Sunday, January 26, 2025

ਪੰਜਾਬੀ ਭਾਸ਼ਾ ‘ਚ ਇੰਜੀਨੀਅਰਿੰਗ ਵਿਸ਼ੇ ਦੀ ਤਕਨੀਕੀ ਸ਼ਬਦਾਵਲੀ ਦਾ ਨਿਰਮਾਣ ਹਿੱਤ ਤੀਜ਼ੀ ਪੰਜ-ਰੋਜ਼ਾ ਵਰਕਸ਼ਾਪ ਸੰਪਨ

55 ਹਜ਼ਾਰ ਤਕਨੀਕੀ ਸ਼ਬਦਾਂ ਦਾ ਪੰਜਾਬੀ ਕੋਸ਼ ਤਿਆਰ ਕਰਨ ਦਾ ਟੀਚਾ ਪੂਰਾ
ਅੰਮ੍ਰਿਤਸਰ, 14 ਸਤੰਬਰ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਪੰਜਾਬੀ ਭਾਸ਼ਾ ਵਿਚ ਇੰਜੀਨੀਅਰਿੰਗ ਵਿਸ਼ੇ ਦੀ ਤਕਨੀਕੀ ਸ਼ਬਦਾਵਲੀ ਦਾ ਨਿਰਮਾਣ ਕਰਨ ਹਿਤ ਕਰਵਾਈ ਗਈ ਤੀਜੀ ਪੰਜ-ਰੋਜ਼ਾ ਵਰਕਸ਼ਾਪ ਦੇ ਕੋਆਰਡੀਨੇਟਰ ਅਤੇ ਪੰਜਾਬੀ ਅਧਿਐਨ ਸਕੂਲ ਦੇ ਮੁਖੀ ਡਾ. ਮਨਜਿੰਦਰ ਸਿੰਘ ਨੇ ਕਿਹਾ ਹੈ ਕਿ ਵਿਗਿਆਨਕ ਤੇ ਤਕਨੀਕੀ ਸ਼ਬਦਾਵਲੀ ਕਮਿਸ਼ਨ ਵਲੋਂ ਪਚਵੰਜਾ ਹਜ਼ਾਰ ਤਕਨੀਕੀ ਸ਼ਬਦਾਂ ਦਾ ਪੰਜਾਬੀ ਕੋਸ਼ ਤਿਆਰ ਕਰਨ ਦਾ ਟੀਚਾ ਰੱਖਿਆ ਸੀ, ਜੋ ਕਿ ਪੂਰਾ ਹੋਇਆ ਹੈ।ਇਹ ਬੜੀ ਮਾਣ ਵਾਲੀ ਗੱਲ ਹੈ ਕਿ ਪੈਤੀ ਹਜ਼ਾਰ ਤੋਂ ਵੱਧ ਤਕਨੀਕੀ ਸ਼ਬਦਾਵਲੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਲਗਾਈਆਂ ਗਈਆਂ ਵਰਕਸ਼ਾਪਾਂ ਵਿਚ ਤਿਆਰ ਕੀਤੀ ਗਈ ਹੈ।ਉਹਨਾਂ ਕਿਹਾ ਕਿ ਨਵੀਂ ਸਿੱਖਿਆ ਨੀਤੀ ਵਿਚ ਵਿਗਿਆਨ ਤੇ ਤਕਨੀਕੀ ਸਿੱਖਿਆ ਨੂੰ ਖੇਤਰੀ ਭਾਸ਼ਾਵਾਂ ਵਿਚ ਗ੍ਰਹਿਣ ਕਰਨਯੋਗ ਬਣਾਉਣ ਲਈ ਖ਼ਾਸ ਤਵੱਜੋਂ ਦਿੱਤੀ ਗਈ ਹੈ।ਉਹਨਾਂ ਕਿਹਾ ਕਿ ਤਿਆਰ ਕੀਤੀ ਇਹ ਸ਼ਬਦਾਵਲੀ ਇੰਜੀਨੀਅਰਿੰਗ ਦੀ ਸਿੱਖਿਆ ਪੰਜਾਬੀ ਵਿਚ ਗ੍ਰਹਿਣ ਕਰਨ ਲਈ ਬੁਨਿਆਦੀ ਭੂਮਿਕਾ ਨਿਭਾਵੇਗੀ।
ਇਸ ਵਰਕਸ਼ਾਪ ਦਾ ਆਯੋਜਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਵਿਗਿਆਨਕ ਅਤੇ ਤਕਨੀਕੀ ਸ਼ਬਦਾਵਲੀ ਕਮਿਸ਼ਨ (ਸਿੱਖਿਆ ਮੰਤਰਾਲਾ, ਭਾਰਤ ਸਰਕਾਰ) ਨਵੀਂ ਦਿੱਲੀ ਵੱਲੋਂ ਸਾਂਝੇ ਤੌਰ `ਤੇ ਕਰਵਾਇਆ ਗਿਆ ਸੀ।ਉਪਕੁਲਪਤੀ ਪ੍ਰੋ. ਜਸਪਾਲ ਸਿੰਘ ਸੰਧੂ ਦੀ ਸਰਪ੍ਰਤੀ ਹੇਠ ਸੰਪਨ ਹੋਈ ਇਸ ਵਰਕਸ਼ਾਪ ਦੀ ਕਾਰਵਾਈ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਦੇ ਕਮੇਟੀ ਰੂਮ ‘ਚ ਹੋਈ।
ਸਮਾਪਤੀ ਸਮਾਗਮ ਵਿਚ ਡਾ. ਅਨੀਸ਼ ਦੂਆ ਡੀਨ ਵਿਦਿਆਰਥੀ ਭਲਾਈ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਵਿਗਿਆਨ ਅਤੇ ਤਕਨੀਕੀ ਸ਼ਬਦਾਵਲੀ ਕਮਿਸ਼ਨ ਨਵੀਂ ਦਿੱਲੀ ਤੋਂ ਅਸ਼ੋਕ ਸਿਲਵਟਕਰ ਅਸਿਸਟੈਂਟ ਡਾਇਰੈਕਟਰ ਅਤੇ ਸ਼ੈਲੇਂਦਰ ਸਿੰਘ ਸਾਈਂਟੀਫ਼ਿਕ ਅਫ਼ਸਰ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ।
ਡਾ. ਅਨੀਸ਼ ਦੂਆ ਨੇ ਕਿਹਾ ਕਿ ਗਿਆਨ/ਵਿਗਿਆਨ ਦੇ ਵਿਕਾਸ ਵਿੱਚ ਮਾਤ ਭਾਸ਼ਾ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ।ਉਨ੍ਹਾਂ ਨੇ ਇਸ ਵਰਕਸ਼ਾਪ ਵਿੱਚ ਘੜੀ ਗਈ ਸ਼ਬਦਾਵਲੀ ਨੂੰ ਖੋਜ, ਗਿਆਨ ਅਤੇ ਅਕਾਦਮਿਕਤਾ ਦੇ ਨਾਲ-ਨਾਲ ਜਨ ਸਾਧਾਰਨ ਨਾਲ ਜੋੜਨ ਦੇ ਮਹੱਤਵ ਨੂੰ ਵੀ ਉਜਾਗਰ ਕੀਤਾ।
ਅਸ਼ੋਕ ਸ਼ਿਲਵਟਕਰ ਨੇ ਯੂਨੀਵਰਸਿਟੀ ਵਲੋਂ ਇਸ ਵਰਕਸ਼ਾਪ ਦੇ ਸਫ਼ਲ ਆਯੋਜਨ ਲਈ ਉਪਕੁਲਪਤੀ ਡਾ. ਜਸਪਾਲ ਸਿੰਘ ਸੰਧੂ ਦਾ ਧੰਨਵਾਦ ਕੀਤਾ।
ਡਿਪਟੀ ਕੋਆਰਡੀਨੇਟਰ ਡਾ. ਰਵਿੰਦਰ ਕੁਮਾਰ, ਅਸਿਸਟੈਂਟ ਪ੍ਰੋਫ਼ੈਸਰ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ ਨੇ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਉਪਰੋਕਤ ਵਿਸ਼਼ੇ ਸਬੰਧੀ ਆਯੋਜਿਤ ਕੀਤੀ ਇਹ ਤੀਜੀ ਵਰਕਸ਼ਾਪ ਸੀ।ਉਹਨਾਂ ਨੇ ਵਰਕਸ਼ਾਪ ਵਿੱਚ ਪਹੁੰਚੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਵੀ ਕੀਤਾ।ਵਰਕਸ਼ਾਪ ਦੇ ਸਮਾਪਤੀ ਦਾ ਮੰਚ ਸੰਚਾਲਨ ਡਾ. ਹਰਿੰਦਰ ਕੌਰ ਸੋਹਲ ਨੇ ਕੀਤਾ।
ਇਸ ਮੌਕੇ ਡਾ. ਰਮਿੰਦਰ ਕੌਰ, ਡਾ. ਰਾਜਵਿੰਦਰ ਸਿੰਘ (ਪੰਜਾਬੀ ਯੂਨੀਵਰਸਿਟੀ ਪਟਿਆਲਾ), ਡਾ. ਮੇਘਾ ਸਲਵਾਨ, ਡਾ. ਪਵਨ ਕੁਮਾਰ, ਡਾ. ਕੰਵਲਦੀਪ ਕੌਰ, ਡਾ. ਇੰਦਰਪ੍ਰੀਤ ਕੌਰ, ਡਾ. ਜਸਪਾਲ ਸਿੰਘ, ਡਾ. ਗੁਰਪ੍ਰੀਤ ਸਿੰਘ ਬੁੱਟਰ ਅਤੇ ਪੰਜਾਬ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਤੇ ਇੰਜੀਨੀਅਰਿੰਗ ਸੰਸਥਾਵਾਂ ਵਿਚੋਂ ਪੰਜਾਬੀ ਭਾਸ਼ਾ ਅਤੇ ਇੰਜੀਨੀਅਰਿੰਗ ਦੇ ਮਾਹਿਰ ਵਿਦਵਾਨ ਅਤੇ ਖੋਜ਼ੀ ਵਿਦਿਆਰਥੀ ਹਾਜ਼ਰ ਸਨ।

 

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਵਿਖੇ ਮੋਬਾਇਲ ਫੋਨ ਸੁਵਿਧਾ ਜਾਂ ਦੁਵਿਧਾ ’ਤੇ ਲੈਕਚਰ

ਅੰਮ੍ਰਿਤਸਰ, 25 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ …