ਅੰਮ੍ਰਿਤਸਰ, 30 ਸਤੰਬਰ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਕਮੇਟੀ ਦੇ ਵਿਸ਼ੇਸ਼ ਇਜਲਾਸ ਦੌਰਾਨ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸੰਬੋਧਨ ਕਰਦਿਆਂ ਆਖਿਆ ਕਿ ਸ਼੍ਰੋਮਣੀ ਕਮੇਟੀ ਨੂੰ ਤੋੜਨ ਵਾਲੀਆਂ ਕਾਰਵਾਈਆਂ ਬਿਲਕੁਲ ਗਲਤ ਹਨ, ਪਰੰਤੂ ਇਸ ਸੰਕਟ ਸਮੇਂ ਸਿੱਖ ਸ਼ਕਤੀ ਨੂੰ ਇਕੱਤਰ ਰੱਖਣ ਦੇ ਨਾਲ-ਨਾਲ ਭਾਈਚਾਰਕ ਸਾਂਝ ਦਾ ਖਿਆਲ ਰੱਖਣਾ ਵੀ ਲਾਜ਼ਮੀ ਹੈ।ਉਨ੍ਹਾਂ ਆਖਿਆ ਕਿ ਇਸ ਮਾਮਲੇ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਵਿਸ਼ੇਸ਼ ਬੈਠਕ ਜਲਦ ਸੱਦੀ ਜਾਵੇਗੀ ਅਤੇ ਗਹਿਰਾ ਵਿਚਾਰ ਵਟਾਂਦਰਾ ਕੀਤਾ ਜਾਵੇਗਾ।
ਇਜਲਾਸ ਸਮੇਂ ਵੱਖ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਵੱਖਰੀ ਹਰਿਆਣਾ ਕਮੇਟੀ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਸਮੇਂ-ਸਮੇਂ ਸਰਕਾਰਾਂ ਨੇ ਸਿੱਖਾਂ ਨਾਲ ਵੱਡੀਆਂ ਵਧੀਕੀਆਂ ਤੇ ਧੋਖੇ ਕੀਤੇ ਹਨ, ਜਿਸ ਨਾਲ ਸਿੱਖਾਂ ਅੰਦਰ ਸਦਾ ਭਾਰੀ ਰੋਸ ਰਿਹਾ ਹੈ। ਮੌਜੂਦਾ ਸਮੇਂ ਵੀ ਘੱਟਗਿਣਤੀ ਸਿੱਖਾਂ ਦੇ ਮਾਮਲਿਆਂ ਨੂੰ ਜਾਣਬੁੱਝ ਕੇ ਉਲਝਾਇਆ ਜਾ ਰਿਹਾ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਬੁਲਾਰਿਆਂ ਨੇ ਕਿਹਾ ਕਿ ਹਰਿਆਣਾ ਕਮੇਟੀ ਐਕਟ ਨੂੰ ਮਾਨਤਾ ਨਿਰੋਲ ਰਾਜਸੀ ਹਿੱਤਾਂ ਤੋਂ ਪ੍ਰੇਰਿਤ ਹੈ, ਜਿਸ ਵਿਰੁੱਧ ਸ਼ਾਂਤ ਨਹੀਂ ਬੈਠਿਆ ਜਾਵੇਗਾ।ਸੰਬੋਧਨ ਕਰਨ ਵਾਲਿਆਂ ਵਿਚ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਭਾਈ ਗੋਬਿੰਦ ਸਿੰਘ ਲੌਂਗੋਵਾਲ, ਜਨਰਲ ਸਕੱਤਰ ਜਥੇਦਾਰ ਕਰਨੈਲ ਸਿੰਘ ਪੰਜੋਲੀ, ਸਰਵਨ ਸਿੰਘ ਕੁਲਾਰ, ਭਾਈ ਰਜਿੰਦਰ ਸਿੰਘ ਮਹਿਤਾ, ਭਾਈ ਗੁਰਚਰਨ ਸਿੰਘ ਗਰੇਵਾਲ, ਭਾਈ ਅਮਰਜੀਤ ਸਿੰਘ ਚਾਵਲਾ, ਭਾਈ ਮਨਜੀਤ ਸਿੰਘ ਭੂਰਾਕੋਹਨਾ, ਭਾਈ ਰਾਮ ਸਿੰਘ, ਬਲਦੇਵ ਸਿੰਘ ਕਾਇਮਪੁਰ, ਬੀਬੀ ਕਿਰਨਜੋਤ ਕੌਰ, ਕੁਲਵੰਤ ਸਿੰਘ ਮੰਨਣ, ਸੁਰਿੰਦਰ ਸਿੰਘ ਭੁਲੇਵਾਲ ਰਾਠਾਂ, ਹਰਪਾਲ ਸਿੰਘ ਜੱਲਾ, ਗੁਰਬਚਨ ਸਿੰਘ ਕਰਮੂਵਾਲਾ, ਭਾਈ ਅਜਾਇਬ ਸਿੰਘ ਅਭਿਆਸੀ, ਗੁਰਪ੍ਰੀਤ ਸਿੰਘ ਝੱਬਰ ਸ਼ਾਮਲ ਸਨ।
ਇਸ ਤੋਂ ਇਲਾਵਾ ਐਡੋਵਕੇਟ ਭਗਵੰਤ ਸਿੰਘ ਸਿਆਲਕਾ, ਜਰਨੈਲ ਸਿੰਘ ਡੋਗਰਾਂਵਾਲਾ, ਗੁਰਮੀਤ ਸਿੰਘ ਬੂਹ, ਸਤਵਿੰਦਰ ਸਿੰਘ ਟੌਹੜਾ, ਭੁਪਿੰਦਰ ਸਿੰਘ ਭਲਵਾਨ, ਬਲਜੀਤ ਸਿੰਘ ਜਲਾਲਉਸਮਾਂ ਨੇ ਇਕੱਤਰਤਾ ਵਿਚ ਮਤੇ ਪੇਸ਼ ਕੀਤੇ, ਜਿਨ੍ਹਾਂ ਨੂੰ ਸਮੂਹ ਮੈਂਬਰਾਂ ਨੇ ਜੈਕਾਰਿਆਂ ਦੀ ਗੂੰਜ ਵਿਚ ਪ੍ਰਵਾਨਗੀ ਦਿੱਤੀ।
Check Also
ਪਫ਼ਟਾ ਵਲੋਂ ਪੰਜਾਬ ਪੁਲਿਸ ਨੂੰ ਸਮਰਪਿਤ ‘ਗੁਲਦਸਤਾ’ ਪ੍ਰੋਗਰਾਮ ਦਾ ਆਯੋਜਨ
ਮੁੱਖ ਮੰਤਰੀ ਮਾਨ ਨੇ ਸੂਬੇ ਦੀ ਨਿਰਸਵਾਰਥ ਸੇਵਾ ਲਈ ਪੰਜਾਬ ਪੁਲਿਸ ਦੀ ਕੀਤੀ ਸ਼ਲਾਘਾ ਜਲੰਧਰ …