ਅੰਮ੍ਰਿਤਸਰ, 16 ਅਗਸਤ (ਸੁਖਬੀਰ ਸਿੰਘ ਖੁਰਮਣੀਆਂ ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਦੀ ਦੇਖ-ਰੇਖ ਹੇਠ ਚੱਲ ਰਹੇ ਵਿੱਦਿਅਕ ਅਦਾਰੇ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫਾਰ ਵੂਮੈਨ ਅਤੇ ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ, ਰਣਜੀਤ ਐਵੀਨਿਊ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ।ਵੂਮੇਨ ਕਾਲਜ ਦੇ ਪ੍ਰਿੰਸੀਪਲ ਨਾਨਕ ਸਿੰਘ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਨਿਰਮਲਜੀਤ ਕੌਰ ਗਿੱਲ ਦੀ ਅਗਵਾਈ ਹੇਠ ਲਗਾਏ ਗਏ ਤੀਜ਼ ਮੇਲੇ ’ਚ ਵੱਖ-ਵੱਖ ਕਲਾਸਾਂ ਦੀਆਂ ਵਿਦਿਆਰਥਣਾਂ ਨੇ ਉਤਸ਼ਾਹ ਵਿਖਾਉਦੇ ਹੋਏ ਵੱਖਰੀਆਂ-ਵੱਖਰੀਆਂ ਪੇਸ਼ਕਾਰੀਆਂ ਜਿਸ ’ਚ ਗਿੱਧਾ, ਭੰਗੜਾ, ਲੋਕ ਗੀਤ ਅਤੇ ਝੂੰਮਰ ਰਾਹੀਂ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ।
ਪ੍ਰਿੰ: ਨਾਨਕ ਸਿੰਘ ਨੇ ਵਿਦਿਆਰਥਣਾਂ ਦੁਆਰਾ ਟੈਲੇਂਟ ਹੰਟ ਮੁਕਾਬਲੇ ਦੌਰਾਨ ਸੱਭਿਆਚਾਰਕ ਨਾਲ ਸਬੰਧਿਤ ਪੇਸ਼ ਕੀਤੇ ਗਏ ਨਾਟਕ, ਡਾਂਸ ਅਤੇ ਗੀਤ ਆਦਿ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਨੌਜਵਾਨਾਂ ਨੂੰ ਆਪਣੇ ਪੰਜਾਬੀ ਵਿਰਸੇ ਨਾਲ ਜੁੜਨ ਅਤੇ ਇਸ ਨੂੰ ਸੰਭਾਲ ਕੇ ਰੱਖਣ ਦਾ ਸੰਦੇਸ਼ ਦਿੰਦੇ ਹਨ।ਉਨਾਂ ਨੇ ਤੀਆਂ ਦੇ ਤਿਉਹਾਰ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਤਿਉਹਾਰ ਆਪਸੀ ਮੇਲ ਮਿਲਾਪ ਦਾ ਪ੍ਰਤੀਕ ਹੈ.
ਉਨ੍ਹਾਂ ਕਿਹਾ ਕਿ ਅਮੀਰ ਪੰਜਾਬੀ ਸੱਭਿਆਚਾਰ ’ਤੇ ਪਏ ਪੱਛਮੀ ਸੱਭਿਆਚਾਰ ਦੇ ਪ੍ਰਭਾਵ ਸਦਕਾ ਸਾਡੀ ਨੌਜਵਾਨ ਪੀੜੀ ਆਪਣੇ ਅਮੀਰ ਵਿਰਸੇ ਨੂੰ ਭੁੱਲਦੀ ਜਾ ਰਹੀ ਹੈ।ਉਨਾਂ ਕਿਹਾ ਕਿ ਪੰਜਾਬੀ ਵਿਰਸੇ ਨੂੰ ਜਿਉਦੇ ਰੱਖਣ ਲਈ ਸਾਡੀ ਸੰਸਥਾ ਸ਼ੁਰੂ ਤੋਂ ਹੀ ਯਤਨਸ਼ੀਲ ਰਹੀ ਹੈ, ਇਸੇ ਲਈ ਇਥੇ ਹਰੇਕ ਤਿਉਹਾਰ ਨੂੰ ਧੂਮਧਾਮ ਨਾਲ ਮਨਾਇਆ ਜਾਂਦਾ ਹੈ।
ਇਸੇ ਤਰਾਂ ਇੰਟਰਨੈਸ਼ਨਲ ਸਕੂਲ ਵਿਖੇ ਪ੍ਰਿੰ: ਸ੍ਰੀਮਤੀ ਗਿੱਲ ਨੇ ਖਾਲਸਾ ਕਾਲਜ ਆਫ਼ ਐਜੂਕੇਸ਼ਨ ਦੇ ਪ੍ਰਿੰਸੀਪਲ ਡਾ. ਮਨਦੀਪ ਕੌਰ ਦੇ ਮੁੱਖ ਮਹਿਮਾਨ ਵਜੋਂ ਪੁੱਜਣ ‘ਤੇ ਸਵਾਗਤ ਕੀਤਾ. ਇਸ ਮੌਕੇ ਵਿਦਿਆਰਥਣਾਂ ਦੁਆਰਾ ਲੋਕ ਨਾਚ ਲੁੱਡੀ, ਲੋਕ-ਗੀਤ, ਗਿੱਧਾ, ਭੰਗੜਾ ਸੋਲੋ ਡਾਂਸ, ਕੋਰੀਓਗ੍ਰਾਫੀ ਆਦਿ ਪੇਸ਼ ਕਰਕੇ ਮਾਹੌਲ ਨੂੰ ਰੰਗੀਨ ਬਣਾਇਆ। ਅਧਿਆਪਕਾਵਾਂ ਨੇ ਵੀ ਆਪਣੀ ਕਲਾ ਦੇ ਜੌਹਰ ਵਿਖਾਉਦਿਆਂ ਤੀਆਂ ਦਾ ਜਸ਼ਨ ਮਨਾਇਆ.
ਡਾ. ਮਨਦੀਪ ਕੌਰ ਨੇ ਪ੍ਰਿੰ. ਗਿੱਲ ਦੁਆਰਾ ਸਕੂਲ ਵਿਖੇ ਮਨਾਏ ਤੀਆਂ ਦੇ ਜਸ਼ਨ ਦੀ ਸ਼ਲਾਘਾ ਕਰਦਿਆਂ ਵਿਦਿਆਰਥਣਾਂ ਦੀ ਹੌਸਲਾ ਅਫਜ਼ਾਈ ਕੀਤੀ।ਪ੍ਰਿੰ: ਗਿੱਲ ਨੇ ਕਿਹਾ ਕਿ ਪੰਜਾਬੀ ਸੱਭਿਆਚਾਰ ਨੂੰ ਉਜਾਗਰ ਕਰਦੇ ਅਜਿਹੇ ਤਿਉਹਾਰ ਮਨਾਉਣੇ ਚਾਹੀਦੇ ਹਨ ਤਾਂ ਜੋ ਆਉਣ ਵਾਲੀ ਪੀੜ੍ਹੀ ਆਪਣੇ ਸੱਭਿਆਚਾਰ ਨੂੰ ਸੰਭਾਲ ਕੇ ਰੱਖ ਸਕੇ।ਇਸ ਮੌਕੇ ਉਕਤ ਅਦਾਰਿਆਂ ‘ਚ ਸਮੂਹ ਸਟਾਫ ਅਤੇ ਵਿਦਿਆਰਥਣਾਂ ਹਾਜ਼ਰ ਸਨ।