Thursday, October 24, 2024

ਸੂਬੇ ਦੇ 25 ਲੱਖ ਪਰਿਵਾਰਾਂ ਦਾ ਬਿਜਲੀ ਬਿਲ ਇਸ ਵਾਰ ਆਇਆ ‘ਜ਼ੀਰੋ’ – ਈ.ਟੀ.ਓ

ਅਗਲੇ ਮਹੀਨਿਆਂ ‘ਚ ਖੱਪਤ ਘਟਣ ਨਾਲ ਹੋਰ ਪਰਿਵਾਰਾਂ ਨੂੰ ਵੀ ਮਿਲੇਗਾ ਲਾਭ

ਅੰਮ੍ਰਿਤਸਰ, 3 ਸਤੰਬਰ (ਸੁਖਬੀਰ ਸਿੰਘ) – ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਜਿੰਨਾ ਕੋਲ ਹੋਰ ਵਿਭਾਗਾਂ ਦੇ ਨਾਲ-ਨਾਲ ਬਿਜਲੀ ਵਿਭਾਗ ਦੀ ਜ਼ਿੰਮੇਵਾਰੀ ਵੀ ਹੈ, ਨੇ ਪੰਜਾਬ ਸਰਕਾਰ ਵੱਲੋਂ ਘਰੇਲੂ ਖਪਤਕਾਰਾਂ ਦੀ ਕੀਤੀ ਗਈ ਬਿਲ ਮੁਆਫ਼ੀ ਬਾਰੇ ਖੁਲਾਸਾ ਕਰਦੇ ਦੱਸਿਆ ਕਿ ਇਸ ਵਾਰ ਸਰਕਾਰ ਵੱਲੋਂ 300 ਯੂਨਿਟ ਪ੍ਰਤੀ ਮਹੀਨਾ ਦਿੱਤੀ ਗਈ ਛੋਟ ਕਾਰਨ ਸੂਬੇ ਦੇ 25 ਲੱਖ ਘਰੇਲੂ ਖੱਪਤਕਾਰਾਂ ਦੇ ਬਿਜਲੀ ਬਿਲ ਜ਼ੀਰੋ ਆਏ ਹਨ।ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਰਭਜਨ ਸਿੰਘ ਨੇ ਕਿਹਾ ਕਿ ਪਹਿਲੀ ਵਾਰ ਹੈ ਕਿ ਸਰਕਾਰ ਸ਼ੁਰੂਆਤੀ ਸਾਲ ਵਿਚ ਹੀ ਆਪਣੇ ਚੋਣ ਵਾਅਦੇ ਪੂਰੇ ਕਰ ਰਹੀ ਹੈ, ਨਹੀਂ ਤਾਂ ਸਰਕਾਰਾਂ ਨਿੱਕੇ-ਨਿੱਕੇ ਚੋਣ ਵਾਅਦੇ ਆਪਣੀ ਸੱਤਾ ਦੇ ਆਖਰੀ ਸਾਲ ਵਿਚ ਹੀ ਪੂਰੇ ਕਰਦੀਆਂ ਰਹੀਆਂ ਹਨ।ਉਨਾਂ ਸਪੱਸ਼ਟ ਕੀਤਾ ਕਿ ਇਸ ਬਿਜਲੀ ਮੁਆਫੀ ਵਿਚ ਕੋਈ ਜਾਤ-ਧਰਮ ਨਾਲ ਵਿਤਕਰਾ ਨਹੀਂ ਕੀਤਾ ਗਿਆ, ਹਰੇਕ ਘਰ ਜੋ 600 ਯੂਨਿਟ ਤੱਕ ਬਿਜਲੀ ਖਪਤ ਕਰੇਗਾ, ਦਾ ਬਿਜਲੀ ਬਿਲ ਜ਼ੀਰੋ ਆਵੇਗਾ।ਇਸ ਤੋਂ ਵੱਧ ਜੋ ਬਿਜਲੀ ਵਰਤੇਗਾ ਉਸ ਨੂੰ ਬਿਜਲੀ ਬਿਲ ਦੇਣਾ ਪਵੇਗਾ।
