Wednesday, December 4, 2024

ਬੁਲਗੇਰੀਅਨ ਕਲਾਕਾਰਾਂ ਨੇ ‘11ਵੇਂ ਅੰਮ੍ਰਿਤਸਰ ਇੰਟਰਨੈਸ਼ਨਲ ਫ਼ੋਕ ਫੈਸਟੀਵਲ’ ਦੌਰਾਨ ਬਿਖੇਰੇ ਰੰਗ

ਖਾਲਸਾ ਕਾਲਜ ਆਫ ਵੈਟਰਨਰੀ ਵਿਖੇ ਬੁਲਗਾਰੀਆ ਅਤੇ ਪੰਜਾਬ ਲੋਕ ਗੀਤਾਂ ਦੇ ਸੁਮੇਲ ਨੇ ਬੰਨ੍ਹਿਆ ਰੰਗ

ਅੰਮ੍ਰਿਤਸਰ, 28 ਨਵੰਬਰ ( ਸੁਖਬੀਰ ਸਿੰਘ ਖੁਰਮਣੀਆਂ ) – ਖਾਲਸਾ ਕਾਲਜ ਆਫ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ 11ਵੇਂ ਅੰਮ੍ਰਿਤਸਰ ਇੰਟਰਨੈਸ਼ਨਲ ਫ਼ੋਕ ਫੈਸਟੀਵਲ’ ਦੌਰਾਨ ਬੁਲਗਾਰੀਆ ਤੋਂ ਆਏ ਕਲਾਕਾਰਾਂ ਨੇ ਆਪਣੇ ਸੰਗੀਤ ਅਤੇ ਡਾਂਸ ਨਾਲ ਅੱਜ ਖੂਬ ਰੰਗ ਬੰਨ੍ਹਿਆ।ਉਨ੍ਹਾਂ ਨੇ ਆਪਣੇ ਸੱਭਿਅਚਾਰ ਦੇ ਪ੍ਰਦਰਸ਼ਨ ਉਪਰੰਤ ਵਿਦਿਆਰਥੀਆਂ ਨਾਲ ਸਟੇਜ਼ ਸਾਂਝੀ ਕਰਦਿਆਂ ਪੰਜਾਬੀ ਭੰਗੜੇ ਤੇ ਗਿੱਧੇ ’ਤੇ ਵੀ ਠੁਮਕੇ ਲਗਾਏ।
ਮੇਲੇ ਦੌਰਾਨ ਬੁਲਗਾਰੀਆ ਅਤੇ ਪੰਜਾਬੀ ਸੰਗੀਤ ਦਾ ਜਾਦੂਈ ਤਾਲਮੇਲ ਵੇਖਣ ਨੂੰ ਮਿਲਿਆ, ਜਦੋਂ ਦੋਹਾਂ ਦੇਸ਼ਾਂ ਭਾਰਤ ਅਤੇ ਬੁਲਗਾਰੀਆ ਦੇ ਲੋਕ ਨਾਚਾਂ ਨੂੰ ਸਰੋਤਿਆਂ ਵਲੋਂ ਖੂਬ ਸਲਾਹਿਆ ਗਿਆ। ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਵਲੋਂ ਪੰਜਾਬ ਕਲਚਰਲ ਪ੍ਰਮੋਸ਼ਨ ਕੌਂਸਲ (ਪੀ.ਸੀ.ਪੀ.ਸੀ) ਦੇ ਸਹਿਯੋਗ ਨਾਲ ‘ਫ਼ੋਕਪਾਲਿਤਾ ਬੁਲਗਾਰੀਆ’ ਫ਼ੈਸਟੀਵਲ ਕਰਵਾਇਆ ਗਿਆ।ਇਸ ਵਿੱਚ ਬੁਲਗਾਰੀਆ ਦੇ ਐਲੇਕਸ ਅਲੈਗਜ਼ੈਂਡਰੋਵ ਦੀ ਅਗਵਾਈ ’ਚ ਇਥੇ ਪੁੱਜੀ ਦੀ 12 ਮੈਂਬਰੀ ਟੀਮ ਨੇ ਯੂਰਪੀਅਨ ਦੇਸ਼ ਦੀ ਲੋਕ ਗਾਇਕੀ ਅਤੇ ਨ੍ਰਿਤ ਦੀਆਂ ਦਿਲਚਸਪ ਪੇਸ਼ਕਾਰੀਆਂ ਦਾ ਮੁਜ਼ਾਹਰਾ ਕੀਤਾ।
ਆਪਣੇ ਰਵਾਇਤੀ ਰੰਗ-ਬਿਰੰਗੇ ਪਹਿਰਾਵੇ ’ਚ ਸੱਜੇ ਕਲਾਕਾਰ ਪੂਰੇ ਜੋਸ਼ ਨਾਲ ਸਟੇਜ ’ਤੇ ਪੁੱਜੇ ਅਤੇ ਆਪਣੇ ਦੇਸ਼ ਦੇ ਸੱਭਿਆਚਾਰਕ ਨਾਚ ਅਤੇ ਗਾਇਨ ਦੀ ਪ੍ਰਸਤੁਤੀ ਨਾਲ ਦਰਸ਼ਕਾਂ ਦੇ ਦਿਲ ਜਿੱਤੇ।ਬਾਅਦ ’ਚ ਉਹ ਵਿਦਿਆਰਥੀਆਂ ਨਾਲ ਰਲ ਗਏ ਅਤੇ ਇਕੱਠੇ ਪੰਜਾਬੀ ਲੋਕ ਗੀਤ ਪੇਸ਼ ਕੀਤੇ।ਕਾਲਜ ਵਿਦਿਆਰਥੀਆਂ ਨੇ ਭੰਗੜਾ ਤੇ ਗਿੱਧਾ ਅਤੇ ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਗਤਕੇ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਮੁੱਖ ਮਹਿਮਾਨ ਵਜੋਂ ਪੁੱਜੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਮਹਿਮਾਨ ਕਲਾਕਾਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਵੱਖ-ਵੱਖ ਦੇਸ਼ਾਂ ਦੇ ਵਿਦਿਆਰਥੀਆਂ ਲਈ ਅੰਤਰਰਾਸ਼ਟਰੀ ਸਹਿਯੋਗ ਅਤੇ ਦੋਸਤੀ ਨੂੰ ਮਜ਼ਬੂਤ ਕਰਨ ਦਾ ਮੌਕਾ ਪ੍ਰਦਾਨ ਕਰਦੇ ਹਨ।ਉਨ੍ਹਾਂ ਕਿਹਾ ਕਿ ਫੈਸਟੀਵਲ ਦਾ ਮੁੱਖ ਉਦੇਸ਼ ਸੱਭਿਆਚਾਰਕ ਅਦਾਨ-ਪ੍ਰ੍ਰਦਾਨ ਅਤੇ ਵਿਭਿੰਨਤਾਵਾਂ ਦੇ ਏਕੀਕਰਨ ਨੂੰ ਉਤਸ਼ਾਹਿਤ ਕਰਨਾ ਹੈ।
ਕਾਲਜ ਪ੍ਰਿੰਸੀਪਲ ਡਾ. ਹਰੀਸ਼ਾ ਵਰਮਾ ਨੇ ਕਿਹਾ ਕਿ ਅਜਿਹੇ ਅੰਤਰ-ਸੱਭਿਆਚਾਰਕ ਮੇਲੇ ਇਕ ਦੂਜੇ ਦੀ ਲੋਕਧਾਰਾ ਨੂੰ ਸਮਝਣ ਦਾ ਮੌਕਾ ਪ੍ਰਦਾਨ ਕਰਦੇ ਹਨ।ਇਸ ਤੋਂ ਪਹਿਲਾਂ ਉਨ੍ਹਾਂ ਨੇ ਮਹਿਮਾਨਾਂ ਅਤੇ ਕਲਾਕਾਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਉਹ ਮੇਲੇ ਦੀ ਮੇਜ਼ਬਾਨੀ ਕਰਕੇ ਮਾਣ ਮਹਿਸੂਸ ਕਰਦੇ ਹਨ।
ਪੀ.ਸੀ.ਪੀ.ਸੀ ਦੇ ਮੁਖੀ ਡਾ. ਦਵਿੰਦਰ ਸਿੰਘ ਛੀਨਾ ਨੇ ਕਿਹਾ ਕਿ ਮੇਲੇ ਦਾ ਉਦੇਸ਼ ਕਲਾਕਾਰਾਂ ਦੇ ਅਦਾਨ-ਪ੍ਰਦਾਨ ਰਾਹੀਂ ਬਹੁ-ਸੱਭਿਆਚਾਰਕਤਾ ਅਤੇ ਅੰਤਰਰਾਸ਼ਟਰੀ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਹੈ।ਉਨ੍ਹਾਂ ਕਿਹਾ ਕਿ ਇਸ ਵਾਰ ਮੇਲੇ ਦਾ ਮਾਟੋ ‘ਬਿਓਂਡ ਦਾ ਹੌਰਾਈਜ਼ਨਜ਼, ਐਕਰੋਸ ਦਾ ਬਾਰਡਰਜ਼’ ਹੈ ਅਤੇ ਖਾਲਸਾ ਕਾਲਜ ਦੀ 131 ਸਾਲ ਪੁਰਾਣੀ ਵਿਰਾਸਤ ਨੂੰ ਸਮਰਪਿਤ ਹੈ।ਪ੍ਰੋਗਰਾਮ ਦੌਰਾਨ ਖਾਲਸਾ ਕਾਲਜ ਦੇ ਸਾਬਕਾ ਵਿਦਿਆਰਥੀਆਂ ਖਾਸ ਕਰਕੇ ਪੰਜਾਬੀ ਫ਼ਿਲਮ ਅਤੇ ਮਿਊਜ਼ਿਕ ਇੰਡਸਟਰੀ ਦੀ ਉਘੀ ਸਖ਼ਸ਼ੀਅਤ ਕਾਰਜ ਗਿੱਲ, ਡਾ. ਕਰਮਜੀਤ ਸਿੰਘ ਗਿੱਲ, ਜੋਗਾ ਸਿੰਘ, ਰਵਿੰਦਰ ਸਿੰਘ ਰੌਬਿਨ, ਸੁਖਜਿੰਦਰ ਸਿੰਘ ਹੇਰ, ਬਾਬਾ ਨਿਰਮਲ ਸਿੰਘ ਆਦਿ ਨੂੰ ‘ਖ਼ਾਲਸਾ ਹੈਰੀਟੇਜ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ।
ਇਸ ਤੋਂ ਇਲਾਵਾ ਤਿੰਨ ਹੋਰ ਇਨਾਮਾਂ ਦਾ ਗਠਿਨ ਕਰਦਿਆਂ ਭਾਈ ਵੀਰ ਸਿੰਘ ਐਵਾਰਡ ਡਾ. ਇੰਦਰਜੀਤ ਸਿੰਘ ਗੋੋਗੋਆਣੀ, ਚੰਨ ਗਿੱਲ ਯਾਦਗਾਰੀ ਐਵਾਰਡ ਗੁਰਪ੍ਰੀਤ ਸਿੰਘ ਗਿੱਲ ਅਤੇ ਬਲਬੀਰ ਸਿੰਘ ਸੀਨੀਅਰ ਹਾਕੀ ਐਵਾਰਡ ਕੋਚ ਬਲਜਿੰਦਰ ਸਿੰਘ ਨੂੰ ਦਿੱਤਾ ਗਿਆ।ਐਲਕਸ ਨੇ ਆਪਣੀਆਂ ਭਾਵਨਾਵਾਂ ਨੂੰ ਉਜਾਗਰ ਕਰਦਿਆਂ ਕਿਹਾ ਕਿ ਉਹ 15 ਸਾਲ ਪਹਿਲਾਂ ਅੰਮ੍ਰਿਤਸਰ ਆਏ ਸਨ ਅਤੇ ਉਹ ਹਮੇਸ਼ਾਂ ਹੀ ਚਾਹੁੰਦੇ ਸਨ ਕਿ ਉਹ ਇਥੋਂ ਦੇ ਅਮੀਰ ਅਤੇ ਅਨਮੋਲ ਵਿਰਸੇ ਦੇ ਹਰੇਕ ਪਹਿਲੂ ਤੋਂ ਚੰਗੀ ਤਰ੍ਹਾਂ ਨਾਲ ਵਾਕਿਫ ਹੋਣ।ਉਨ੍ਹਾਂ ਕਿਹਾ ਕਿ ਉਹ ਪੰਜਾਬੀ ਸੰਗੀਤ ਅਤੇ ਨਾਚ ਦੇਖ ਕੇ ਬਹੁਤ ਪ੍ਰਭਾਵਿਤ ਹੋਏ ਹਨ।
ਇਸ ਮੌਕੇ ਭੁਪਿੰਦਰ ਸਿੰਘ ਹਾਲੈਂਡ, ਦਲਜੀਤ ਸਿੰਘ ਸੰਧੂ, ਗੁਰਿੰਦਰ ਸਿੰਘ ਮਹਿਰੋਕ, ਹਰਪ੍ਰੀਤ ਸਿੰਘ ਭੱਟੀ ਅਤੇ ਖਾਲਸਾ ਸੰਸਥਾਵਾਂ ਦੇ ਪ੍ਰਿੰਸੀਪਲ ਹਾਜ਼ਰ ਸਨ।

Check Also

ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਵਲੋਂ ਵਿਚਾਰ ਗੋਸ਼ਟੀ ਦਾ ਆਯੋਜਨ

ਸੰਗਰੂਰ, 3 ਦਸੰਬਰ (ਜਗਸੀਰ ਲੌਂਗੋਵਾਲ) – ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਸੰਗਰੂਰ ਵਲੋਂ ਬੀ.ਐਸ.ਐਨ.ਐਲ ਪਾਰਕ ਸੰਗਰੂਰ ਵਿਖੇ …