ਜੀਵਨ ਦਾ ਸਹੀ ਮਕਸਦ ਧਾਰ ਲੈਣ ਤਾਂ ਕਾਮਯਾਬੀ ਜ਼ਰੂਰ ਮਿਲੇਗੀ – ਅਦਾਕਾਰ ਮਹਾਂਬੀਰ ਭੁੱਲਰ
ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਇਕ ਅਜਿਹੀ ਇੰਸਟੀਚਿਊਟ ਹੈ ਜਿਸ ’ਚ ਕੋਈ ਵੀ ਬੰਦਾ ਇਕ ਸਾਲ ਵੀ ਲਗਾ ਕੇ ਜਾਵੇ ਤਾਂ ਸਾਰੀ ਉਮਰ ਉਸ ਨੂੰ ਨਹੀਂ ਭੁੱਲਦਾ ਅਤੇ ਜਿਸ ਸੰਸਥਾ ’ਚ ਪੜ੍ਹ ਕੇ ਗਏ ਹੋਵੇ ਤੇ ਉਸ ਵਲੋਂ ਸਨਮਾਨ ਵੀ ਮਿਲੇ ਇਸ ਤੋਂ ਵੱਡੀ ਜ਼ਿੰਦਗੀ ’ਚ ਹੋਰ ਕੋਈ ਗੱਲ ਨਹੀਂ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਖਾਲਸਾ ਕਾਲਜ ਵਿਖੇ ਯੂਥ ਵੈਲਫ਼ੇਅਰ ਐਂਡ ਕਲਚਰਲ ਐਕਟੀਵਿਟੀ ਵਿਭਾਗ ਵਲੋਂ ਕਰਵਾਏ ਗਏ ‘ਸਲਾਨਾ ਇਨਾਮ ਵੰਡ ਸਮਾਰੋਹ-2023’ ਮੌਕੇ ਪੁੱਜੇ ਸਾਬਕਾ ਵਿਦਿਆਰਥੀ ਅਤੇ ਨਾਮਵਰ ਬਾਲੀਵੁੱਡ ਤੇ ਪਾਲੀਵੁਡ ਅਦਾਕਾਰ ਮਹਾਂਬੀਰ ਸਿੰਘ ਭੁੱਲਰ ਨੇ ਕੀਤਾ।
ਇਸ ਤੋਂ ਪਹਿਲਾਂ ਪ੍ਰਿੰ: ਡਾ. ਮਹਿਲ ਸਿੰਘ, ਰਾਮ ਸਿੰਘ, ਭੁੱਲਰ ਅਤੇ ਵਿਭਾਗ ਮੁਖੀ ਅਤੇ ਰਜਿਸਟਰਾਰ ਪ੍ਰੋ: ਦਵਿੰਦਰ ਸਿੰਘ ਨੇ ਸ਼ਮ੍ਹਾ ਰੌਸ਼ਨ ਕਰਕੇ ਪ੍ਰੋਗਰਾਮ ਦਾ ਅਗਾਜ਼ ਕੀਤਾ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੀ ਅਗਵਾਈ ਹੇਠ ਕਰਵਾਏ ਇਸ ਪ੍ਰੋਗਰਾਮ ’ਚ ਮੋਗਾ ਦੇ ਐਸ.ਡੀ.ਐਮ ਅਤੇ ਪੰਜਾਬੀ ਲੇਖਕ ਰਾਮ ਸਿੰਘ ਨੇ ਮੁੱਖ ਮਹਿਮਾਨ ਅਤੇ ਭੁੱਲਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਵਿਦਿਆਰਥੀਆਂ ਨੂੰ ਆਪਣੇ ਹੁਨਰ ਨੂੰ ਉਭਾਰਣ ਲਈ ਜਾਗਰੂਕ ਕਰਨ ਉਪਰੰਤ ਵੱਖ-ਵੱਖ ਸੱਭਿਆਚਾਰਕ ਗਤੀਵਿਧੀਆਂ ’ਚ ਸ਼ਾਨਦਾਰ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਟਰਾਫ਼ੀ ਭੇਂਟ ਕਰ ਕੇ ਸਨਮਾਨਿਤ ਕੀਤਾ ਗਿਆ।
ਭੁੱਲਰ ਨੇ ਬੱਚਿਆਂ ਦਾ ਵਿਦੇਸ਼ਾਂ ਵੱਲ ਰੁੱਖ ਕਰਨ ’ਤੇ ਪੁੱਛੇ ਸਵਾਲ ਦੇ ਜਵਾਬ ’ਚ ਕਿਹਾ ਕਿ ਮੁਸ਼ਕਿਲਾਂ ਤਾਂ ਹਨ ਸਰਕਾਰੀ ਮੁਸ਼ਕਿਲਾਂ ਸਮਝਣ, ਜਿਸ ਕਾਰਨ ਸਾਡਾ ਹੁਨਰ ਬਾਹਰ ਨੂੰ ਜਾ ਰਿਹਾ ਹੈ।ਸਰਕਾਰ ਉਨ੍ਹਾਂ ਨੂੰ ਇਥੇ ਸਹੀ ਮਾਹੌਲ ਨਹੀਂ ਦੇ ਪਾ ਰਹੀ, ਸਹੀ ਨੌਕਰੀਆਂ ਨਹੀਂ ਦੇ ਪਾ ਰਹੀ ਕਿ ਜਿਸ ਨਾਲ ਉਹ ਖ਼ੁਦ ਨੂੰ ਇਥੇ ਸੈਂਟਲ ਕਰ ਸਕਣ।ਉਨ੍ਹਾਂ ਕਿਹਾ ਕਿ ਥੋੜ੍ਹੀ ਜਿਹੀ ਬੇਈਮਾਨੀ ਆਪਣੇ ਬੱਚਿਆਂ ’ਚ ਵੀ ਹੈ, ਉਹ ਵੀ ਇਥੇ ਹੱਥ ਨਹੀਂ ਹਿਲਾਉਂਦੇ, ਜਿਨ੍ਹਾਂ ਉਹ ਉਥੇ ਖਪਦੇ ਹਨ, ਉਹ ਇਥੇ ਉਸ ਦਾ ਦਸਵਾਂ ਹਿੱਸਾ ਵੀ ਕੰਮ ਕਰਕੇ ਖੁਸ਼ ਨਹੀਂ।
ਰਾਮ ਸਿੰਘ ਨੇ ਕਿਹਾ ਕਿ ਕਲਾ ਵਿਅਕਤੀ ਦੇ ਜੀਵਨ ’ਚ ਰੰਗ ਭਰਦੀ ਹੈ।ਉਨ੍ਹਾਂ ਕਿਹਾ ਕਿ ਜਿਹੜੀਆਂ ਕਲਾਵਾਂ ਮਰ ਰਹੀਆਂ ਹਨ, ਉਨ੍ਹਾਂ ਨੂੰ ਜਿਉਂਦੇ ਰੱਖਣ ਲਈ ਸਾਨੂੰ ਯਤਨ ਕਰਨਾ ਚਾਹੀਦਾ ਹੈ।ਰਾਮ ਸਿੰਘ ਨੇ ਖ਼ਾਲਸਾ ਕਾਲਜ ਦੇ ਮਾਣਮੱਤੇ ਇਤਿਹਾਸ ’ਤੇ ਚਾਨਣਾ ਪਾਉਂਦਿਆਂ ਮੈਨੇਜ਼ਮੈਂਟ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਪ੍ਰੋਗਰਾਮ ਅਤੇ ਡਿਪਲੋਮੇ ਲੈ ਕੇ ਆਉਣ ਜੋ ਮਰ ਰਹੀਆਂ ਲੋਕ ਕਲਾਵਾਂ ਨੂੰ ਬਚਾਉਣ ’ਚ ਸਹਾਈ ਹੋਣ।ਉਨ੍ਹਾਂ ਕਿਹਾ ਕਿ ਜੋ ਆਰਥਿਕ ਪੱਖੋ ਕਮਜ਼ੋਰ ਹਨ ਅਤੇ ਕਲਾ ’ਚ ਨਿਪੁੰਨ ਹਨ, ਨੂੰ ਇਕ ਪਲੇਟਫ਼ਾਰਮ ਮੁਹੱਈਆ ਕਰਵਾਉਣ ਲਈ ਜਥੇਬੰਦੀਆਂ, ਸੰਸਥਾਵਾਂ ਨੂੰ ਅੱਗੇ ਆਉਣਾ ਚਾਹੀਦਾ ਹੈ।
ਰਾਮ ਸਿੰਘ ਨੇ ਡਾ. ਮਹਿਲ ਸਿੰਘ, ਪ੍ਰੋ. ਦਵਿੰਦਰ ਸਿੰਘ ਨਾਲ ਮਿਲ ਕੇ 120 ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ, ਜਿਨ੍ਹਾਂ ’ਚੋਂ 15 ਨੂੰ ਕਾਲਜ ਕਲਰ ਦਿੱਤਾ ਗਿਆ।ਵੱਖ-ਵੱਖ ਕਲਚਰਲ ਗਤੀਵਿਧੀਆਂ ਜਿਨ੍ਹਾਂ ’ਚ ਜੀ.ਐਨ.ਡੀ.ਯੂ ਜ਼ੋਨਲ ਯੂਥ ਫੈਸਟੀਵਲ ਚੈਂਪੀਅਨਸ਼ਿਪ, ਇੰਟਰ ਜ਼ੋਨਲ ਰਨਰਅੱਪ ਟਰਾਫੀ, ਪੰਜਾਬ ਰਾਜ ਅੰਤਰ-ਵਰਸਿਟੀ ਯੁਵਕ ਮੇਲਾ ’ਚ ਚਾਰ ਪੁਜ਼ੀਸ਼ਨਾਂ ਜਿੱਤਣ ਵਾਲੇ, ਨੌਰਥ ਜ਼ੋਨ ਦੇ ਯੁਵਕ ਮੇਲੇ ’ਚ ਮਿਮਿਕਰੀ ਜੇਤੂ ਰਹਿਣ ਵਾਲੇ, ਰਾਸ਼ਟਰੀ ਪੱਧਰ ’ਤੇ ਬੀ.ਐਸ.ਐਫ ਦੇ ਸਥਾਪਨਾ ਦਿਵਸ ਸਮਾਰੋਹ ਦਾ ਸ਼ਾਨਦਾਰ ਪ੍ਰਦਰਸ਼ਨ, ਜੀ-20 ਮੀਟ ਕਾਲਜ ’ਚ ਹੈਰੀਟੇਜ਼ ਕਲਚਰਲ ਫੈਸਟੀਵਲ ਪੇਸ਼ ਕਰਨ ਤੇ ਇੰਟਰ ਖਾਲਸਾ ਕਾਲਜ ਯੁਵਕ ਮੇਲੇ ’ਚ ਚੈਂਪੀਅਨ ਟਰਾਫੀ ਜਿੱਤਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।ਡਾ. ਮਹਿਲ ਸਿੰਘ, ਰਾਮ ਸਿੰਘ ਨੇ ਖਾਲਸਾ ਕਾਲਜ ਥੀਏਟਰ ਐਵਾਰਡ-2023 ਮਹਾਬੀਰ ਸਿੰਘ ਭੱਲਰ ਅਤੇ ਖਾਲਸਾ ਕਾਲਜ ਫੋਕ ਆਰਟਸ ਐਵਾਰਡ-2023 ਹਰਪ੍ਰੀਤ ਸਿੰਘ ਨੂੰ ਦਿੱਤਾ।
ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਡਾ. ਮਹਿਲ ਸਿੰਘ ਨੇ ਕਿਹਾ ਕਿ ਕਾਲਜ ਮੈਨੇਜ਼ਮੈਂਟ ਹੁਨਰਮੰਦ ਵਿਦਿਆਰਥੀਆਂ ਦੀ ਕਾਬਲੀਅਤ ਨੂੰ ਨਿਖਾਰਣ ਲਈ ਵਚਨਬੱਧ ਹੈ।ਸਮੇਂ ਸਮੇਂ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸੱਤਿਆਜੀਤ ਸਿੰਘ ਮਜੀਠੀਆ ਅਤੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਵਲੋਂ ਹਮੇਸ਼ਾਂ ਸਹਿਯੋਗ ਦਿੱਤਾ ਜਾ ਰਿਹਾ ਹੈ।ਉਨ੍ਹਾਂ ਨੇ ਸੱਭਿਆਚਾਰਕ ਗਤੀਵਿਧੀਆਂ ’ਚ ਵਿਦਿਆਰਥੀਆਂ ਦੀ ਪ੍ਰੋ: ਦਵਿੰਦਰ ਸਿੰਘ ਵਲੋਂ ਕੀਤੀ ਜਾ ਸ਼ਾਨਦਾਰ ਅਗਵਾਈ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਦਿਆਰਥੀ ਹਰ ਸਾਲ ਵਧੀਆ ਪ੍ਰਾਪਤੀਆਂ ਹਾਸਲ ਕਰ ਕੇ ਕਾਲਜ ਦਾ ਨਾਮ ਰੁਸ਼ਨਾ ਰਹੇ ਹਨ।