ਅੰਮ੍ਰਿਤਸਰ, 10 ਦਸੰਬਰ (ਸੁਖਬੀਰ ਸਿੰਘ) – ਪੰਜਾਬ ਵਿੱਚ ਅੰਮ੍ਰਿਤਸਰ ਤੇ ਜਲੰਧਰ ਦਾ ਖੇਤਰ ਫੂਡ ਬੈਲਟ ਦੇ ਰੂਪ ਵਿੱਚ ਪ੍ਰਸਿੱਧ ਹੈ।ਇਥੇ ਫੂਡ ਪ੍ਰੋਸੈਸਿੰਗ ਉਦਯੋਗ ਲਈ ਬਹੁਤ ਮੌਕੇ ਹਨ। ਇਹ ਵਿਚਾਰ ਪੀ.ਐਚ.ਡੀ ਚੈਂਬਰ ਆਫ ਕਾਮਰਸ ਐਡ ਇੰਡਸਟਰੀ ਦੇ ਪ੍ਰਧਾਨ ਸਾਕੇਤ ਡਾਲਮਿਆ ਨੇ ਪਾਈਟੈਕਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਾਂਝੇ ਕੀਤੇ।
ਉਨਾ ਕਿਹਾ ਕਿ ਫੂਡ ਪ੍ਰੋਸੈਸਿੰਗ ਉਦਯੋਗਾਂ ਨੂੰ ਉਤਸ਼ਾਹਿਤ ਕੀਤੇ ਜਾਣ ਨਾਲ ਕਿਸਾਨਾਂ ਦੀਆ ਕਈ ਸਮੱਸਿਆਵਾਂ ਹੱਲ ਹੋਣਗੀਆਂ।ਡਾਲਮਿਆ ਨੇ ਕਿਹਾ ਕਿ ਟੂਰਿਜ਼ਮ, ਐਗਰੀਕਲਚਰਲ ਤੇ ਟੈਕਸਟਾਇਲ ਪੰਜਾਬ ਦੇ ਉਦਯੋਗਾਂ ਦਾ ਮੁੱਖ ਆਧਾਰ ਹੈ।ਸਰਕਾਰ ਨੂੰ ਆਪਣੀ ਨੀਤੀ ਬਣਾਉਂਦੇ ਸਮੇਂ ਇਨਾਂ ਖੇਤਰਾਂ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ।ਪੀ.ਐਚ.ਡੀ ਪ੍ਰਧਾਨ ਨੇ ਕਿਹਾ ਕਿ ਸਰਕਾਰ ਤੇ ਨਿੱਜੀ ਖੇਤਰ ਦੇ ਉਦਯੋਗਪਤੀ ਮਿਲ ਕੇ ਕੰਮ ਕਰਦੇ ਤਾਂ ਐਮ.ਐਸ.ਐਮ.ਈ ਖੇਤਰ ਅੱਗੇ ਵਧੇਗਾ।
ਉਨ੍ਹਾਂ ਕਿਹਾ ਕਿ ਵਰਤਮਾਨ ਵਿੱਚ ਉਦਯੋਗਪਤੀਆਂ ਦੇ ਸਾਹਮਣੇ ਕੁਸ਼ਲ ਕਾਰੀਗਰਾਂ ਦੀ ਸਮੱਸਿਆ ਹੈ।ਇਸ ਦੇ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਨੌਜਵਾਨਾਂ ਨੂੰ ਨਵੀਂ ਤਕਨੀਕ ਦਾ ਜੋਸ਼ ਦੇਣ ਲਈ ਵੱਖ ਵੱਖ ਥਾਵਾਂ ‘ਤੇ ਵਰਕਸ਼ਾਪ ਦਾ ਆਯੋਜਨ ਕਰੇ।ਅੰਮ੍ਰਿਤਸਰ ਵਿੱਚ ਵਿਸ਼ਵ ਪੱਧਰੀ ਕਨਵੈਸ਼ਨ ਹਾਲ ਬਣਾਉਣ ਦੀ ਮੰਗ ਕਰਦੇ ਹੋਏ ਡਾਲਮਿਆ ਨੇ ਕਿਹਾ ਕਿ ਪੀ.ਐਚ.ਡੀ ਚੈਂਬਰ ਪਾਈਟੈਕਸ ਦਾ ਵਿਸਥਾਰ ਕਰਨਾ ਚਾਹੀਦਾ ਹੈ।ਜਿਸ ਦੇ ਲਈ ਸਰਕਾਰ ਦਾ ਸਹਿਯੋਗ ਜਰੂਰੀ ਹੈ।
ਉਨਾਂ ਬੈਂਕਿੰਗ ਖੇਤਰ ਵਿੱਚ ਉਦਯੋਗਪਤੀਆਂ ਨੂੰ ਆ ਰਹੀਆਂ ਸਮੱਸਿਆਵਾਂ ਦੇ ਹੱਲ ਦੀ ਮੰਗ ਕਰਦਿਆਂ ਉਨ੍ਹਾਂ ਕਿਹਾ ਕਿ ਬੈਂਕਾਂ ਨੂੰ ਛੋਟੇ ਵਪਾਰੀਆਂ ਤੇ ਕਾਰੋਬਾਰੀਆ ਨੂੰ ਕਰਜ਼ ਦੇਣ ਲਈ ਸ਼ਰਤਾਂ ਨੂੰ ਨਰਮ ਕੀਤਾ ਜਾਵੇ।ਇਸ ਨਾਲ ਛੋਟੇ ਵਪਾਰੀ ਤੇ ਕਾਰੋਬਾਰੀ ਮਜ਼ਬੂਤ ਹੋਣਗੇ।ਉਨਾਂ ਕਿਹਾ ਕਿ ਪਾਈਟੈਕਸ ਵਿੱਚ ਪਾਕਿਸਤਾਨ ਤੇ ਜੰਮੂ ਕਸ਼ਮੀਰ ਦੀਆਂ ਮਹਿਲਾਵਾਂ ਦੀ ਸ਼ਮੂਲੀਅਤ ਪ੍ਰਸ਼ੰਸਾਯੋਗ ਰਹੀ ਹੈ।
ਪੀ.ਐਚ.ਡੀ ਚੈਂਬਰ ਵਲੋਂ ਲਾਹੌਰ ਚੈਬਰ ਆਫ ਕਾਮਰਸ ਦੇ ਨਾਲ ਗੱਲਬਾਤ ਕੀਤੀ ਗਈ ਹੈ।ਬਹੁਤ ਜਲਦ ਪਾਕਿਸਤਾਨੀ ਉਦਯੋਗਪਤੀਆਂ ਦਾ ਵਫਦ ਪੰਜਾਬ ਦੋਰੇ ‘ਤੇ ਵੀ ਆ ਰਿਹਾ ਹੈ।