Monday, September 16, 2024

ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ ਸਲਾਨਾ ਸਮਾਗਮ ਕਰਵਾਇਆ

ਭੀਖੀ, 2 ਦਸੰਬਰ (ਕਮਲ ਜ਼ਿੰਦਲ) – ਸਰਵਹਿੱਤਕਾਰੀ ਵਿੱਦਿਆ ਮੰਦਰ ਸੀ.ਬੀ.ਐਸ.ਈ ਭੀਖੀ ਵਿਖੇ ਸਲਾਨਾ ਸਮਾਗਮ “ਅਲੰਕਾਰ 2022” ਕਰਵਾਇਆ ਗਿਆ।ਜਿਸ ਵਿੱਚ ਨਰਸਰੀ ਤੋਂ ਦੂਸਰੀ ਜਮਾਤ ਤੱਕ ਦੇ ਬੱਚਿਆਂ ਨੇ ਭਾਗ ਲਿਆ।ਸਮਾਗਮ ਦੇ ਮੁੱਖ ਮਹਿਮਾਨ ਡਾ. ਅਮਿਤ ਕਾਂਸਲ ਡਾਇਰੈਕਟਰ, ਐਨ.ਐਚ.ਪੀ.ਸੀ ਊਰਜਾ ਮੰਤਰਾਲਾ, ਭਾਰਤ ਸਰਕਾਰ ਸਨ।ਪ੍ਰਾਰਥਨਾ ਤੋਂ ਬਾਅਦ ਸਕੂਲ ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ ਦੁਆਰਾ ਮੁੱਖ ਮਹਿਮਾਨ ਨੂੰ ‘ਜੀ ਆਇਆਂ’ ਕਿਹਾ ਗਿਆ।ਨਰਸਰੀ ਤੋਂ ਲੈ ਕੇ ਦੂਸਰੀ ਜਮਾਤ ਤੱਕ ਦੇ ਬੱਚਿਆਂ ਦੁਆਰਾ ਡਾਂਸ, ਕੋਰੀਓਗ੍ਰਾਫੀ, ਗੀਤ, ਦੇਸ਼-ਭਗਤੀ ਗੀਤ, ਗਿੱਧਾ ਅਤੇ ਭੰਗੜਾ ਆਦਿ ਵੱੱਖ-ਵੱਖ ਵੰਨਗੀਆਂ ਦੀ ਪੇਸ਼ਕਾਰੀ ਕੀਤੀ ਗਈ।ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਰੰਗ ਬਿਰੰਗੀਆਂ ਪੁਸ਼ਾਕਾਂ ਅਤੇ ਪੇਸ਼ਕਾਰੀ ਜੋਸ਼ ਭਰਪੂਰ ਸੀ।ਵਿੱਦਿਅਕ ਸ਼ੈਸ਼ਨ 2021-22 ਦੌਰਾਨ ਨਰਸਰੀ ਤੋਂ ਦੂਸਰੀ ਜਮਾਤ ਦੇ ਸਲਾਨਾ ਇਮਿਤਿਹਾਨ ਵਿਚ ਪਹਿਲਾ, ਦੂਜਾ, ਤੀਸਰਾ ਸਥਾਨ ਹਾਸਿਲ ਕਰਨ ਵਾਲੇ ਬੱਚਿਆਂ ਨੂੰ ਟਰਾਫੀਆਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਸਕੂਲ ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ ਵਲੋਂ ਸਲਾਨਾ ਸਕੂਲ ਦੀ ਰਿਪੋਰਟ ਪੜ੍ਹੀ ਗਈ।ਮੁੱਖ ਮਹਿਮਾਨ ਨੇ ਵਿੱਦਿਆ ਭਾਰਤੀ ਨਾਲ ਜੁੜਨ ਸਮੇਂ ਦੇ ਆਪਣੇ ਯਾਦਗਾਰੀ ਪਲਾਂ ਨੂੰ ਯਾਦ ਕਰਦਿਆਂ ਕਿਹਾ ਕਿ ਸਰਵਹਿੱਤਕਾਰੀ ਸਿੱਖਿਆ ਸੰਮਤੀ ਸਿੱਖਿਆ ਦੇ ਖੇਤਰ ਵਿੱਚ ਬਹੁਤ ਹੀ ਸ਼ਲਾਘਾਯੋਗ ਕੰਮ ਕਰ ਰਹੀ ਹੈ।ਉਨ੍ਹਾਂ ਸਲਾਨਾ ਸਮਾਰੋਹ ਦੇ ਆਯੋਜਨ ਉਪਰ ਪ੍ਰਬੰਧ ਦੀ ਸ਼ਲਾਘਾ ਕੀਤੀ ਅਤੇ ਅਜਿਹੇ ਸਮਾਗਮਾਂ ਨੂੰ ਵਿਦਿਆਰਥੀ ਦੀ ਨੀਂਹ ਉਸਾਰੀ ਲਈ ਮਹੱਤਵਪੂਰਨ ਦੱਸਿਆ।ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤੀਸ਼ ਕੁਮਾਰ ਵਲੋਂ ਸਕੂਲ ਵਲੋਂ ਕੀਤੇ ਜਾ ਰਹੇ ਕਾਰਜ਼ਾਂ ਬਾਰੇ ਜਾਣਕਾਰੀ ਦਿੱਤੀ ।ਸਕੂਲ ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ ਨੇ ਕਿਹਾ ਕਿ ਸਲਾਨਾ ਸਮਾਰੋਹ ਸਕੂਲ ਦਾ ਦਰਪਣ ਹੁੰਦਾ ਹੈ ।ਉਨ੍ਹਾਂ ਸਲਾਨਾ ਸਮਾਰੋਹ ਦੀ ਸਫਲਤਾ ਲਈ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਡਾ. ਯਸ਼ਪਾਲ ਸਿੰਗਲਾ, ਪ੍ਰਧਾਨ ਸਤੀਸ਼ ਕੁਮਾਰ, ਸੀਨੀਅਰ ਮੀਤ ਪ੍ਰਧਾਨ ਤੇਜਿੰਦਰਪਾਲ ਜਿੰਦਲ , ਬ੍ਰਿਜ ਲਾਲ , ਉਪ ਪ੍ਰਧਾਨ ਪ੍ਰਸ਼ੋਤਮ ਗਰਗ, ਮੈਨੇਜਰ ਅੰਮ੍ਰਿਤ ਲਾਲ, ਮੈਂਬਰ ਮੱਖਣ ਲਾਲ, ਰਕੇਸ਼ ਕੁਮਾਰ ਆਦਿ ਸਖਸ਼ੀਅਤਾਂ ਹਾਜ਼ਰ ਸਨ ।

Check Also

ਸ਼ਾਕਸ਼ੀ ਸਾਹਨੀ ਨੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਜੋਂ ਸੰਭਾਲਿਆ ਅਹੁੱਦਾ

ਸ੍ਰੀ ਦਰਬਾਰ ਸਾਹਿਬ ਅਤੇ ਦੁਰਗਿਆਨਾ ਮੰਦਰ ਵਿਖੇ ਮੱਥਾ ਟੇਕਿਆ ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ) – …