ਅੰਮ੍ਰਿਤਸਰ `ਚ ਰਾਜ ਸਭਾ ਮੈਂਬਰ ਡਾ. ਸੁਮੇਰ ਸਿੰਘ ਸੋਲੰਕੀ ਖ਼ਾਸ ਤੌਰ `ਤੇ ਰਹੇ ਮੌਜ਼ੂਦ
ਅੰਮ੍ਰਿਤਸਰ, 16 ਦਸੰਬਰ (ਜਗਦੀਪ ਸਿੰਘ) – ‘ਵਿਕਸਿਤ ਭਾਰਤ ਸੰਕਲਪ ਯਾਤਰਾ’ ਦੇ ਤਹਿਤ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਸੰਬੋਧਿਤ ਕੀਤਾ।ਉਨ੍ਹਾਂ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦੇ ਲਾਭਪਾਤਰੀਆਂ ਨਾਲ ਵੀ ਗੱਲਬਾਤ ਕੀਤੀ।ਪ੍ਰਧਾਨ ਮੰਤਰੀ ਦੇ ਵਰਚੁਅਲ ਸੰਬੋਧਨ ਨੂੰ ਲਾਈਵ ਵੇਖਣ ਲਈ ਦੇਸ਼ ਭਰ ਵਿੱਚ ਕਈ ਥਾਵਾਂ `ਤੇ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ ਸੀ, ਇਸੇ ਲੜੀ ਦੇ ਤਹਿਤ ਅੰਮ੍ਰਿਤਸਰ ਦੇ ਹਰਸ਼ਾ ਛੀਨਾ ਵਿੱਚ ਪਿੰਡ ਬਲੱਗਣ ਵਿੱਚ ਵੀ ਪ੍ਰੋਗਰਾਮ ਦਾ ਆਯੋਜਨ ਕੀਤਾ, ਜਿਸ ਵਿਚ ਰਾਜ ਸਭਾ ਮੈਂਬਰ ਡਾ. ਸੁਮੇਰ ਸਿੰਘ ਸੋਲੰਕੀ ਨੇ ਖਾਸ ਤੌਰ ‘ਤੇ ਸ਼ਿਰਕਤ ਕੀਤੀ।
ਡਾਕਟਰ ਸੁਮੇਰ ਸਿੰਘ ਨੇ ਕਿਹਾ ਕਿ ਵਿਕਸਿਤ ਭਾਰਤ ਸੰਕਲਪ ਯਾਤਰਾ ਦੇਸ਼ਭਰ ਵਿੱਚ ਵੱਖੋ ਵੱਖ ਸ਼ਹਿਰਾਂ ਅਤੇ ਪਿੰਡਾਂ ਤੋਂ ਲੰਘਦੀ ਹੋਈ ਅਪਣਾ ਪੈਂਡਾ ਤੈਅ ਕਰ ਰਹੀ ਹੈ।ਇਸ ਦੇ ਨਾਲ ਜਿਥੇ ਆਮ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਵੱਖ ਵੱਖ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ, ਉਥੇ ਹੀ ਉਨ੍ਹਾਂ ਤੱਕ ਕਈ ਸੇਵਾਵਾਂ ਦਾ ਲਾਭ ਵੀ ਇਸ ਦੇ ਜ਼਼ਰੀਏ ਪਹੁੰਚਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਪਿੰਡ ਘਰਿੰਡਾ ਵਿਖੇ `ਵਿਕਸਿਤ ਭਾਰਤ ਸੰਕਲਪ ਯਾਤਰਾ` ਤਹਿਤ ਆਯੋਜਿਤ ਕੀਤੇ ਗਏ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ।
ਭਾਰਤ ਸਰਕਾਰ ਦੇ ਅਲ਼ੱਗ ਅਲੱਗ ਵਿਭਾਗਾਂ ਦੇ ਅਧਿਕਾਰੀਆਂ ਤੋਂ ਇਲਾਵਾ ਰਾਜ ਸਰਕਾਰ ਦੇ ਕਈ ਵਿਭਾਗਾਂ ਦੇ ਅਧਿਕਾਰੀਆਂ ਨੇ ਸ਼ਿਰਕਤ ਕੀਤੀ।ਭਾਰਤ ਸਰਕਾਰ ਦੇ ਮੁੱਖ ਕਲਿਆਣਕਾਰੀ ਪ੍ਰੋਗਰਾਮਾਂ ਦਾ ਸੁਨੇਹਾ ਪ੍ਰਚਾਰਿਤ ਕਰਨ ਲਈ ਖਾਸ ਤੌਰ ‘ਤੇ ਡਿਜ਼ਾਈਨ ਕੀਤੀਆਂ ਗਈਆਂ ਇਹ ਆਈ.ਈ.ਸੀ (ਸੂਚਨਾ, ਸਿੱਖਿਆ ਅਤੇ ਸੰਚਾਰ) ਵੈਨਾਂ ਅੰਮ੍ਰਿਤਸਰ ਅਤੇ ਨੇੜਲੇ ਇਲਾਕਿਆਂ ਦੇ ਪਿੰਡਾਂ ਤੱਕ ਪਹੁੰਚ ਕਰ ਰਹੀਆਂ ਹਨ।
ਇਸ ਦੌਰਾਨ ਖੇਤੀਬਾੜੀ ਦੇ ਵਿਕਾਸ ਨੂੰ ਦਰਸਾਉਂਦਿਆਂ ਡਰੋਨ ਵੀ ਪ੍ਰਦਰਸ਼ਿਤ ਕੀਤਾ ਗਿਆ, ਜਿਸ ਦਾ ਫਾਇਦਾ ਕਿਸਾਨ ਆਪਣੇ ਉਤਪਾਦਨ ਅਤੇ ਉਤਪਾਦਕਤਾ ਨੂੰ ਵਧਾਉਣ ਲਈ ਚੁੱਕ ਸਕਦੇ ਹਨ।ਕੁਦਰਤੀ ਖੇਤੀ ਦਾ ਅਭਿਆਸ ਕਰਨ ਵਾਲੇ ਕਿਸਾਨਾਂ ਨਾਲ ਉਸਾਰੂ ਗੱਲਬਾਤ ਦੇ ਨਾਲ-ਨਾਲ ਅਗਾਂਹਵਧੂ ਸੋਚ ਨੂੰ ਹੁੰਗਾਰਾ ਦੇਣ ਦਾ ਟੀਚਾ ਵੀ ਇਸਦੇ ਤਹਿਤ ਮਿਥਿਆ ਗਿਆ ਹੈ।ਇਸ ਦੇ ਨਾਲ ਹੀ ਲੋਕਾਂ ਨੂੰ ਲੋਕ ਭਲਾਈ ਸਕੀਮਾਂ ਬਾਰੇ ਜਾਣੂ ਕਰਵਾਇਆ ਗਿਆ ਅਤੇ ਲੋਕਾਂ ਨੇ ਸੰਸੇ ਵੀ ਦੂਰ ਕੀਤੇ।
ਇਸ ਯਾਤਰਾ ਵਿੱਚ ਮੁੱਖ ਧਿਆਨ ਲੋਕਾਂ ਨਾਲ ਸੰਪਰਕ ਕਰਨ, ਉਨ੍ਹਾਂ ਵਿੱਚ ਜਾਗਰੂਕਤਾ ਪੈਦਾ ਕਰਨ ਅਤੇ ਉਨ੍ਹਾਂ ਨੂੰ ਸਵੱਛਤਾ ਸੁਵਿਧਾਵਾਂ, ਜ਼ਰੂਰੀ ਵਿੱਤੀ ਸੇਵਾਵਾਂ, ਬਿਜਲੀ ਕਨੈਕਸ਼ਨ, ਐਲ.ਪੀ.ਜੀ ਸਿਲੰਡਰ ਨੂੰ ਸੁਲਭ ਕਰਵਾਉਣ, ਗ਼ਰੀਬਾਂ ਲਈ ਆਵਾਸ, ਖੁਰਾਕ ਸੁਰੱਖਿਆ, ਉਚਿਤ ਪੋਸ਼ਣ, ਭਰੋਸੇਯੋਗ ਸਿਹਤ ਸੇਵਾਵਾਂ, ਸਵੱਛ ਪੇਯਜਲ ਆਦਿ ਜਿਹੀਆਂ ਕਲਿਆਣਕਾਰੀ ਯੋਜਨਾਵਾਂ ਦਾ ਲਾਭ ਪ੍ਰਦਾਨ ਕਰਨ ‘ਤੇ ਹੋਵੇਗਾ।