ਰਵਿੰਦਰ ਹੰਸ ਦੀ ਅਗਵਾਈ ਹੇਠ ਹੋਇਆ ਸਮਾਗਮ
ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ) – ਦੇਸ਼ ਲਈ ਬਹੁਕੀਮਤੀ ਸੰਵਿਧਾਨ ਲਿਖਣ ਵਾਲੀ ਮਹਾਨ ਸਖ਼ਸੀਅਤ ਡਾ: ਭੀਮ ਰਾਓ ਅੰਬੇਦਕਰ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਰੱਖਿਆ ਜਾਵੇਗਾ ਅਤੇ ਉਨ੍ਹਾਂ ਵਲੋ ਦੇਸ਼ ਨੂੰ ਦਿੱਤੇ ਗਏ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀ ਜਾ ਸਕਦਾ। ਇੰਨਾਂ੍ਹ ਸ਼ਬਦਾਂ ਦਾ ਪ੍ਰਗਟਾਵਾ ਅੱਜ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਪੰਜਾਬ ਹਰਭਜਨ ਸਿੰਘ ਈ.ਟੀ.ਓ ਨੇ ਸਥਾਨਕ ਆਰਟ ਗੈਲਰੀ ਵਿਖੇ ਰਵਿੰਦਰ ਹੰਸ ਜ਼ਿਲ੍ਹਾ ਕੋਆਡੀਨੇਟਰ ਐਸ.ਸੀ ਵਿੰਗ ਵਲੋਂ ਕਰਵਾਏ ਗਏ ਡਾ: ਭੀਮ ਰਾਓ ਅੰਬੇਦਕਰ ਜੀ ਦੇ 132 ਵੇਂ ਜਨਮ ਦਿਵਸ ਸਮਾਗਮ ਦੋਰਾਨ ਕੀਤਾ।ਉਨ੍ਹਾਂ ਕਿਹਾ ਕਿ ਅੱਜ ਸਮੇ ਦੀ ਮੁੱਖ ਲੋੜ ਹੈ ਕਿ ਅਸੀ ਸਾਰੇ ਬਾਬਾ ਸਾਹਿਬ ਵਲੋ ਪਾਏ ਗਏ ਪੂਰਨਿਆਂ ‘ਤੇ ਚੱਲੀਏ ਅਤੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਸੰਵਿਧਾਨ ਦੀ ਰੱਖਿਆ ਕਰੀਏ।ਈ.ਟੀ.ਓ ਨੇ ਕਿਹਾ ਕਿ ਬਾਬਾ ਸਾਹਿਬ ਨੇ ਭਾਰਤ ਦੇ ਇਤਿਹਾਸ ਵਿੱਚ ਜੋ ਕਰ ਵਿਖਾਇਆ ਹੈ,ਉਹ ਇਕ ਆਮ ਸਖ਼ਸੀਅਤ ਨਹੀ ਕਰ ਸਕਦੀ, ਉਹ ਰੱਬੀ ਰੂਪ ਸਨ।ਜਿੰਨ੍ਹਾਂ ਨੇ ਦੇਸ਼ ਵਿੱਚ ਛੂਆ-ਛਾਤ ਵਰਗੀ ਭਿਆਨਕ ਬੀਮਾਰੀ ਤੋ ਆਜ਼ਾਦੀ ਦਿਵਾਈ।ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਕੇਵਲ ਇਕ ਵਰਗ ਦੇ ਨਹੀ ਸਗੋ ਪੂਰੇ ਸਮਾਜ ਦੇ ਨੇਤਾ ਸਨ।
ਬਿਜਲੀ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਦਲਿਤ ਲੋਕਾਂ ਦੀ ਭਲਾਈ ਲਈ ਕਈ ਸਕੀਮਾਂ ਸ਼ੁਰੂ ਕੀਤੀਆਂ ਹਨ ਤਾਂ ਜੋ ਦੱਬੇ ਕੁਚਲੇ ਲੋਕਾਂ ਨੂੰ ਪੈਰਾਂ ਤੇ ਖੜਾ ਕਰਨ ਵਿਚ ਹਰ ਸੰਭਵ ਮਦਦ ਕੀਤੀ ਜਾ ਸਕੇ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਸਰਕਾਰ ਨੇ ਇਕ ਸਾਲ ਦੇ ਅੰਦਰ ਹੀ 28 ਹਜਾਰ ਤੋ ਵੱਧ ਸਰਕਾਰੀ ਨੋਕਰੀਆਂ ਦਿੱਤੀਆਂ ਅਤੇ 117 ਐਮੀਨੈਸ ਸਕੂਲ ਬਣਾ ਦਿੱਤੇ ਹਨ,ਜਿਥੇ ਸਾਡੇ ਬੱਚੇ ਪੜ੍ਹ ਕੇ ਆਪਣੇ ਪੈਰਾਂ ਤੇ ਖੜੇ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਪੜਾਈ ਤੋ ਬਗੈਰ ਕੋਈ ਵੀ ਸਮਾਜ ਤਰੱਕੀ ਨਹੀ ਕਰ ਸਕਦਾ।
ਈ.ਟੀ.ਓ ਨੇ ਕਿਹਾ ਕਿ ਅੱਜ ਜੇਕਰ ਸਾਡੇ ਵਰਗੇ ਗਰੀਬ ਤੇ ਮੱਧਵਰਗੀ ਘਰਾਂ ਦੇ ਬੱਚੇ ਵਿਧਾਇਕ, ਸੰਸਦ ਮੈਂਬਰ ਅਤੇ ਹੋਰ ਰੁਤਬਿਆਂ ‘ਤੇ ਬੈਠੇ ਹਨ, ਉਹ ਅੰਬੇਦਕਰ ਸਾਹਿਬ ਦੀ ਦੇਣ ਹੈ।ਉਨਾਂ ਕਿਹਾ ਕਿ ਅੱਜ ਵੀ ਸਾਨੂੰ ਉਨ੍ਹਾਂ ਵਲੋਂ ਦਰਸਾਏ ਮਾਰਗ ‘ਤੇ ਚੱਲਣ ਦੀ ਲੋੜ ਹੈ, ਤਾਂ ਹੀ ਅਸੀਂ ਅਜ਼ਾਦੀ ਘੁਲਾਟੀਆਂ ਦੇ ਸੁਪਨਿਆਂ ਦਾ ਸਮਾਜ ਸਿਰਜ਼ ਸਕਾਂਗੇ।ਚੇਅਰਮੈਨ ਨਗਰ ਸੁਧਾਰ ਟਰੱਸਟ ਅਸ਼ੋਕ ਤਲਵਾੜ, ਚੇਅਰਮੈਨ ਜ਼ਿਲ੍ਹਾ ਪੀ੍ਰਸ਼ਦ ਜਸਪ੍ਰੀਤ ਸਿੰਘ, ਰਵਿੰਦਰ ਹੰਸ ਅਤੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।ਹੈਪੀ ਭੀਲ ਵਲੋਂ ਭਜਨਾਂ ਦਾ ਗੁਣਗਾਣ ਵੀ ਕੀਤਾ ਗਿਆ।
ਸਮਾਗਮ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਸੁਰਿੰਦਰ ਸਿੰਘ, ਈ.ਟੀ.ਓ ਲਖਬੀਰ ਸਿੰਘ, ਰਿਟਾ. ਡੀ ਐਸ.ਪੀ ਅਸ਼ੋਕ ਕੁਮਾਰ, ਸਤਪਾਲ ਸੋਖੀ, ਇਕਬਾਲ ਸਿੰਘ ਭੁੱਲਰ, ਵਿਕਰਮਜੀਤ ਵਿੱਕੀ, ਵਰੁਣ ਰਾਣਾ ਕੁਮਾਰ ਦਰਸ਼ਨ, ਸ਼ਸ਼ੀ ਗਿੱਲ, ਸੰਨੀ ਰੰਧਾਵਾ, ਅਮਰੀਕ ਸਿੰਘ ਗਿੱਲ, ਜ਼ਿਲ੍ਹਾ ਯੂਥ ਪ੍ਰਧਾਨ ਭਗਵੰਤ ਸਿੰਘ ਕਮਲ ਤੋਂ ਇਲਾਵਾ ਵੱਡੀ ਗਿਣਤੀ ‘ਚ ਲੋਕ ਹਾਜ਼ਰ ਸਨ।