ਅੰਮ੍ਰਿਤਸਰ, 31 ਅਗਸਤ (ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ‘ਚ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਦੇ ਕੁਸ਼ਲ ਮਾਰਗਦਰਸ਼ਨ ‘ਚ ਵੇਦ ਪ੍ਰਚਾਰ ਸਪਤਾਹ ਦੇ ਆਯੋਜਨ ਦੌਰਾਨ ‘ਸੁਤੰਤਰਤਾ ਸੰਗਰਾਮ ‘ਚ ਆਰਿਆ ਸਮਾਜ ਦਾ ਯੋਗਦਾਨ’ ਵਿਸ਼ੇ ‘ਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ।
ਪਦਮਸ਼੍ਰੀ ਪ੍ਰੋ. (ਡਾ.) ਹਰਮੋਹਿੰਦਰ ਸਿੰਘ ਬੇਦੀ ਚਾਂਸਲਰ, ਕੇਂਦਰੀ ਯੂਨੀਵਰਸਿਟੀ ਧਰਮਸ਼ਾਲਾ, ਹਿਮਾਚਲ ਪ੍ਰਦੇਸ਼ ਇਸ ਸੈਮੀਨਾਰ ‘ਚ ਮੁੱਖ ਬੁਲਾਰੇ ਵਜੋਂ ਪਹੁੰਚੇ।ਮੁੱਖ ਮਹਿਮਾਨ ਡਾ. ਬੇਦੀ ਦਾ ਪੌਦਿਆਂ ਨਾਲ ਸੁਆਗਤ ਕਰਦੇ ਹੋਏ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਵਿਸਥਾਰ ਨਾਲ ਆਰਿਆ ਸਮਾਜ ਦਾ ਅਰਥ ਦੱਸਿਆ। ਉਨਾਂ ਕਿਹਾ ਕਿ ਆਰਿਆ ਸਮਾਜ ਦਾ ਮੂਲ ਉਦੇਸ਼ ਸ੍ਰੇਸ਼ਠ ਸਮਾਜ ਦਾ ਨਿਰਮਾਣ ਕਰਨਾ ਹੈ।ਆਪਣੇ ਸੰਬੋਧਨ ‘ਚ ਪ੍ਰਿੰਸੀਪਲ ਵਾਲੀਆ ਨੇ ਦੱਸਿਆ ਕਿ ਸਵਾਮੀ ਦਿਆਨੰਦ ਸਰਸਵਤੀ ਜਿਸ ਸਮੇਂ ਇਸ ਧਰਤੀ ‘ਤੇ ਆਏ, ਉਸ ਸਮੇਂ ਸਮਾਜ ‘ਚ ਅਨੇਕਾਂ ਹੀ ਕੁਰੀਤੀਆਂ ਫੈਲੀਆਂ ਹੋਈਆਂ ਸਨ, ਚਾਰੇ ਪਾਸੇ ਅਗਿਆਨ ਦਾ ਅੰਧਕਾਰ ਫੈਲਿਆ ਹੋਇਆ ਸੀ।ਸਵਾਮੀ ਜੀ ਨੇ ਇਹਨਾਂ ਸਮਾਜਕ ਕੁਰੀਤੀਆਂ ਦਾ ਖਾਤਮਾ ਕੀਤਾ ਅਤੇ ਸਮਾਜ ਨੂੰ ਗਿਆਨ ਦੇ ਪ੍ਰਕਾਸ਼ ਵੱਲ ਲੈ ਕੇ ਚੱਲੇ।
ਸੈਮੀਨਾਰ ਦੇ ਮੁੱਖ ਵਕਤਾ ਡਾ. ਹਰਮੋਹਿੰਦਰ ਸਿੰਘ ਬੇਦੀ ਨੇ ‘ਸੁਤੰਤਰਤਾ ਅੰਦੋਲਨ ‘ਚ ਆਰਿਆ ਸਮਾਜ ਦਾ ਯੋਗਦਾਨ’ ਵਿਸ਼ੇ ‘ਤੇ ਆਪਣੇ ਸੰਬੋਧਨ ‘ਚ ਕਿਹਾ ਕਿ ਆਰਿਆ ਸਮਾਜ ਦੇ ਬਿਨਾਂ ਭਾਰਤੀ ਸੁਤੰਤਰਤਾ ਦਾ ਇਤਿਹਾਸ ਨਹੀਂ ਲਿਖਿਆ ਜਾ ਸਕਦਾ।ਭਾਰਤ ‘ਚ ਹੋਣ ਵਾਲਾ ਕੋਈ ਵੀ ਅੰਦੋਲਨ ਹੋਵੇ, ਚਾਹੇ ਉਹ ਸਮਾਜ ਸੁਧਾਰ ਦਾ ਅੰਦੋਲਨ ਹੋਵੇ, ਸਵਦੇਸ਼ੀ ਨੂੰ ਅਪਨਾਉਣ ਦਾ ਅੰਦੋਲਨ ਹੋਵੇ, ਸਾਰੇ ਅੰਦੋਲਨਾਂ ‘ਚ ਆਰਿਆ ਸਮਾਜ ਦੀ ਚਿੰਤਨ ਪੱਧਤੀ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ।1857 ਦੀ ਕ੍ਰਾਂਤੀ ਦੀ ਪਿੱਠ ਭੂਮੀ ਤਿਆਰ ਕਰਨ ‘ਚ ਵੀ ਆਰਿਆ ਸਮਾਜ ਅਤੇ ਸਵਾਮੀ ਦਿਆਨੰਦ ਦੀ ਬਹੁਤ ਵੱਡੀ ਦੇਣ ਹੈ।ਸਵਾਮੀ ਦਿਆਨੰਦ ਨੇ ਸਾਨੂੰ ਸਿਖਾਇਆ ਕਿ ਪਰਤੰਤਰਤਾ ਨੂੰ ਕਿਵੇਂ ਸੁਤੰਤਰਤਾ ‘ਚ ਬਦਲਿਆ ਜਾ ਸਕਦਾ ਹੈ।ਆਰਿਆ ਸਮਾਜ ਸਾਨੂੰ ਰੂੜ੍ਹੀਵਾਦੀ ਵਿਚਾਰਾਂ ਅਤੇ ਧਾਰਮਿਕ ਆਡੰਬਰਾਂ ਤੋਂ ਮੁਕਤ ਕਰਦਾ ਹੈ। ਜ਼ਿਕਰਯੋਗ ਹੈ ਕਿ ਵੇਦ ਪ੍ਰਚਾਰ ਸਪਤਾਹ ‘ਚ ਭਜਨ ਗਾਇਨ, ਕਵਿਤਾ ਪਾਠ, ਮੰਤਰ ਉਚਾਰਨ ਪ੍ਰਤੀਯੋਗਿਤਾ, ਆਰਿਆ ਸਮਾਜ ਦੇ ਦੱਸ ਨਿਯਮਾਂ ‘ਤੇ ਅਧਾਰਿਤ ਲਿਖਤ ਪ੍ਰਤੀਯੋਗਿਤਾ, ਹਵਨ ਸਿਖਲਾਈ ਵਰਕਸ਼ਾਪ ਆਦਿ ਗਤੀਵਿਧੀਆਂ ਆਯੋਜਿਤ ਕੀਤੀਆਂ ਗਈਆਂ।
ਇਸ ਮੌਕੇ ਆਰਿਆ ਯੁਵਤੀ ਸਭਾ ਦੇ ਸਾਰੇ ਮੈਂਬਰ ਅਤੇ ਵਿਦਿਆਰਥਣਾਂ ਮੌਜੂਦ ਸਨ।ਡਾ. ਅਨੀਤਾ ਨਰੇਂਦਰ, ਮੁੱਖੀ ਹਿੰਦੀ ਵਿਭਾਗ ਨੇ ਮੰਚ ਸੰਚਾਲਨ ਕੀਤਾ।