Sunday, December 22, 2024

ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ – ਜੀਵਨ ਬਿਓਰਾ

ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ ਸੰਨ 1723 ਨੂੰ ਗਿਆਨੀ ਭਗਵਾਨ ਸਿੰਘ ਜੀ ਦੇ ਗ੍ਰਹਿ ਮਾਤਾ ਗੰਗੋ ਜੀ ਦੀ ਕੁੱਖੋਂ ਪਿੰਡ ਈਚੋਗਿਲ ਅੱਜਕਲ

ਪਾਕਿਸਤਾਨ ਵਿਖੇ ਹੋਇਆ ਸੀ।ਗਿਆਨੀ ਭਗਵਾਨ ਸਿੰਘ ਜੀ ਆਪਣਾ ਜੱਦੀ ਪਿੰਡ ਛੱਡ ਕੇ ਪਿੰਡ ਈਚੋਗਿਲ ਆ ਵੱਸੇ ਸਨ, ਜੋ ਕਿ ਉਸ ਵੇਲੇ ਜਿਆਦਾ ਸੁਰੱਖਿਅਤ ਸੀ।ਆਪ ਜੀ ਆਪਣੇ ਪਿਤਾ ਜੀ ਦੀ ਇੱਛਾ ਦੇ ਉਲਟ ਆਪਣਾ ਤਰਖਾਣਾ ਕਿੱਤਾ ਨਾ ਅਪਨਾ ਕੇ ਉਹਨਾਂ ਨਾਲ ਜੰਗਾਂ ਯੁੱਧਾਂ ਵਿੱਚ ਹਿੱਸਾ ਲੈਂਦੇ ਰਹੇ ਤੇ ਛੋਟੀ ਉਮਰ ਤੋਂ ਹੀ ਲੜਾਈਆਂ ਲੜਨ ਦੇ ਹਰ ਤਰਾਂ ਦੇ ਗੁਰ ਸਿੱਖ ਕੇ ਮਾਹਿਰ ਯੋਧਾ ਬਣ ਕੇ ਕੋਮ ਦੀ ਅਗਵਾਈ ਕਰਨ ਲੱਗ ਪਏ।ਆਪ ਸ੍ਰ: ਗੁਰਦਿਆਲ ਸਿੰਘ ਪੰਜਵੜ੍ਹ ਪਾਸੋਂ ਅੰਮ੍ਰਿਤ ਛਕ ਕੇ ਸਿੰਘ ਸੱਜ ਗਏ।ਆਪ ਪੱਕੇ ਨਿਤਨੇਮੀ ਅਤੇ ਪੂਰਨ ਗੁਰਸਿੱਖ ਸਨ ਅਤੇ 25 ਸਾਲ ਦੀ ਉਮਰ ਵਿੱਚ ਆਪ ਦੀ ਸ਼ਾਦੀ ਸਰਦਾਰਨੀ ਦਿਆਲ ਕੌਰ ਨਾਲ ਹੋਈ।ਆਪ ਜੀ ਦੇ ਦੋ ਸਪੁੱਤਰ ਸ੍ਰ: ਜੋਧ ਸਿੰਘ ਅਤੇ ਸ੍ਰ: ਵੀਰ ਸਿੰਘ ਹੋਏ ਸਨ।ਆਪ ਜੀ ਦੇ ਪਿਤਾ ਗਿਆਨੀ ਭਗਵਾਨ ਸਿੰਘ ਜੀ ਸ਼ਹੀਦੀ ਵੇਲੇ ਆਪ ਜੀ ਦੀ ਉਮਰ 15-16 ਸਾਲ ਦੀ ਸੀ ਤੇ ਜਕਰੀਆ ਖਾਨ ਤੋਂ ਮਿਲੇ ਪੰਜ ਪਿੰਡਾਂ ਦੀ ਜਗੀਰ ਦੀ ਦੇਖ-ਭਾਲ ਦੀ ਜਿੰਮੇਵਾਰੀ ਤੇ ਨਾਲ ਰਿਸਾਲਦਾਰ ਦੀ ਅਹੁੱਦੇਦਾਰੀ ਵੀ ਆਪ ਦੇ ਪਾਸ ਸੀ।ਸੋ ਆਪ ਨੇ ਵੱਲਾ ਪਿੰਡ ਆਪਣੇ ਪਾਸ ਰੱਖ ਕੇ ਬਾਕੀ ਚਾਰ ਪਿੰਡ ਆਪਣੇ ਚਾਰਾਂ ਭਰਾਵਾਂ ਨੂੰ ਦੇ ਦਿੱਤੇ।ਵੱਲੇ ਦੀ ਹੱਦਬੰਦੀ ਵੇਲੇ ਜਲੰਧਰ ਦੇ ਫੌਜ਼ਦਾਰ ਅਦੀਨਾ ਬੇਗ ਨਾਲ ਆਪ ਦੀ ਝੜਪ ਹੋ ਗਈ, ਜਿਸ ਨੂੰ ਇਤਿਹਾਸ ਵਿੱਚ ਵੱਲੇ ਦੀ ਲੜਾਈ ਕਰਕੇ ਜਾਣਿਆ ਜਾਂਦਾ ਹੈ।
ਸੰਨ 1747 ਨੂੰ ਸ੍ਰੀ ਅਨੰਦਪੁਰ ਸਾਹਿਬ ਵਿੱਚ ਹੋਲੇ ਮਹੱਲੇ ਦਾ ਮੇਲਾ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਅਤੇ ਇਸੇ ਸਾਲ ਹੀ ਵਿਸਾਖੀ ਤੇ ਸ਼੍ਰੀ ਅੰਮ੍ਰਿਤਸਰ ਵਿਖੇ ਭਾਰੀ ਇਕੱਠ ਹੋਇਆ।ਇਸ ਇਕੱਠ ਵਿੱਚ ਉਘੇ ਸਿੱਖ ਆਗੂਆਂ ਨੇ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ ਆਪਣੀ ਤਾਕਤ ਵਧਾਉਣ, ਅੰਮ੍ਰਿਤਸਰ ਸ਼ਹਿਰ ਤੇ ਸ੍ਰੀ ਹਰਮੰਦਰ ਸ਼ਾਹਿਬ ਦੀ ਰਾਖੀ ਲਈ ਆਪ ਨੇ ਕਿਲ੍ਹੇ ਉਸਾਰਨੇ ਚਾਹੀਦੇ ਹਨ।ਕਿਉਂਕਿ ਜਦੋਂ ਵੀ ਸਿੱਖਾਂ ਦੇ ਪਵਿੱਤਰ ਗੁਰ ਅਸਥਾਨਾਂ ਅਤੇ ਸ਼ਹਿਰਾਂ ‘ਤੇ ਮੁਗਲਾਂ ਦੇ ਹਮਲੇ ਹੁੰਦੇ ਹਨ ਤਾਂ ਸਿੰਘਾਂ ਨੂੰ ਜੰਗਲਾਂ ਚੋਂ ਨਿਕਲ ਕੇ ਉਹਨਾਂ ਦਾ ਟਾਕਰਾ ਕਰਨਾ ਪੈਂਦਾ ਹੈ।ਪਰ ਤਦ ਤੱਕ ਕੌਮ ਦਾ ਜਾਨ ਮਾਲ ਦਾ ਬਹੁਤ ਨੁਕਸਾਨ ਹੋ ਜਾਂਦਾ ਹੈ।
ਭਾਈ ਸੁੱਖਾ ਸਿੰਘ ਕਲਸੀ ਮਾੜੀ ਕੰਬੋਕੀ ਦੀ ਅਗਵਾਈ ਹੇਠ ਸਰਬਸੰਮਤੀ ਨਾਲ ਇਹ ਫੈਸਲਾ ਕੀਤਾ ਗਿਆ ਕਿ ਪਹਿਲਾ ਕਿਲ੍ਹਾ ਅੰਮ੍ਰਿਤਸਰ ਦੀ ਧਰਤੀ ‘ਤੇ ਹੀ ਉਸਾਰਿਆ ਜਾਵੇ ਤੇ ਇਸ ਦੀ 1748 ਨੂੰ ਸ਼ਹਿਰ ਦੀ ਪੂਰਬ ਵਾਲੀ ਬਾਹੀ ਵੱਲ ਇੱਕ ਕੱਚੀ ਗੜ੍ਹੀ ਦੀ ਨੀਂਹ ਰੱਖ ਕੇ ਕੰਮ ਸ਼ੁਰੂ ਕਰ ਦਿੱਤਾ ਗਿਆ ਤੇ ਕੁੱਝ ਹੀ ਸਮੇਂ ਵਿੱਚ ਸਿੰਘਾਂ ਨੇ 500 ਯੋਧਿਆਂ ਦੇ ਰਹਿਣ ਲਈ ਇਹ ਗੜ੍ਹੀ ਤਿਆਰ ਕਰ ਦਿੱਤੀ।ਇਸ ਦਾ ਨਾਮ ਸ੍ਰੀ ਗੁਰੂ ਰਾਮਦਾਸ ਜੀ ਦੇ ਨਾਮ ‘ਤੇ ‘ਰਾਮਰੌਣੀ’ ਰੱਖਿਆ ਗਿਆ।1748 ਨੂੰ ਹੀ ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ਉਤੇ ਪਹਿਲੀ ਵਾਰ ਹਮਲਾ ਕੀਤਾ ਤੇ ਇਸ ਨੂੰ ਮੁਈਨ-ਉਲ-ਮੁਲਕ ਨੇ ਮਨੂੰਪੁਰ ਦੇ ਅਸਥਾਨ ‘ਤੇ ਭਾਰੀ ਹਾਰ ਦਿੱਤੀ।ਜਿਸ ਤੋਂ ਖੁਸ਼ ਹੋ ਕੇ ਬਾਦਸ਼ਾਹ ਨੇ ਉਸਨੂੰ ਮੀਰ-ਮੰਨੂ ਦਾ ਖਿਤਾਬ ਦਿੱਤਾ ਤੇ ਨਾਲ ਹੀ ਪੰਜਾਬ ਦਾ ਗਵਰਨਰ ਥਾਪ ਦਿੱਤਾ।ਮੀਰ ਮਨੂੰ ਸਿੱਖਾਂ ਦੀ ਵਧਦੀ ਤਾਕਤ ਤੇ ਰਾਮ ਰੌਣੀ ਨੂੰ ਦੇਖ ਕੇ ਬਹੁਤ ਘਬਰਾ ਗਿਆ ਤੇ ਆਪਣੀ ਗੱਦੀ ਕਾਇਮ ਰੱਖਣ ਲਈ ਸਿੱਖਾਂ ਨੂੰ ਖਤਮ ਕਰਨ ਦੀ ਨੀਤੀ ਅਪਨਾ ਲਈ।ਅਮਨ ਕਾਇਮ ਕਰਨ ਦੇ ਬਹਾਨੇ ਉਸ ਨੇ ਇਲਾਕੇ ਵਿੱਚ ਗਸ਼ਤੀ ਫੋਜ ਭੇਜ ਕੇ ਸਿੰਘਾਂ ਦੇ ਕਤਲੇ-ਆਮ ਦਾ ਹੁਕਮ ਚਾੜ੍ਹ ਦਿੱਤਾ।ਸਿੰਘ ਹਮੇਸ਼ਾਂ ਵਾਂਗ ਜੰਗਲਾਂ ਵਿਚ ਆਪਣੀਆਂ ਲੁਕਣਗਾਹਾਂ ‘ਚ ਰੁਪੋਸ਼ ਹੋ ਗਏ।ਕੁੱਝ ਚੋਣਵੇਂ ਸਿੰਘ ਯੋਧੇ ਸ੍ਰ. ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਹੇਠ ਸ੍ਰੀ ਹਰਿਮੰਦਰ ਸਾਹਿਬ ਦੀ ਰਾਖੀ ਹਿੱਤ ਰਾਮ ਰੌਣੀ ਵਿਚ ਜਮ੍ਹਾਂ ਹੋ ਗਏ।ਮੀਰ ਮਨੂੰ ਨੂੰ ਜਦ ਇਸ ਗੱਲ ਦੀ ਖਬਰ ਮਿਲੀ ਤਾਂ ਉਸ ਨੇ ਆਪਣੀਆਂ ਫੋਜਾਂ ਨੂੰ ਰਾਮ ਰੌਣੀ ਨੂੰ ਘੇਰਨ ਦਾ ਹੁਕਮ ਦੇ ਦਿੱਤਾ ਨਾਲ ਹੀ ਅਦੀਨਾ ਬੇਗ ਨੂੰ ਵੀ ਆਪਣੀਆਂ ਫੋਜਾਂ ਨਾਲ ਅੰਮ੍ਰਿਤਸਰ ਪਹੁੰਚਣ ਦਾ ਹੁਕਮ ਕੀਤਾ।ਤਕਰੀਬਨ 6 ਮਹੀਨੇ ਘੇਰਾ ਪਿਆ ਰਿਹਾ, ਰਾਮ ਰੌਣੀ ਅੰਦਰ ਰਾਸ਼ਨ ਵਗੈਰਾ ਮੁੱਕਣ ਨਾਲ ਸਿੰਘਾਂ ਦੀ ਹਾਲਤ ਮਾੜੀ ਹੋ ਗਈ।ਤਾਂ ਸਿੰਘਾਂ ਨੇ ਮਤਾ ਪਕਾਇਆ ਕਿ ਹੁਣ ਰਾਮ ਰਾਉਣੀ ਨੂੰ ਬਚਾਉਣ ਅਤੇ ਦੁਸ਼ਮਣ ਦਾ ਟਾਕਰਾ ਕਰਨ ਲਈ ਇਸ ਰਾਉਣੀ ਨੂੰ ਬਨਾਉਣ ਵਾਲੇ ਸ੍ਰ. ਜੱਸਾ ਸਿੰਘ ਈਚੋਗਿਲੀਏ ਦੀ ਸਹਾਇਤਾ ਲਈ ਜਾਵੇ।ਇਸ ਮਕਸਦ ਲਈ ਸਿੰਘਾਂ ਨੇ ਆਪਣੇ ਸੂਹੀਆਂ ਰਾਹੀਂ ਸ੍ਰ: ਜੱਸਾ ਸਿੰਘ ਈਚੋਗਿਲੀਆ ਨੂੰ ਉਸ ਦੇ ਟਿਕਾਣੇ ‘ਤੇ ਸੰਦੇਸ਼ਾ ਘੱਲਿਆ ਕਿ ਇਸ ਵੇਲੇ ਅਸੀਂ ਮੁਸੀਬਤ ਵਿੱਚ ਹਾਂ ਤੇ ਸਾਡੀ ਮਦਦ ਕਰੋ।ਇਹ ਜਾਣ ਕੇ ਫੌਰਨ ਹੀ ਸ੍ਰ: ਜੱਸਾ ਸਿੰਘ ਈਚੋਗਿਲੀਆ ਆਪਣੇ ਸਾਰੇ ਸਾਥੀਆਂ ਸਮੇਤ ਮਿਥੇ ਪੌ੍ਰਗਰਾਮ ਮੁਤਾਬਿਕ ਰਾਤ ਦੇ ਹਨੇਰੇ ਦਾ ਫਾਇਦਾ ਲੈ ਕੇ ਰਾਮ ਰੌਣੀ ਵਿਚ ਆ ਗਿਆ।ਇਸ ਤਰਾਂ ਕਰਨ ਨਾਲ ਸਿੱਖ ਫੌਜਾਂ ਦੇ ਹੌਂਸਲੇ ਦੁਗਣੇ ਹੋ ਗਏ ਤੇ ਮੁਗਲ ਫੋਜਾਂ ਦੇ ਹੌਂਸਲੇ ਪਸਤ ਹੋ ਗਏ।ਉਧਰੋਂ ਅਹਿਮਦ ਸ਼ਾਹ ਅਬਦਾਲ਼ੀ ਦੇ ਮੁੜ ਹਮਲੇ ਦੀ ਖਬਰ ਨੇ ਮੀਰ ਮੰਨੂ ਨੂੰ ਸਿੱਖਾਂ ਨਾਲ ਸਮਝੌਤਾ ਕਰਨ ਲਈ ਮਜ਼ਬੂਰ ਕਰ ਦਿੱਤਾ ਸੋ ਉਸਨੇ ਦੀਵਾਨ ਕੌੜਾ ਮੱਲ ਰਾਹੀਂ ਸਿੱਖਾਂ ਨਾਲ ਸੁਲਹ ਕਰਕੇ ਰਾਮ ਰੌਣੀ ਦਾ ਘੇਰਾ ਚੁੱਕ ਲਿਆ ਗਿਆ।ਇਸ ਤੋਂ ਬਾਅਦ ਸਿੱਖ ਸਰਦਾਰਾਂ ਨੇ ਇਸ ਜਿੱਤ ਦੀ ਬਹੁਤ ਖੁਸ਼ੀ ਮਨਾਈ ਅਤੇ ਸ੍ਰ: ਜੱਸਾ ਸਿੰਘ ੲਚਿੋਗਿਲੀਆ ਦੀ ਇਸ ਔਖੇ ਸਮੇ ਕੌਮ ਦੀ ਮਦਦ ਕਰਨ ਲਈ ਬਹੁਤ ਪ੍ਰਸ਼ੰਸਾ ਕੀਤੀ ਤੇ ਉਸ ਨੂੰ ਰਾਮ ਰੌਣੀ ਦੀ ਜਥੇਦਾਰੀ ਸੌਂਪ ਦਿੱਤੀ।ਸ੍ਰ: ਜੱਸਾ ਸਿੰਘ ੲਚਿੋਗਿਲੀਆ ਨੇ ਜਥੇਦਾਰੀ ਮਿਲਣ ਤੋਂ ਬਾਅਦ ਰਾਮ ਰੌਣੀ ਨੂੰ ਇਕ ਵਿਸ਼ਾਲ ਪੱਕੇ ਕਿਲੇ੍ਹ ਦੀ ਸ਼ਕਲ ਦੇ ਦਿੱਤੀ ਤੇ ਇਸ ਦਾ ਨਾਮ ‘ਰਾਮਗੜ੍ਹ’ ਰੱਖ ਦਿੱਤਾ।
(ਭਾਗ ਦੂਜਾ) 1405202301

ਗਿਆਨ ਸਿੰਘ ਬਮਰਾਹ
ਅੰਮ੍ਰਿਤਸਰ।
ਮੋ – 9464283050

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …