ਨਵੀਂ ਪੀੜ੍ਹੀ ਦਾ ਪੰਜਾਬੀ ਸਾਹਿਤ ਤੋਂ ਟੁੱਟਣਾ, ਮਾਂ ਬੋਲੀ ਪੰਜਾਬੀ ਤੋਂ ਬੇਮੁੱਖ ਹੋਣਾ ਹੈ – ਕਹਾਣੀਕਾਰ ਸੁਖਜੀਤ
ਸਮਰਾਲਾ, 20 ਅਪਰੈਲ (ਇੰਦਰਜੀਤ ਸਿੰਘ ਕੰਗ) – ਸਾਹਿਤ ਸਭਾ (ਰਜਿ.) ਸਮਰਾਲਾ ਦੀ ਮਹੀਨਾਵਾਰ ਇਕੱਤਰਤਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆਂ) ਸਮਰਾਲਾ ਵਿਖੇ ਸਭਾ ਦੇ ਚੇਅਰਮੈਨ ਕਹਾਣੀਕਾਰ ਸੁਖਜੀਤ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਦੌਰਾਨ ਪੰਜਾਬੀ ਲਿਖਾਰੀ ਸਭਾ ਰਾਮਪੁਰ ਦੀ ਚੋਣ ਉਪਰੰਤ ਨਵੀਂ ਚੁਣੀ ਕਾਰਜਕਾਰਨੀ ਦੇ ਅਹੁੱਦੇਦਾਰ ਅਨਿਲ ਫਤਿਹਗੜ੍ਹ ਜੱਟਾਂ ਪ੍ਰਧਾਨ, ਬਲਵੰਤ ਸਿੰਘ ਮਾਂਗਟ ਜਨਰਲ ਸਕੱਤਰ, ਨੀਤੂ ਰਾਮਪੁਰ ਸਕੱਤਰ, ਨੋਬੀ ਸੋਹਲ ਮੀਤ ਪ੍ਰਧਾਨ ਅਤੇ ਸਰਪ੍ਰਸਤ ਸੁਰਿੰਦਰ ਰਾਮਪੁਰੀ ਨੂੰ ਵਧਾਈ ਦਿੱਤੀ ਗਈ ਅਤੇ ਸਭਾ ਵਿੱਚ ਆਉਣ ‘ਤੇ ਉਨਾਂ ਦਾ ਹਾਰ ਪਾ ਕੇ ਸਵਾਗਤ ਕੀਤਾ ਗਿਆ।
ਸਭਾ ਦੀ ਕਾਰਵਾਈ ਅਰੰਭ ਕਰਦੇ ਹੋਏ ਸਭਾ ਦੇ ਜਨਰਲ ਸਕੱਤਰ ਅਮਨ ਸਮਰਾਲਾ ਵਲੋਂ ਰਚਨਾਵਾਂ ਲਈ ਸਭ ਤੋਂ ਪਹਿਲਾਂ ਨੀਤੂ ਰਾਮਪੁਰ ਨੂੰ ਸੱਦਾ ਮਿਲਣ ‘ਤੇ ਉਨਾਂ ਆਪਣੀ ਕਵਿਤਾ ‘ਅਨੁਮਾਨ’ ਸੁਣਾਈ।ਅਨਿਲ ਫਤਿਹਗੜ੍ਹ ਜੱਟਾਂ ਨੇ ਕਵਿਤਾ ‘ਉਹ ਅਜੇ ਸੁੱਤਾ ਨਹੀਂ’ ਸੁਣਾਈ।ਕਹਾਣੀਕਾਰ ਤਰਨ ਬੱਲ ਨੇ ਕਹਾਣੀ ‘ਮੈਂ ਤੇ ਸ਼ੈਅ’ ਸੁਣਾਈ।ਜਿਸ ਉਪਰ ਚਰਚਾ ਦੌਰਾਨ ਕਹਾਣੀ ਵਿੱਚ ਸੁਧਾਰ ਲਈ ਕਿਹਾ ਗਿਆ।ਗੁਰਮੀਤ ਸਿੰਘ ਨੇ ਗੀਤ ‘ਉਡੀਕਾਂ’, ਬਲਵੰਤ ਮਾਂਗਟ ਨੇ ਗੀਤ ‘ਵਿਸਾਖੀ’ ਅਤੇ ਅਵਤਾਰ ਸਿੰਘ ਉਟਾਲਾਂ ਨੇ ਗੀਤ ‘ਰਾਹਦਾਰੀ’ ਸੁਣਾਇਆ।ਸੁਰਜੀਤ ਜੀਤ ਨੇ ਗ਼ਜ਼ਲ ‘ਵੇਖ ਲੈ ਮਨ ਦਾ ਪਸਾਰਾ’ ਸੁਣਾਈ।ਜਲੌਰ ਸਿੰਘ ਖੀਵਾ ਨੇ ਗ਼ਜ਼ਲ ‘ਖਾਕ ’ਚ ਰੁਲ ਕੇ ਖਾਕ’ ਸੁਣਾਈ।ਪਰਮ ਸਿਆਣ ਨੇ ਗੀਤ ‘ਸੱਜਣਾ ਦਾ ਸਾਥ’ ਸੁਣਾਇਆ।ਇਨ੍ਹਾਂ ਰਚਨਾਵਾਂ ‘ਤੇ ਚਰਚਾ ਕਰਨ ਉਪਰੰਤ ਕਹਾਣੀਕਾਰ ਸੁਖਜੀਤ ਨੇ ਪੰਜਾਬੀ ਸਾਹਿਤ ਦੀ ਵਿਸ਼ਾਲਤਾ ਅਤੇ ਪਸਾਰ ਬਾਰੇ ਜਾਣਕਾਰੀ ਦਿੱਤੀ।ਅੱਜ ਦੀ ਨੌਜਵਾਨੀ ਨੂੰ ਪੜ੍ਹਨ ਲਈ ਪ੍ਰੇਰਿਤ ਕੀਤਾ ਕਿਹਾ ਕਿ ਕਿਤਾਬਾਂ ਦਾ ਗਿਆਨ ਅਜਿਹਾ ਗਿਆਨ ਹੈ, ਜਿਸ ਨੂੰ ਕੋਈ ਧੋਖੇ ਨਾਲ ਵੀ ਨਹੀਂ ਖੋਹ ਸਕਦਾ।ਨਵੀਂ ਪੀੜ੍ਹੀ ਵਿਚੋਂ ਪੜ੍ਹਨ ਦੀ ਲਗਨ ਘਟਣ ਦਾ ਮੁੱਖ ਕਾਰਨ ਸਾਡਾ ਖੁਦ ਆਪਣੀ ਮਾਂ ਬੋਲੀ ਤੋਂ ਬੇਮੁੱਖ ਹੋਣਾ ਸਭ ਤੋਂ ਵੱਡਾ ਕਾਰਨ ਹੈ।
ਇਸ ਮੌਕੇ ਗੁਰਭਗਤ ਸਿੰਘ, ਕਹਾਣੀਕਾਰ ਮਨਦੀਪ ਸਿੰਘ ਡਡਿਆਣਾ, ਗੁਰਦੀਪ ਮਹੌਣ ਆਦਿ ਵੀ ਮੌਜ਼ੂਦ ਸ਼ਾਮਲ ਸਨ।ਅਖੀਰ ਸਭਾ ਦੇ ਜਨ: ਸਕੱਤਰ ਅਮਨ ਸਮਰਾਲਾ ਨੇ ਮੀਟਿੰਗ ਵਿੱਚ ਸ਼ਾਮਲ ਸਾਰੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ।