Sunday, December 22, 2024

ਯੂਨੀਵਰਸਿਟੀ ਵਿਖੇ ਸਰਦਾਰ ਜਸਵੰਤ ਸਿੰਘ ਰਾਏ ਮੈਮੋਰੀਅਲ ਲੈਕਚਰਸ਼ਿਪ ਐਵਾਰਡ ਦਾ ਆਯੋਜਨ

ਅੰਮ੍ਰਿਤਸਰ, 18 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹਿਊਮਨ ਜੈਨੇਟਿਕਸ ਵਿਭਾਗ ਵੱਲੋਂ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਖੇ ਸਰਦਾਰ ਜਸਵੰਤ ਸਿੰਘ ਰਾਏ ਮੈਮੋਰੀਅਲ ਲੈਕਚਰਸ਼ਿਪ ਐਵਾਰਡ 2023 ਦਾ ਆਯੋਜਨ ਕੀਤਾ ਗਿਆ।ਸਰਦਾਰ ਜਸਵੰਤ ਸਿੰਘ ਰਾਏ ਮੈਮੋਰੀਅਲ ਟਰੱਸਟ ਜਲੰਧਰ, ਜਿਸ ਦੀ ਸਥਾਪਨਾ 1999 ਵਿੱਚ ਪ੍ਰੋ. ਡਾ. ਕਰਮਜੀਤ ਸਿੰਘ ਰਾਏ ਦੁਆਰਾ ਕੀਤੀ ਗਈ ਸੀ।ਪ੍ਰਸਿੱਧ ਜੈਨੇਟਿਕਸਿਸਟ ਪ੍ਰੋ. ਡਾ. ਜੈ ਰੂਪ ਸਿੰਘ, ਸੰਸਥਾਪਕ ਵਾਈਸ-ਚਾਂਸਲਰ, ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ, ਬਠਿੰਡਾ ਅਤੇ ਸਾਬਕਾ ਵਾਈਸ-ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਉਨ੍ਹਾਂ ਨੂੰ ਸਰਦਾਰ ਜਸਵੰਤ ਸਿੰਘ ਰਾਏ ਮੈਮੋਰੀਅਲ ਲੈਕਚਰਸ਼ਿਪ ਐਵਾਰਡ 2023 ਨਾਲ ਸਨਮਾਨਿਤ ਕੀਤਾ ਗਿਆ।ਸਮਾਗਮ ਦੀ ਪ੍ਰਧਾਨਗੀ ਵਾਈਸ-ਚਾਂਸਲਰ ਪ੍ਰੋ. ਡਾ. ਜਸਪਾਲ ਸਿੰਘ ਸੰਧੂ ਨੇ ਕੀਤੀ।ਯੂਨੀਵਰਸਿਟੀ ਦੇ ਐਨ.ਸੀ.ਸੀ ਕੈਡਿਟਾਂ ਵਲੋਂ ਡਾ. ਜੈ ਰੂਪ ਸਿੰਘ ਦਾ ਗਾਰਡ ਆਫ਼ ਆਨਰ ਨਾਲ ਸਵਾਗਤ ਕੀਤਾ ਗਿਆ।ਲੈਕਚਰ ਦੌਰਾਨ ਵੱਖ-ਵੱਖ ਵਿਭਾਗਾਂ ਦੇ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਭਾਗ ਲਿਆ।
ਵਿਭਾਗ ਦੇ ਮੁਖੀ ਡਾ. ਮਨਪ੍ਰੀਤ ਕੌਰ ਨੇ ਹਾਜ਼ਰ ਪਤਵੰਤਿਆਂ ਅਤੇ ਵਿਦਿਆਰਥੀਆਂ ਨੂੰ ‘ਜੀ ਆਇਆਂ’ ਆਖਿਆ ਅਤੇ ਆਏ ਹੋਏ ਮਹਿਮਾਨਾਂ ਵੱਲੋਂ ਸ਼ਮ੍ਹਾਂ ਰੌਸ਼ਨ ਕੀਤੀ ਗਈ।ਪ੍ਰੋ. ਡਾ. ਵਸੁਧਾ ਸੰਬਿਆਲ ਨੇ ਸਰਦਾਰ ਜਸਵੰਤ ਸਿੰਘ ਰਾਏ ਮੈਮੋਰੀਅਲ ਟਰੱਸਟ ਦੇ ਮਿਸ਼ਨ ਬਾਰੇ ਜਾਣੂ ਕਰਵਾਇਆ ਅਤੇ ਇਸ ਪੁਰਸਕਾਰ ਦੇ ਪਿੱਛਲੇ ਪ੍ਰਾਪਤ ਕਰਨ ਵਾਲਿਆਂ ਦੀ ਸੂਚੀ ਪੇਸ਼ ਕੀਤੀ।ਪ੍ਰੋ. ਵਨੀਤਾ ਕੁਮਾਰ ਨੇ ਡਾ. ਜੈ ਰੂਪ ਸਿੰਘ ਨਾਲ ਜਾਣ-ਪਛਾਣ ਕਰਵਾਈ ਅਤੇ ਉਹਨਾਂ ਦੀਆਂ ਪ੍ਰਾਪਤੀਆਂ `ਤੇ ਚਾਨਣਾ ਪਾਉਂਦਿਆਂ ਉਨ੍ਹਾਂ ਨੂੰ “ਭਾਰਤ ਵਿੱਚ ਮਨੁੱਖੀ ਜੈਨੇਟਿਕਸ ਖੇਤਰ ਲਈ ਇੱਕ ਪਾਇਨੀਅਰ” ਕਿਹਾ।
ਡਾ. ਜੈ ਰੂਪ ਸਿੰਘ ਨੇ “ਡਿਮਿਸਟਿਫਾਇੰਗ ਮਿਥਸ” ਸਿਰਲੇਖ ਅਧੀਨ ਇੱਕ ਦਿਲਚਸਪ ਭਾਸ਼ਣ ਦਿੱਤਾ. ਜੋ ਕਿ ਜੈਨੇਟਿਕ ਵਿਗਿਆਨ ਦੇ ਅਤੀਤ, ਵਰਤਮਾਨ ਅਤੇ ਭਵਿੱਖ ਦੇ ਦੁਆਲੇ ਕੇਂਦਰਿਤ ਸੀ ਅਤੇ ਉਹਨਾਂ ਇਸ ਦੇ ਆਲੇ ਦੁਆਲੇ ਮਿੱਥਾਂ ਬਾਰੇ ਚਰਚਾ ਕੀਤੀ।ਉਨ੍ਹਾਂ ਮਹਾਂਭਾਰਤ ਤੋਂ ਲੈ ਕੇ ਯੂਨਾਨੀ ਮਿਥਿਹਾਸ ਤੱਕ ਦੇ ਵੱਖ-ਵੱਖ ਸਭਿਆਚਾਰਾਂ ਵਿੱਚ ਆਮ ਮਿੱਥਾਂ ਨੂੰ ਸੂਚੀਬੱਧ ਕਰਦਿਆਂ ਜੈਨੇਟਿਕ ਵਿਗਾੜਾਂ ਬਾਰੇ ਗੱਲਬਾਤ ਕੀਤੀ।ਭਵਿੱਖ ਦੀ ਗੱਲ ਕਰਦੇ ਹੋਏ, ਉਨ੍ਹਾਂ ਕਿਹਾ ਕਿ ਕਈ ਔਜ਼ਾਰ ਜੈਨੇਟਿਕ ਵਿਗਾੜਾਂ ਦਾ ਮੁਕਾਬਲਾ ਕਰਨ ਵਿੱਚ ਕ੍ਰਾਂਤੀਕਾਰੀ ਹੋਣਗੇ, ਪਰ ਉਨ੍ਹਾਂ ਇਸ ਦੀ ਮਨੁੱਖਤਾ ਵਿਰੁੱਧ ਗਲਤ ਵਰਤੋਂ ਹੋਣ ਤੋਂ ਵੀ ਸੁਚੇਤ ਕੀਤਾ।

 

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …