ਅੰਮ੍ਰਿਤਸਰ, 7 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਬੋਟੈਨੀਕਲ ਐਂਡ ਐਨਵਾਇਰਮੈਂਟ ਸਾਇੰਸ ਸੋਸਾਇਟੀ, ਪੋਸਟ ਗ੍ਰੈਜ਼ੂਏਟ ਬੋਟਨੀ ਵਿਭਾਗ ਵਲੋਂ 3 ਰੋਜ਼ਾ ‘ਅੰਮ੍ਰਿਤਸਰ ਫ਼ਲਾਵਰ ਸ਼ੋਅ ਅਤੇ ਮਿਲਿਟਸ ਉਤਸਵ ‘ਸਪਰਿੰਗ-2023’ ਦਾ ਆਯੋਜਨ ਕੀਤਾ ਗਿਆ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਕਰਵਾਏ ਇਸ ਪ੍ਰੋਗਰਾਮ ਦੇ ਤੀਸਰੇ ਦਿਨ ‘ਬਦਲਦੇ ਜਲਵਾਯੂ ’ਚ ਮਿਲਿਟਸ ਦੀ ਮਹੱਤਤਾ’ ’ਤੇ ਰਾਸ਼ਟਰੀ ਸੈਮੀਨਾਰ ਵੀ ਆਯੋਜਿਤ ਕੀਤਾ ਗਿਆ।
ਡਾ. ਮਹਿਲ ਸਿੰਘ ਨੇ ਸਮਾਗਮ ਦੇ ਬੁਲਾਰਿਆਂ ਅਤੇ ਭਾਗ ਲੈਣ ਵਾਲਿਆਂ ਦਾ ਨਿੱਘਾ ਸਵਾਗਤ ਕੀਤਾ ਅਤੇ ਵਿਦਿਆਰਥੀਆਂ ਨੂੰ ਮਿਲਿਟਸ ਦੇ ਪੌਸ਼ਟਿਕ ਗੁਣਾਂ ਅਤੇ ਸਿਹਤ ਸਬੰਧੀ ਲਾਭਾਂ ਬਾਰੇ ਜਾਣੂ ਕਰਵਾਇਆ।ਵਿਭਾਗ ਮੁਖੀ ਡਾ. ਬਲਵਿੰਦਰ ਸਿੰਘ ਨੇ 2023 ਨੂੰ ‘ਮਿਲਿਟਸ ਦੇ ਅੰਤਰਰਾਸ਼ਟਰੀ ਸਾਲ ਵਜੋਂ ਮਨਾਉਣ ਅਤੇ ਇਸ ਨੂੰ ਲੋਕ ਲਹਿਰ ਬਣਾਉਣ ਲਈ ਭਾਰਤ ਸਰਕਾਰ ਦੀ ਪਹਿਲਕਦਮੀ ਬਾਰੇ ਜਾਣੂ ਕਰਵਾਇਆ ਤਾਂ ਜੋ ਭਾਰਤੀ ਮਿਲਿਟਸ, ਪਕਵਾਨਾਂ ਅਤੇ ਇਸ ਤੋਂ ਬਣਨ ਵਾਲੇ ਉਤਪਾਦਾਂ ਨੂੰ ਵਿਸ਼ਵ ਪੱਧਰ ’ਤੇ ਸਵੀਕਾਰ ਕੀਤਾ ਜਾ ਸਕੇ।
ਸਮਾਗਮ ਦੇ ਪ੍ਰਬੰਧਕੀ ਸਕੱਤਰ ਡਾ. ਰਾਜਬੀਰ ਸਿੰਘ ਨੇ ਦੱਸਿਆ ਕਿ ਮਿਲਿਟਸ ਦੀ ਖੇਤੀ ਨੂੰ ਚੌਲਾਂ ਨਾਲੋਂ 70 ਫ਼ੀਸਦੀ ਘੱਟ ਪਾਣੀ ਦੀ ਲੋੜ ਹੁੰਦੀ ਹੈ, ਜੋ ਕਣਕ ਨਾਲੋਂ ਅੱਧੇ ਸਮੇਂ ’ਚ ਤਿਆਰ ਹੋ ਜਾਂਦੀ ਹੈ ਅਤੇ ਪ੍ਰੋਸੈਸਿੰਗ ’ਚ 40 ਪ੍ਰਤੀਸ਼ਤ ਘੱਟ ਊਰਜਾ ਦੀ ਲੋੜ ਹੁੰਦੀ ਹੈ।ਇਹ ਸਖ਼ਤ ਫ਼ਸਲਾਂ ਬਹੁਤ ਜਿਆਦਾ ਗਰਮੀ ਦੀਆਂ ਸਥਿਤੀਆਂ ਦਾ ਸਾਹਮਣਾ ਕਰ ਸਕਦੀਆਂ ਹਨ।
