ਮੁੱਖ ਮਹਿਮਾਨ ਵਜੋਂ ਪਹੁੰਚੇ ਕੈਬਨਿਟ ਮੰਤਰੀ ਅਮਨ ਅਰੋੜਾ
ਸੰਗਰੂਰ, 17 ਅਕਤੂਬਰ (ਜਗਸੀਰ ਲੌਂਗੋਵਾਲ) – ਸੰਗਰੂਰ ਵਿਖੇ ਚੱਲ ਰਹੇ ਖੇਤਰੀ ਸਰਸ ਮੇਲੇ ਵਿੱਚ ਬੀਤੀ ਸ਼ਾਮ ਰਣਜੀਤ ਬਾਵਾ ਨੇ ਆਪਣੇ ਚਰਚਿਤ ਗੀਤਾਂ ਨਾਲ ਦਰਸ਼ਕਾਂ ਦਾ ਭਰਪੂਰ ਮਨੋਰਜ਼ਨ ਕੀਤਾ।ਦਰਸ਼ਕਾਂ ਦੇ ਠਾਠਾਂ ਮਾਰਦੇ ਇਕੱਠ ਤੋਂ ਪ੍ਰਭਾਵਿਤ ਹੁੰਦਿਆਂ ਗਾਇਕ ਰਣਜੀਤ ਬਾਵਾ ਨੇ ਖੁੱਲ੍ਹਦਿਲੀ ਨਾਲ ਗਾਇਆ ਅਤੇ ਲੋਕਾਂ ਦੀ ਫਰਮਾਇਸ਼ ਨੂੰ ਕਬੂਲ ਕਰਦਿਆਂ ਸ਼ਾਨਦਾਰ ਪੇਸ਼ਕਾਰੀ ਕੀਤੀ।
ਸਟਾਰ ਨਾਈਟ ਦੌਰਾਨ ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਅਮਨ ਅਰੋੜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਉਨ੍ਹਾਂ ਜਿਲ੍ਹਾ ਪ੍ਰਸ਼ਾਸ਼ਨ ਦੇ ਉਦਮ ਦੀ ਸ਼ਲਾਘਾ ਕੀਤੀ ਅਤੇ ਦੇਸ਼ ਦੀਆਂ ਵਿਰਾਸਤੀ ਕਲਾਵਾਂ ਅਤੇ ਸਭਿਆਚਾਰਕ ਤੰਦਾਂ ਨੂੰ ਮਜ਼ਬੂਤ ਕਰਨ ਦੀ ਦਿਸ਼਼ਾ ਵਿੱਚ ਸਰਸ ਮੇਲੇ ਨੂੰ ਇੱਕ ਸਾਰਥਕ ਕਦਮ ਦੱਸਿਆ।ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ, ਐਸ.ਐਸ.ਪੀ ਮਨਦੀਪ ਸਿੰਘ ਸਿੱਧੂ, ਏ.ਡੀ.ਸੀ ਵਰਜੀਤ ਵਾਲੀਆ, ਏ.ਡੀ.ਸੀ ਅਨਮੋਲ ਸਿੰਘ ਧਾਲੀਵਾਲ, ਸੀਨੀਅਰ ਆਗੂ ਗੁਰਮੇਲ ਸਿੰਘ ਘਰਾਚੋਂ ਸਮੇਤ ਹੋਰ ਪ੍ਰਸ਼ਾਸਨਿਕ, ਜ਼ੁਡੀਸ਼ੀਅਲ ਅਤੇ ਹੋਰ ਸ਼ਖ਼ਸ਼ੀਅਤਾਂ ਵੀ ਹਾਜ਼ਰ ਸਨ।
ਸਟਾਰ ਨਾਈਟ ਦੌਰਾਨ ਗਾਇਕ ਰਣਜੀਤ ਬਾਵਾ ਨੇ ਹੈਵੀ ਵੇਟ ਭੰਗੜਾ, ਮਿਰਜ਼ਾ, ਯਾਰੀ ਚੰਡੀਗੜ੍ਹ ਵਾਲੀਏ, ਜੁੱਤੀ ਕਸੂਰੀ, ਵੰਝਲੀ ਵਾਜਾ ਆਦਿ ਸਮੇਤ ਹੋਰ ਗੀਤਾਂ ਨਾਲ ਲਗਭਗ ਦੋ ਘੰਟੇ ਚੰਗਾ ਰੰਗ ਬੰਨ੍ਹਿਆ।
ਖ਼ੇਤਰੀ ਸਰਸ ਮੇਲੇ ਦੌਰਾਨ ਸਵੇਰ ਤੋਂ ਸ਼ਾਮ ਤੱਕ ਲੋਕਾਂ ਨੇ ਖੂਬ ਅਨੰਦ ਮਾਣਿਆ ਅਤੇ ਵੱਖ ਵੱਖ ਰਾਜਾਂ ਦੇ ਸ਼ਿਲਪਕਾਰਾਂ ਵਲੋਂ ਤਿਆਰ ਕੀਤੇ ਸਮਾਨ ਦੀ ਖਰੀਦਦਾਰੀ ਕੀਤੀ।ਰਣਬੀਰ ਕਾਲਜ ਦੇ ਖੇਡ ਮੈਦਾਨ ਵਿੱਚ ਸਰਸ ਮੇਲੇ ਤਹਿਤ ਲਗਾਏ ਗਏ ਵੰਨ ਸੁਵੰਨੇ ਝੂਲੇ ਵੀ ਆਕਰਸ਼ਣ ਦਾ ਕੇਂਦਰ ਬਣੇ ਰਹੇ।