਗੁਰਦੁਆਰਾ ਵਿਖੇ ਅੱਜ ਧਾਰਮਿਕ ਤੇ ਸੰਗੀਤਕ ਵਿੱਦਿਆ ਦੇ ਨਾਲ ਹੋਰਨਾਂ ਭਾਸ਼ਾਵਾਂ ’ਚ ਵਿਦਿਆਰਥੀਆਂ ਨੂੰ ਪ੍ਰਪੱਕ ਬਣਾਉਣ ਦੇ ਮਕਸਦ ਤਹਿਤ ਨਵ-ਸਥਾਪਿਤ ਕੀਤੇ ਗਏ ‘ਗੁਰਮਤਿ ਸਟੱਡੀ ਸੈਂਟਰ’ ਵਿਖੇ ਮੁਫ਼ਤ ਧਾਰਮਿਕ ਕਲਾਸਾਂ ਦੀ ਆਰੰਭਤਾ ਕੀਤੀ ਗਈ।ਕਲਾਸਾਂ ’ਚ ਸੰਗੀਤਕ ਵਿੱਦਿਆ ਹਾਸਲ ਕਰਨ ਵਾਲੇ ਵਿਦਿਆਰਥੀਆਂ ਦੁਆਰਾ ਗੁਰੂ ਜੱਸ ਗਾਇਨ ਕਰਕੇ ਹਾਜ਼ਰ ਸੰਗਤ ਨੂੰ ਨਿਹਾਲ ਕੀਤਾ ਗਿਆ।
ਇਸ ਉਪਰੰਤ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਸਿੱਖ ਕੌਮ ਦੀਆਂ ਧਾਰਮਿਕ ਸਰਗਰਮੀਆਂ ਅਤੇ ਪ੍ਰੰਪਰਾ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਸਿੱਖ ਧਰਮ ਪ੍ਰਚਾਰ ਦੀ ਬਹੁਤ ਘਾਟ ਹੈ, ਕਿਉਂਕਿ ਨਿਪੁੰਨ ਕੀਰਤਨੀਏ ਅਤੇ ਵਿਦਵਾਨ ਨਹੀਂ ਹਨ।ਜਿਸ ਨੂੰ ਧਿਆਨ ’ਚ ਰੱਖਦਿਆਂ ਪ੍ਰਮਾਤਮਾ ਦਾ ਓਟ ਆਸਰਾ ਲੈਂਦਿਆਂ ਗਵਰਨਿੰਗ ਕੌਂਸਲ ਨੇ ਵਿਦਿਆਰਥੀਆਂ ਲਈ ਨਵ-ਸਥਾਪਿਤ ਕੀਤੇ ਉਕਤ ਸੈਂਟਰ ’ਚ ਅੱਜ ਧਾਰਮਿਕ, ਸੰਗੀਤਕ ਅਤੇ ਹੋਰਨਾਂ ਭਾਸ਼ਾਵਾਂ ਦੀਆਂ ਕਲਾਸਾਂ ਦੀ ਸ਼ੁਰੂਆਤ ਕੀਤੀ ਹੈ। ਜਿਸ ’ਚ ਸੈਸ਼ਨ 2022-23 ਤੋਂ ‘ਗੁਰਮਤਿ ਟੀਚਰ ਟ੍ਰੇਨਿੰਗ’ ਸਬੰਧੀ 3 ਸਾਲਾ ਡਿਗਰੀ ਪ੍ਰੋਗਰਾਮ ਆਰੰਭ ਕੀਤਾ ਗਿਆ ਹੈ।
            ਉਨ੍ਹਾਂ ਕਿਹਾ ਕਿ ਇਸ ਕੋਰਸ ’ਚ ਗੁਰਮਤਿ ਸਬੰਧੀ ਗ੍ਰੰਥੀਆਂ, ਪ੍ਰਚਾਰਕਾਂ ਤੇ ਕੀਰਤਨੀਆਂ ਨੂੰ ਬਿਲਕੁੱਲ ਭੇਟਾ ਰਹਿਤ ਸਿਖਲਾਈ ਦਿੱਤੀ ਜਾਵੇਗੀ।ਇਸ ਵਿੱਚ ਅਜੋਕੇ ਯੁੱਗ ਦੀਆਂ ਲੋੜਾਂ ਮੁਤਾਬਿਕ ਪੰਜਾਬੀ, ਅੰਗਰੇਜ਼ੀ ਦੇ ਨਾਲ-ਨਾਲ ਫਰੈਂਚ, ਜਰਮਨ ਤੇ ਉਰਦੂ-ਫ਼ਾਰਸੀ ਵਗੈਰਾ ਦੀ ਵੀ ਸਿਖਾਈ ਜਾਵੇਗੀ।
                ਇਸ ਮੌਕੇ ਖ਼ਾਲਸਾ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ, ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ, ਅੰਡਰ ਸੈਕਟਰੀ ਡੀ.ਐਸ ਰਟੌਲ, ਪ੍ਰੋ: ਆਤਮ ਰੰਧਾਵਾ, ਪ੍ਰੋ: ਭੁਪਿੰਦਰ ਸਿੰਘ ਆਦਿ ਹਾਜ਼ਰ ਸਨ।

Check Also

ਆਤਮ ਪਬਲਿਕ ਸਕੂਲ ਦੇ ਸਲਾਨਾ ਸਮਾਗਮ ‘ਚ ਪੁੱਜੀ ਫਿਲਮੀ ਅਦਾਕਾਰਾ ਗੁਰਪ੍ਰੀਤ ਭੰਗੂ

ਅਮ੍ਰਿਤਸਰ, 2 ਦਸੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਨਾਮਵਰ ਸ਼ਾਇਰ ਮਰਹੂਮ ਦੇਵ ਦਰਦ ਸਾਹਬ …