ਖੇਤੀ ਵਿਰਾਸਤ ਮਿਸ਼ਨ ਨਾਲ ਜੁੜੇ ਮਿਲਿਟਸ ਦੇ ਕਿਸਾਨ ਗੁਰਮੁੱਖ ਸਿੰਘ ਨੇ ਮੁੱਖ ਬੁਲਾਰੇ ਵਜੋਂ ਮਿਲਿਟਸ ਬਾਰੇ ਆਪਣੇ ਭਾਸ਼ਣ ’ਚ ਵੱਖ-ਵੱਖ ਬਿਮਾਰੀਆਂ ਦੇ ਇਲਾਜ ’ਚ ਇਨ੍ਹਾਂ ਦੀ ਮਹੱਤਤਾ ਬਾਰੇ ਚਾਨਣਾ ਪਾਇਆ।ਉਨ੍ਹਾਂ ਜੈਵਿਕ ਖੇਤੀ, ਵਾਤਾਵਰਣ ਦੀ ਟਿਕਾਊ ਸੰਭਾਲ, ਕੁਦਰਤੀ ਸਰੋਤਾਂ ਅਤੇ ਖੇਤੀ ਤਕਨੀਕਾਂ ਰਾਹੀਂ ਪੰਜਾਬ ਦੇ ਵਾਤਾਵਰਣਕ ਪੁਨਰ ਗਠਨ ਬਾਰੇ ਵੀ ਚਰਚਾ ਕੀਤੀ।ਉਨ੍ਹਾਂ ਕਿਹਾ ਕਿ ਮਿਲਿਟਸ ਛੋਟੇ ਬੀਜ਼ ਵਾਲੇ ਘਾਹਾਂ ਦਾ ਇਕ ਬਹੁਤ ਹੀ ਵੰਨ-ਸੁਵੰਨਤਾ ਸਮੂਹ ਹੈ, ਜੋ ਵਿਸ਼ਵ ਭਰ ’ਚ ਅਨਾਜ ਦੀਆਂ ਫ਼ਸਲਾਂ ਜਾ ਚਾਰੇ ਅਤੇ ਮਨੁੱਖੀ ਭੋਜਨ ਲਈ ਅਨਾਜ ਵਜੋਂ ਉਗਾਇਆ ਜਾਂਦਾ ਹੈ।ਮਿਲਿਟਸ ਪ੍ਰੋਟੀਨ, ਫ਼ਾਈਬਰ, ਵਿਟਾਮਿਨ ਅਤੇ ਖਣਿਜ਼ਾਂ ਦਾ ਵਧੀਆ ਸਰੋਤ ਹਨ।ਮਿਲਿਟਸ ਦੇ ਸੰਭਾਵੀ ਲਾਭਾਂ ’ਚ ਦਿਲ ਦੀ ਰੱਖਿਆ ਕਰਨਾ, ਸ਼ੂਗਰ ਦੀ ਸ਼ੁਰੂਆਤ ਨੂੰ ਰੋਕਣਾ, ਸਰੀਰ ਦੇ ਭਾਰ ਨੂੰ ਬਣਾਈ ਰੱਖਣਾ ਅਤੇ ਅੰਤੜੀਆਂ ’ਚ ਸੋਜ਼ ਨੂੰ ਘਟਾਉਣਾ ਸ਼ਾਮਲ ਹੈ।
ਉਨ੍ਹਾਂ ਕਿਹਾ ਕਿ ਮਿਲਿਟਸ ’ਚ ਨਿਆਸੀਨ ਭਰਪੂਰ ਮਾਤਰਾ ’ਚ ਹੁੰਦਾ ਹੈ, ਜੋ ਸਾਡੇ ਸਰੀਰ ’ਚ 400 ਤੋਂ ਵੱਧ ਐਨਜ਼ਾਈਮੈਟਿਕ ਪ੍ਰਤੀਕ੍ਰਿਆਵਾਂ ਨੂੰ ਸੰਭਾਲਣ ’ਚ ਮਦਦ ਕਰਦਾ ਹੈ।ਸੈਮੀਨਾਰ ਦੇ ਦੂਜੇ ਬੁਲਾਰੇ ਡਾ. ਹਰਨੇਕ ਸਿੰਘ ਨੇ ਸਰੋਤਿਆਂ ਨਾਲ ਭਾਰਤ ’ਚ ਉਗਾਈਆਂ ਜਾਣ ਵਾਲੀਆਂ ਵੱਖ-ਵੱਖ ਕਿਸਮਾਂ ਦੇ ਮਿਲਿਟਸ ਬਾਰੇ ਚਰਚਾ ਕੀਤੀ।ਉਨ੍ਹਾਂ ਕਿਹਾ ਕਿ ਬਾਜ਼ਰਾ ਇਕ ਘੱਟ ਗਲਾਈਸੈਮਿਕ ਇੰਡੈਕਸ ਅਤੇ ਗੈਰ ਤੇਜ਼ਾਬੀ ਭੋਜਨ ਹੈ।ਸ਼ੂਗਰ ਵਾਲੇ ਲੋਕ ਮਿਲਿਟਸ ਦਾ ਸੇਵਨ ਕਰਕੇ ਆਪਣੇ ਬਲੱਡ ਸ਼ੂਗਰ ਦੇ ਪੱਧਰ ਨੂੰ ਬੇਹਤਰ ਢੰਗ ਨਾਲ ਕੰਟਰੋਲ ਕਰ ਕਰ ਸਕਦੇ ਹਨ।ਉਨ੍ਹਾਂ ਕੋਲਨ, ਛਾਤੀ ਅਤੇ ਜਿਗਰ ਦੇ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦੀ ਰੋਕਥਾਮ ’ਚ ਮਿਲਿਟਸ ਦੀ ਭੂਮਿਕਾ ਬਾਰੇ ਵੀ ਚਰਚਾ ਕੀਤੀ।
ਵੱਖ-ਵੱਖ ਕਾਲਜਾਂ, ਸੰਸਥਾਵਾਂ ਦੇ 250 ਤੋਂ ਵੱਧ ਵਿਦਿਆਰਥੀਆਂ ਨੇ ਅਲੱਗ-ਅਲੱਗ ਸ਼੍ਰੋਣੀਆਂ ਮੌਸਮੀ ਫੁੱਲਾਂ, ਚਿਕਿਤਸਕ ਪੌਦਿਆਂ, ਗੁਲਾਬ ਦੀਆਂ ਕਿਸਮਾਂ, ਸੰੁਦਰ ਪੱਤਿਆਂ ਦੇ ਪੌਦੇ, ਸੁਕੂਲੈਂਟ, ਕੈਕਟੀ, ਇਨਡੋਰ ਪੌਦੇ, ਫ਼ਰਨ ਅਤੇ ਬੋਨਸਾਈ ਦੇ ਤਹਿਤ ਫ਼ਲਾਵਰ ਸ਼ੋਅ ’ਚ ਭਾਗ ਲਿਆ।ਵਿਦਿਆਰਥੀਆਂ ਨੇ ਪੋਸਟਰ ਪੇਸ਼ਕਾਰੀ ’ਚ ਵੀ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ।ਵੱਖ-ਵੱਖ ਸੰਸਥਾਵਾਂ ਦੇ ਵਿਦਿਆਰਥੀਆਂ ਨੇ ਮਿਲਿਟਸ ਕੇਕ, ਇਡਲੀ, ਖਿਚੜੀ, ਚਾਕਲੇਟ, ਮਿਲਿਟਸ ਦੇ ਲੱਡੂ, ਮਿਲਿਟਸ ਦੇ ਪਕੌੜੇ, ਮਿਲਿਟਸ ਦੇ ਬਿਸਕੁੱਟ, ਮਿਲਿਟਸ ਦਾ ਸ਼ੇਕ, ਮਿਲਿਟਸ ਦੇ ਮਫ਼ੀਨ ਵਰਗੇ ਪਕਵਾਨ ਬਣਾਉਣ ’ਚ ਭਾਗ ਲਿਆ ਅਤੇ ਦਰਸ਼ਕਾਂ ਦਾ ਧਿਆਨ ਆਪਣੇ ਵੱਖ ਖਿੱਚਿਆ।
ਇਸ 3 ਰੋਜ਼ਾ ਪ੍ਰੋਗਰਾਮ ਦੇ ਸਫ਼ਲ ਆਯੋਜਨ ਲਈ ਡਾ. ਮਧੂ ਨੇ ਉਕਤ ਸੋਸਾਇਟੀ ਅਤੇ ਖੇਤੀ ਵਿਰਾਸਤ ਮਿਸ਼ਨ ਫ਼ਰੀਦਕੋਟ ਦੇ ਸਹਿਯੋਗ ਦੀ ਸ਼ਲਾਘਾ ਕੀਤੀ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …