Sunday, September 8, 2024

ਸਾਹਿਤ ਸਭਾ ਸਮਰਾਲਾ ਦੀ ਮਾਸਿਕ ਇਕੱਤਰਤਾ ‘ਚ ਗੀਤਾਂ, ਗ਼ਜ਼ਲਾਂ ਦੀ ਲੱਗੀ ਛਹਿਬਰ

ਸੁਨੀਲ ਜਾਖੜ ਦੁਆਰਾ ਡਾ. ਨਿਰਮਲ ਜੌੜਾ ਪ੍ਰਤੀ ਵਰਤੀ ਸ਼ਬਦਾਵਲੀ ਦੀ ਕੀਤੀ ਨਿੰਦਾ

ਸਮਰਾਲਾ, 31 ਅਕਤੂਬਰ (ਇੰਦਰਜੀਤ ਸਿੰਘ ਕੰਗ) – ਸਾਹਿਤ ਸਭਾ (ਰਜਿ.) ਸਮਰਾਲਾ ਦੀ ਮਾਸਿਕ ਇਕੱਤਰਤਾ ਸਭਾ ਦੇ ਪ੍ਰਧਾਨ ਐਡਵੋਕੇਟ ਨਰਿੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਸਰਕਾਰੀ ਸੀਨੀ: ਸੈਕੰ: ਸਕੂਲ (ਲੜਕੇ) ਸਮਰਾਲਾ ਵਿਖੇ ਹੋਈ।ਉੱਘੇ ਰੰਗਰਕਮੀ ਅਤੇ ਫਿਲਮੀ ਅਦਾਕਾਰ ਰਾਜਵਿੰਦਰ ਸਮਰਾਲਾ ਦੇ ਪਿਤਾ ਜਸਵੰਤ ਸਿੰਘ, ਕੇਂਦਰੀ ਸਭਾ ਦੇ ਸਾਬਕਾ ਪ੍ਰਧਾਨ ਸ਼੍ਰੋਮਣੀ ਸ਼ਾਇਰ ਪ੍ਰੋ. ਅਨੂਪ ਵਿਰਕ, ਪ੍ਰਵਾਸੀ ਸਾਹਿਤਕਾਰ ਸੁਰਜਨ ਜ਼ੀਰਵੀ ਦੇ ਅਕਾਲ ਚਲਾਣਾ ਕਰਨ ‘ਤੇ ਸ਼ੋਕ ਪ੍ਰਗਟ ਕੀਤਾ ਗਿਆ।ਬੀਤੇ ਦਿਨੀਂ ਭਾਜਪਾ ਆਗੂ ਸੁਨੀਲ ਜਾਖੜ ਦੁਆਰਾ 1 ਨਵੰਬਰ ਨੂੰ ਮੁੱਖ ਮੰਤਰੀ ਦੁਆਰਾ ਰੱਖੇ ਡਿਵੇਟ ਪ੍ਰੋਗਰਾਮ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਨਿਭਾਉਣ ਜਾ ਰਹੇ ਉਘੇ ਸਾਹਿਤਕਾਰ ਡਾ. ਨਿਰਮਲ ਜੌੜਾ ਦੀ ਕੀਤੀ ਨੁਕਤਾਚੀਨੀ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਅਤੇ ਮੰਗ ਕੀਤੀ ਕਿ ਜਾਖੜ ਕਹੇ ਸ਼ਬਦਾਂ ਦੀ ਜਨਤਕ ਤੌਰ ‘ਤੇ ਮੁਆਫੀ ਮੰਗਣ।
ਰਚਨਾਵਾਂ ਦੇ ਦੌਰ ਵਿੱਚ ਸਭ ਤੋਂ ਪਹਿਲਾਂ ਅਨਿਲ ਫਤਹਿਗੜ੍ਹ ਜੱਟਾਂ ਨੇ ਗੀਤ ‘ਫੁੱਲਾਂ ਕਲੀਆਂ ਨੇ ਬਾਗੀਂ ਪਾਇਆ ਫੇਰਾ’ ਨੇ ਸ਼ੁਰੂਆਤ ਕਰਦਿਆਂ ਖੂਬ ਵਾਹ ਵਾਹ ਖੱਟੀ, ਅਮਨਿੰਦਰ ਸੋਹਲ ਨੇ ਗਜ਼ਲ, ਬਲਵੰਤ ਮਾਂਗਟ ਨੇ ਗੀਤ ‘ਹਾੜੇ ਹਾੜੇ’ ਸੁਣਾਇਆ।ਕਹਾਣੀਕਾਰ ਗੁਰਦੀਪ ਮਹੌਣ ਨੇ ਕਹਾਣੀ ‘ਗਮਲਾ’ ਸੁਣਾਈ, ਜਿਸ ‘ਤੇ ਨਿੱਠ ਕੇ ਵਿਚਾਰ ਚਰਚਾ ਹੋਈ, ਅਖੀਰ ਉਸ ਨੂੰ ਕਹਾਣੀ ਵਿੱਚ ਹੋਰ ਸੋਧ ਕਰਕੇ ਦੁਬਾਰਾ ਲਿਖਣ ਦੀ ਸਲਾਹ ਦਿੱਤੀ ਗਈ, ਪੰਮੀ ਹਬੀਬ ਨੇ ਔਰਤ ਮਰਦ ਦੇ ਨਜਾਇਜ਼ ਸਬੰਧਾਂ ‘ਤੇ ਚੋਟ ਕਰਦੀ ਮਿੰਨੀ ਕਹਾਣੀ ‘ਨੋਟ ਛਾਪਣ ਵਾਲੀ ਮਸ਼ੀਨ’ ਸੁਣਾਈ।ਯਤਿੰਦਰ ਮਾਹਲ ਨੇ ‘ਬਹਾਰਾਂ ਦੀ ਰੁੱਤੇ ਕਿਵੇਂ ਹੈ ਪੱਤਾ ਪੱਤਾ ਝੜ ਰਿਹਾ’ ਕਵਿਤਾ ਸੁਣਾਈ।ਜੋਰਾਵਰ ਪੰਛੀ ਨੇ ਗ਼ਜ਼ਲ ਸੁਣਾਈ।ਇਸ ਉਪਰੰਤ ਉਘੇ ਗ਼ਜ਼ਲਗੋ ਸਰਦਾਰ ਪੰਛੀ ਨੇ ਗਜ਼ਲਾਂ ਅਤੇ ਸ਼ੇਅਰ ਸੁਣਾ ਪੂਰੀ ਮਹਿਫਲ ਲੁੱਈ।ਇਨ੍ਹਾਂ ਸੁਣਾਈਆਂ ਰਚਨਾਵਾਂ ‘ਤੇ ਨਿੱਠ ਕੇ ਚਰਚਾ ਕਰਨ ਵਾਲਿਆਂ ਵਿੱਚ ਚੇਅਰਮੈਨ ਕਹਾਣੀਕਾਰ ਸੁਖਜੀਤ, ਐਡਵੋਕੇਟ ਨਰਿੰਦਰ ਸ਼ਰਮਾ, ਕਹਾਣੀਕਾਰ ਬਲਵਿੰਦਰ ਗਰੇਵਾਲ, ਸਿਮਰਜੀਤ ਸਿੰਘ ਕੰਗ, ਕਹਾਣੀਕਾਰਾ ਯਤਿੰਦਰ ਮਾਹਲ ਰੋਪੜ, ਇੰਦਰਜੀਤ ਸਿੰਘ ਕੰਗ ਆਦਿ ਸ਼ਾਮਲ ਸਨ।ਸਭਾ ਦੇ ਚੇਅਰਮੈਨ ਕਹਾਣੀਕਾਰ ਸੁਖਜੀਤ ਨੇ ਆਏ ਸਾਰੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ।
ਸਟੇਜ ਗੁਰਦੀਪ ਮਹੌਣ ਅਤੇ ਯਤਿੰਦਰ ਮਾਹਲ ਨੇ ਸੰਭਾਲੀ।

Check Also

ਖ਼ਾਲਸਾ ਕਾਲਜ ਵਿਖੇ ‘ਵਿੱਤੀ ਖੇਤਰ ਲਈ ਲੋੜੀਂਦੇ ਹੁਨਰ’ ਬਾਰੇ ਓਰੀਐਂਟੇਸ਼ਨ ਪ੍ਰੋਗਰਾਮ

ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਵੱਲੋਂ …