Thursday, January 23, 2025

ਸਲਾਈਟ ਲੌਂਗੋਵਾਲ ਵਿਖੇ ਦੋ ਰੋਜ਼ਾ ਰਾਸ਼ਟਰੀ ਵਰਕਸ਼ਾਪ ਦਾ ਆਯੋਜਨ

ਸੰਗਰੂਰ, 19 ਫਰਵਰੀ (ਜਗਸੀਰ ਲੌਂਗੋਵਾਲ) – ਸੰਤ ਲੌਂਗੋਵਾਲ ਤਕਨੀਕੀ ਸੰਸਥਾ ਵਿਖੇ ਮਾਨਵਤਾ ਦੇ ਵਿਕਾਸ ਲਈ ਵਿਗਿਆਨੀਆਂ ਅਤੇ ਵਿਗਿਆਨਕ ਸੰਸਥਾਵਾਂ ਦੀ ਭੂਮਿਕਾ ਦੇ ਵਿਸ਼ੇ ‘ਤੇ ਦੋ ਰੋਜ਼ਾ ਰਾਸ਼ਟਰੀ ਵਰਕਸ਼ਾਪ ਦਾ ਉਦਘਾਟਨ ਅੱਜ ਸੱਭਿਆਚਾਰਕ ਮੰਤਰਾਲਾ ਭਾਰਤ ਸਰਕਾਰ, ਵਿਗਿਆਨ ਪ੍ਰੀਸ਼ਦ ਪੰਚਨਾਦ ਅਤੇ ਵਿਗਿਆਨ ਭਾਰਤੀ (ਵਿਭਾਗ) ਦੇ ਸਹਿਯੋਗ ਨਾਲ ਕੀਤਾ ਗਿਆ।ਇਹ ਵਰਕਸ਼ਪ ਆਧੁਨਿਕ ਭਾਰਤ ਦੇ ਪੈਗੰਬਰ ਅਤੇ ਪੱਛਮ ਵਿੱਚ ਵੇਦਾਂਤ ਦੇ ਰਸੂਲ ਸਵਾਮੀ ਵਿਵੇਕਾਨੰਦ ਜੀ ਦੀ ਵਰੇਗੰਢ ਮਨਾਉਣ ਲਈ ਆਯੋਜਿਤ ਕੀਤੀ ਗਈ ਹੈ।ਸਵਾਮੀ ਵਿਵੇਕਾਨੰਦ ਨੇ ਸਿੱਖਿਆ ਦੇ ਦਾਇਰੇ ਨੂੰ ਸਿਰਫ ਕਿਤਾਬੀ ਸਿੱਖਣ ਅਤੇ ਜਾਣਕਾਰੀ ਇਕੱਠੀ ਕਰਨ ਦੀ ਕਸਰਤ ਤੋਂ ਲੈ ਕੇ ਮਨੁੱਖ ਬਨਾਉਣ ਅਤੇ ਜੀਵਨ ਦੇਣ ਵਾਲੇ ਵਿਚਾਰਾਂ ਦੇ ਚਰਿੱਤਰ ਨਿਰਮਾਣ ਤੱਕ ਦੀ ਮਹੱਤਤਾ `ਤੇ ਜ਼ੋਰ ਦਿੱਤਾ।ਇਸ ਵਰਕਸ਼ਾਪ ਦੇ ਕਨਵੀਨਰ ਪ੍ਰੋਫੈਸਰ ਆਰ.ਕੇ ਮਿਸ਼ਰਾ ਨੇ ਵਰਕਸ਼ਾਪ ਵਿੱਚ ਸ਼ਾਮਿਲ ਹੋਣ ਆਏ ਮਹਿਮਾਨਾਂ, ਫੈਕਲਟੀ, ਅਤੇ ਵਿਦਿਆਰਥੀਆਂ ਨੂੰ ‘ਜੀ ਆਇਆਂ’ ਕਿਹਾ ਅਤੇ ਇਸ ਵਰਕਸ਼ਾਪ ਦੇ ਚੇਅਰਮੈਨ ਪ੍ਰੋਫੈਸਰ ਅਜਾਤ ਸ਼ਤਰੂ ਅਰੋੜਾ ਨੇ ਦੋ ਰੋਜ਼ਾ ਵਰਕਸ਼ਾਪ ਦੇ ਆਯੋਜਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।ਸਮਾਗਮ ਦੇ ਉਦਘਾਟਨ ਮੌਕੇ ਮੁੱਖ ਮਹਿਮਾਨ ਪ੍ਰੋਫੈਸਰ ਕੁਲਦੀਪ ਚੰਦ ਅਗਨੀਹੋਤਰੀ, ਸਲਾਹਕਾਰ, ਸੱਭਿਆਚਾਰਕ ਮੰਤਰਾਲਾ, ਭਾਰਤ ਸਰਕਾਰ ਨੇ ਆਪਣੇ ਭਾਸ਼ਨ ਵਿੱਚ ਸਭ ਤੋਂ ਪਹਿਲਾਂ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।ਉਹਨਾਂ ਨੇ ਆਪਣੇ ਭਾਸ਼ਨ ਵਿੱਚ ਮਾਤ ਭਾਸ਼ਾ ਵਿੱਚ ਸਿੱਖਿਆ ਦੇ ਮਹੱਤਵ ‘ਤੇ ਜ਼ੋਰ ਦਿੱਤਾ।
