ਐਡਵੋਕੇਟ ਧਾਮੀ ਨੂੰ 104 ਅਤੇ ਬੀਬੀ ਜਗੀਰ ਕੌਰ ਨੂੰ ਮਿਲੀਆਂ 42 ਵੋਟਾਂ
ਅੰਮ੍ਰਿਤਸਰ, 9 ਨਵੰਬਰ (ਜਗਦੀਪ ਸਿੰਘ ਸੱਗੂ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੀ ਸਾਲਾਨਾ ਚੋਣ ਲਈ ਇਥੇ ਹੋਏ ਜਨਰਲ ਇਜਲਾਸ ਦੌਰਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਚੁਣੇ ਗਏ। ਉਨ੍ਹਾਂ ਨੇ ਹੋਈਆਂ ਵੋਟਾਂ ਦੌਰਾਨ ਬੀਬੀ ਜਗੀਰ ਕੌਰ ਨੂੰ ਵੱਡੇ ਫ਼ਰਕ ਨਾਲ ਹਰਾ ਕੇ ਜਿੱਤ ਹਾਸਲ ਕੀਤੀ। ਐਡਵੋਕੇਟ ਧਾਮੀ ਲਗਾਤਾਰ ਦੂਸਰੀ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਅੱਜ ਹੋਏ ਇਜਲਾਸ ਦੌਰਾਨ ਮੈਂਬਰ ਅਲਵਿੰਦਰਪਾਲ ਸਿੰਘ ਪੱਖੋਕੇ ਨੇ ਐਡਵੋਕੇਟ ਹਰਜਿੰਦਰ ਸਿੰਘ ਦਾ ਨਾਂ ਪ੍ਰਧਾਨਗੀ ਲਈ ਪੇਸ਼ ਕੀਤਾ, ਜਿਸ ਦੀ ਤਾਈਦ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਅਤੇ ਤਾਈਦ ਮਜੀਦ ਨਵਤੇਜ ਸਿੰਘ ਕਾਉਣੀ ਨੇ ਕੀਤੀ।ਇਸੇ ਦੌਰਾਨ ਅਮਰੀਕ ਸਿੰਘ ਸ਼ਾਹਪੁਰ ਨੇ ਬੀਬੀ ਜਗੀਰ ਕੌਰ ਦਾ ਨਾਂ ਪ੍ਰਧਾਨਗੀ ਪਦ ਲਈ ਪੇਸ਼ ਕੀਤਾ, ਜਿਸ ’ਤੇ ਹੋਈਆਂ ਵੋਟਾਂ ਮਗਰੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੇਤੂ ਰਹੇ। ਕੁੱਲ ਪਈਆਂ 146 ਵੋਟਾਂ ਵਿੱਚੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ 104 ਅਤੇ ਬੀਬੀ ਜਗੀਰ ਕੌਰ ਨੂੰ 42 ਵੋਟਾਂ ਪ੍ਰਾਪਤ ਹੋਈਆਂ।
ਕਾਇਮਪੁਰ ਸੀਨੀ. ਮੀਤ ਪ੍ਰਧਾਨ, ਰਿਆ ਜੂਨੀਅਰ ਮੀਤ ਪ੍ਰਧਾਨ ਤੇ ਭਾਈ ਗਰੇਵਾਲ ਬਣੇ ਜਨਰਲ ਸਕੱਤਰ
ਜਨਰਲ ਇਜਲਾਸ ਦੌਰਾਨ ਬਲਦੇਵ ਸਿੰਘ ਕਾਇਮਪੁਰ ਸੀਨੀਅਰ ਮੀਤ ਪ੍ਰਧਾਨ, ਅਵਤਾਰ ਸਿੰਘ ਰਿਆ ਜੂਨੀਅਰ ਮੀਤ ਪ੍ਰਧਾਨ ਅਤੇ ਭਾਈ ਗੁਰਚਰਨ ਸਿੰਘ ਗਰੇਵਾਲ ਨੂੰ ਜਨਰਲ ਸਕੱਤਰ ਚੁਣਿਆ ਗਿਆ। ਇਸ ਤੋਂ ਇਲਾਵਾ 11 ਮੈਂਬਰੀ ਅੰਤ੍ਰਿੰਗ ਕਮੇਟੀ ਵਿਚ ਮੋਹਨ ਸਿੰਘ ਬੰਗੀ, ਜਰਨੈਲ ਸਿੰਘ ਕਰਤਾਰਪੁਰ, ਸੁਰਜੀਤ ਸਿੰਘ ਤੁਗਲਵਾਲ, ਬਾਵਾ ਸਿੰਘ ਗੁਮਾਨਪੁਰਾ, ਬੀਬੀ ਗੁਰਿੰਦਰ ਕੌਰ ਭੋਲੂਵਾਲਾ, ਗੁਰਨਾਮ ਸਿੰਘ ਜੱਸਲ, ਪਰਮਜੀਤ ਸਿੰਘ ਖਾਲਸਾ, ਸ਼ੇਰ ਸਿੰਘ ਮੰਡਵਾਲਾ, ਬਾਬਾ ਗੁਰਪ੍ਰੀਤ ਸਿੰਘ ਰੰਧਾਵਾ, ਭੁਪਿੰਦਰ ਸਿੰਘ ਅਸੰਧ ਤੇ ਮਲਕੀਤ ਸਿੰਘ ਚੰਗਾਲ ਨੂੰ ਲਿਆ ਗਿਆ ਹੈ।
ਸ਼੍ਰੋਮਣੀ ਕਮੇਟੀ ਪ੍ਰਧਾਨ ਚੁਣੇ ਜਾਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਦੀ ਅੱਜ ਦੀ ਚੋਣ ਅਤਿ ਅਹਿਮ ਸੀ, ਕਿਉਂਕਿ ਇਸ ਵਿਚ ਕੇਂਦਰ ਦੀ ਭਾਜਪਾ ਸਰਕਾਰ, ਆਰ.ਐਸ.ਐਸ, ਉਚੇਚੇ ਤੌਰ ’ਤੇ ਘਟਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ, ਪੰਜਾਬ ਤੇ ਹਰਿਆਣਾ ਸਰਕਾਰ ਦੇ ਨਾਲ-ਨਾਲ ਕਾਂਗਰਸ ਦੀ ਪੂਰੀ ਤਾਕਤ ਇਕਸੁਰਤਾ ਨਾਲ ਸ਼੍ਰੋਮਣੀ ਕਮੇਟੀ ਮੈਂਬਰਾਂ ’ਤੇ ਦਬਾ ਪਾ ਕੇ ਹਰ ਹੀਲੇ ਸ਼੍ਰੋਮਣੀ ਅਕਾਲੀ ਦਲ ਦੇ ਵਿਰੋਧ ’ਚ ਭੁਗਤਣ ਲਈ ਕਹਿ ਰਹੇ ਸਨ। ਪਰੰਤੂ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਸਿੱਖ ਸੰਸਥਾ ਨੂੰ ਤੋੜਨ ਵਾਲੀਆਂ ਸ਼ਕਤੀਆਂ ਨੂੰ ਮੂੰਹ ਤੋੜ ਜਵਾਬ ਦਿੰਦਿਆਂ ਵੱਡੀ ਗਿਣਤੀ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਵੋਟਾਂ ਪਾ ਕੇ ਕਾਮਯਾਬ ਕੀਤਾ ਹੈ।ਉਨ੍ਹਾਂ ਕਿਹਾ ਕਿ ਇਸ ਜਿੱਤ ਦਾ ਸਿਹਰਾ ਸ਼੍ਰੋਮਣੀ ਕਮੇਟੀ ਦੇ ਉਨ੍ਹਾਂ ਸਾਰੇ ਮੈਂਬਰਾਂ ਨੂੰ ਜਾਂਦਾ ਹੈ, ਜਿਨ੍ਹਾਂ ਨੇ ਵਿਪਰੀਤ ਹਾਲਾਤ ਦੇ ਬਾਵਜੂਦ ਵੀ ਦ੍ਰਿੜ੍ਹ ਰਹਿਣ ਦਾ ਸੰਕਲਪ ਕੀਤਾ।ਐਡਵੋਕੇਟ ਧਾਮੀ ਪ੍ਰਧਾਨ ਚੁਣੇ ਜਾਣ ’ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦਿਆਂ ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਨਾਲ-ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਦਲ ਦੇ ਸਮੁੱਚੇ ਆਗੂਆਂ ਦਾ ਵੀ ਧੰਨਵਾਦ ਕੀਤਾ।
ਇਸ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਕਿਹਾ ਕਿ ਉਹ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਦੀਆਂ ਪ੍ਰੰਪਰਾਵਾਂ ਤੇ ਰਵਾਇਤਾਂ ਦੀ ਰੌਸ਼ਨੀ ਵਿਚ ਸਿੱਖ ਪੰਥ ਦੇ ਮਸਲਿਆਂ ਦੀ ਪੈਰਵਾਈ ਦੇ ਨਾਲ-ਨਾਲ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਾਲੇ ਗੁਰਦੁਆਰਾ ਸਾਹਿਬਾਨ ਅਤੇ ਹੋਰ ਅਦਾਰਿਆਂ ਦੀ ਸੇਵਾ-ਸੰਭਾਲ ਲਈ ਦਿਨ ਰਾਤ ਇਕ ਕਰਨਗੇ।ਉਨ੍ਹਾਂ ਕਿਹਾ ਕਿ ਪ੍ਰਬੰਧਕੀ ਕੰਮ-ਕਾਜ ਨੂੰ ਹੋਰ ਚੁਸਤ ਦਰੁੱਸਤ ਬਣਾਉਣ ਲਈ ਸਮੇਂ ਦੇ ਹਾਣ ਦੀਆਂ ਤਰਜੀਹਾਂ ਅਨੁਸਾਰ ਅੱਗੇ ਵਧਿਆ ਜਾਵੇਗਾ। ਧਰਮ ਪ੍ਰਚਾਰ, ਸਿਖਿਆ ਅਤੇ ਲੋਕ ਭਲਾਈ ਦੇ ਕਾਰਜ ਨਿਰੰਤਰ ਜਾਰੀ ਰੱਖੇ ਜਾਣਗੇ। ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਕਾਰਜਸ਼ੀਲ ਜਥੇਬੰਦੀਆਂ ਅਤੇ ਸਭਾ-ਸੁਸਾਇਟੀਆਂ ਦਾ ਸਹਿਯੋਗ ਲੈ ਕੇ ਚੱਲਿਆ ਜਾਵੇਗਾ।