ਕੈਬਨਿਟ ਮੰਤਰੀ ਈ.ਟੀ.ਓ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੇ ਗਏ 300 ਯੂਨਿਟ ਬਿਜਲੀ ਮੁਆਫੀ ਨਾਲ ਬਿੱਲ ਸਰਕਲ ਦੋ ਮਹੀਨਿਆਂ ਦਾ ਹੋਣ ਕਾਰਨ ਖਪਤਕਾਰਾਂ ਨੂੰ 600 ਯੂਨਿਟ ਮੁਫਤ ਬਿਜਲੀ ਮਿਲੀ, ਜੋ ਕਿ ਇਕ ਆਮ ਘਰ ਦੀ ਲੋੜ ਤੋਂ ਵੱਧ ਹੈ।ਉਨਾਂ ਦੱਸਿਆ ਕਿ ਇਕ ਜੁਲਾਈ ਤੋਂ ਦਿੱਤੀ ਗਈ ਬਿਜਲੀ ਮੁਆਫੀ ਕਾਰਨ ਅਗਸਤ ਮਹੀਨੇ ਜੋ ਬਿਲ ਆਏ ਹਨ, ਉਨਾਂ ਵਿਚੋਂ 25 ਲੱਖ ਖਪਤਕਾਰਾਂ ਨੂੰ ਬਿੱਲ ਨਹੀਂ ਭਰਨਾ ਪਵੇਗਾ। ਉਨਾਂ ਦੱਸਿਆ ਕਿ ਬੀਤੇ ਦਿਨ ਤੱਕ ਕੁੱਲ 72 ਲੱਖ ਘਰੇਲੂ ਖੱਪਤਕਾਰਾਂ ਵਿਚੋਂ 42 ਲੱਖ ਖੱਪਤਕਾਰਾਂ ਨੂੰ ਬਿੱਲ ਭੇਜ ਦਿੱਤਾ ਗਿਆ ਸੀ, ਜਿਸ ਵਿਚੋਂ 25 ਲੱਖ ਪਰਿਵਾਰਾਂ ਨੂੰ ਜ਼ੀਰੋ ਬਿਲ ਆਇਆ ਹੈ।ਇਸ ਤੋਂ ਇਲਾਵਾ 34 ਲੱਖ ਪਰਿਵਾਰਾਂ ਨੂੰ ਤਿੰਨ ਰੁਪਏ ਪ੍ਰਤੀ ਯੂਨਿਟ ਨਾਲ ਰਿਆਇਤੀ ਬਿਜਲੀ ਦਾ ਲਾਭ ਮਿਲਿਆ ਹੈ।ਹਰਭਜਨ ਸਿੰਘ ਨੇ ਕਿਹਾ ਕਿ ਇਹ ਦੋ ਮਹੀਨੇ ਸਖਤ ਗਰਮੀ ਕਾਰਨ ਖਪਤ ਆਮ ਮਹੀਨਿਆਂ ਨਾਲੋਂ ਵੱਧ ਰਹਿੰਦੀ ਹੈ, ਸੋ ਗਰਮੀ ਘੱਟ ਹੋਣ ਕਾਰਨ ਆਉਣ ਵਾਲੇ ਮਹੀਨਿਆਂ ਵਿਚ ਕਰੀਬ 85 ਫੀਸਦੀ ਖੱਪਤਕਾਰਾਂ ਨੂੰ ਬਿਜਲੀ ਮੁਆਫੀ ਦਾ ਲਾਭ ਮਿਲੇਗਾ।
ਇਸ ਮੌਕੇ ਬਿਜਲੀ ਅਧਿਕਾਰੀ ਜਤਿੰਦਰ ਸਿੰਘ ਤੇ ਹੋਰ ਪਤਵੰਤੇ ਵੀ ਹਾਜ਼ਰ ਸਨ।

Check Also

ਚੇਤਨਾ ਪ੍ਰੀਖਿਆ ਸਫਲਤਾ ਪੂਰਵਕ ਸੰਪਨ

ਸੰਗਰੂਰ, 24 ਅਕਤੂਬਰ (ਜਗਸੀਰ ਲੌਂਗੋਵਾਲ) – ਬੱਚਿਆਂ ਵਿੱਚ ਵਿਗਿਆਨਕ ਚੇਤਨਾ ਵਿਕਸਤ ਕਰਨ, ਉਨ੍ਹਾਂ ਨੂੰ ਅੰਧਵਿਸ਼ਵਾਸ਼ਾਂ, …