ਉਦਘਾਟਨੀ ਸਮਾਰੋਹ ਵਿਚ ਪ੍ਰੋਫੈਸਰ ਰਾਕੇਸ਼ ਸ਼ਾਰਦਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਪ੍ਰਧਾਨ ਵਿਗਿਆਨ ਪ੍ਰੀਸ਼ਦ ਪੰਚਨਾਦ ਪ੍ਰੋਫੈਸਰ ਆਦਰਸ਼ ਪਾਲ ਚੇਅਰਮੈਨ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ, ਪ੍ਰਵੀਨ ਰਾਮ ਦਾਸ ਨੈਸ਼ਨਲ ਸੈਕਟਰੀ ਵਿਗਿਆਨ ਭਾਰਤੀ, ਡਾਕਟਰ ਸੰਜੀਵ ਦੁੱਗਲ ਪ੍ਰਧਾਨ ਵਿਗਿਆਨ ਭਾਰਤੀ ਪ੍ਰੀਸ਼਼ਦ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਮੂਲੀਅਤ ਕੀਤੀ।ਸਾਰੇ ਹੀ ਬੁਲਾਰਿਆਂ ਨੇ ਵਿਗਿਆਨੀਆਂ ਦੀ ਭੂਮਿਕਾ, ਸਵਾਮੀ ਵਿਵੇਕਾਨੰਦ ਦੀਆਂ ਸਿਖਿਆਵਾਂ, ਭਾਰਤ ਗਿਆਨ ਪ੍ਰਣਾਲੀ, ਮਾਨਵਤਾ ਦੇ ਵਿਕਾਸ `ਤੇ ਵਿਗਿਆਨਕ ਸੰਸਥਾਵਾਂ ਦਾ ਪ੍ਰਭਾਵ, ਭਾਰਤ ਦੇ ਸੁਤੰਤਰਤਾ ਸੰਗਰਾਮ ਵਿੱਚ ਵਿਗਿਆਨੀਆਂ ਦੀ ਭੂਮਿਕਾ, ਖੇਤੀਬਾੜੀ ਲਈ ਤਕਨੀਕ, ਰਾਸ਼ਟਰੀ ਸਿੱਖਿਆ ਨੀਤੀ 2020 ਦੀਆਂ ਵਿਸ਼ੇਸ਼ਤਾਵਾਂ ਬਾਰੇ ਵਿਚਾਰ ਸਾਂਝੇ ਕੀਤੇ।ਵਰਕਸ਼ਾਪ ਵਿੱਚ ਵਿਗਿਆਨਿਕ ਸੰਸਥਾਵਾਂ ਅਤੇ ਸਕੂਲਾਂ ਦੇ ਅਧਿਆਪਿਕ ਸ਼ਾਮਲ ਹੋਣਗੇ।
ਇਸ ਮੌਕੇ ‘ਵਿਗਿਆਨ ਦੁਆਰਾ ਅਜ਼ਾਦੀ ਲਈ ਸੰਘਰਸ਼ ਵਿਸ਼ ਦੀ ਪੁਸਤਕ ਅਤੇ ਇਸ ਵਰਕਸ਼ਾਪ ਦੇ ਪੋਸਟਰ ਦੀ ਘੁੰਡ ਚੁਕਾਈ ਦੀ ਰਸਮ ਕੀਤੀ ਗਈ।ਪ੍ਰੋਫੈਸਰ ਸ਼ੈਲੇਂਦਰ ਜੈਨ, ਡਾਇਰੈਕਟਰ, ਸਲਾਈਟ ਨੇ ਵਿਗਿਆਨ ਭਾਰਤੀ ਦਾ ਇਹ ਸਮਾਗਮ ਸਲਾਈਟ ਲੌਂਗੋਵਾਲ ਵਿਖੇ ਆਯੋਜਨ ਕਰਨ ਲਈ ਧੰਨਵਾਦ ਕੀਤਾ।ਇਸ ਅਵਸਰ ‘ਤੇ ਇਸ ਵਰਕਸ਼ਾਪ ਦੇ ਸਹਿ ਕਨਵੀਨਰ ਪ੍ਰੋਫੈਸਰ ਮੇਜਰ ਸਿੰਘ ਨੇ ਵਰਕਸ਼ਾਪ ਵਿੱਚ ਸ਼ਾਮਲ ਮਹਿਮਾਨਾਂ, ਫੈਕਲਟੀ, ਸਟਾਫ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।

Check Also

ਸਰਕਾਰੀ ਹਾਈ ਸਕੂਲ ਕਾਕੜਾ ਵਿਦਿਆਰਥੀਆਂ ਦੇ ਰੂਬਰੂ ਹੋਏ ਡਾ. ਇਕਬਾਲ ਸਿੰਘ ਸਕਰੌਦੀ

ਸੰਗਰੂਰ, 22 ਜਨਵਰੀ (ਜਗਸੀਰ ਲੌਂਗੋਵਾਲ) -ਸਰਕਾਰੀ ਹਾਈ ਸਕੂਲ਼ ਕਾਕੜਾ (ਸੰਗਰੂਰ) ਦੇ ਮੁੱਖ ਅਧਿਆਪਕ ਸ੍ਰੀਮਤੀ ਪੰਕਜ਼ …