ਅੰਮ੍ਰਿਤਸਰ, 10 ਫਰਵਰੀ (ਸੁਖਬੀਰ ਸਿਮਘ ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੁਮੈਨ ਦੇ ਸਾਇੰਸ ਵਿਭਾਗ ਵਲੋਂ ‘ਐਨਵਾਇਰਮੈਂਟਲ ਟੌਕਸੀਕੋਲੋਜੀ-ਇਕ ਪ੍ਰਮੁੱਖ ਚਿੰਤਾ’ ਵਿਸ਼ੇ ’ਤੇ ਅੰਤਰਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ।ਕਾਲਜ ਪਿ੍ਰੰਸੀਪਲ ਡਾ. ਸੁਰਿੰਦਰ ਕੌਰ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ।
ਸੈਮੀਨਾਰ ਦੀ ਪ੍ਰਧਾਨਗੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਬੋਟੈਨੀਕਲ ਅਤੇ ਵਾਤਾਵਰਨ ਵਿਗਿਆਨ ਵਿਭਾਗ ਪ੍ਰੋ: (ਡਾ.) ਸਤਵਿੰਦਰਜੀਤ ਕੌਰ ਨੇ ਕੀਤੀ।ਉਨ੍ਹਾਂ ਨੇ ਅਜੋਕੇ ਯੁੱਗ ’ਚ ਵਾਤਾਵਰਣ ਦੀ ਨਿਘਰਦੀ ਸਥਿਤੀ ਬਾਰੇ ਗੱਲ ਕੀਤੀ।ਉਨਾਂ ਵਾਤਾਵਰਣ-ਅਨੁਕੂਲ ਗਤੀਵਿਧੀਆਂ ਦਾ ਸੁਝਾਅ ਦਿੱਤਾ, ਜਿਸ ਰਾਹੀਂ ਅਸੀਂ ਜਲਵਾਯੂ ਤਬਦੀਲੀ ਦਾ ਮੁਕਾਬਲਾ ਕਰ ਸਕਦੇ ਹਾਂ।ਉਦਘਾਟਨੀ ਸੈਸ਼ਨ ਦੇ ਮੁੱਖ ਬੁਲਾਰੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਜ਼ੂਆਲੋਜੀ ਵਿਭਾਗ ਪ੍ਰੋ. (ਡਾ.) ਪੂਜਾ ਚੱਢਾ ਸਨ। ਜੀਨੋਟੌਕਸਸੀਟੀ ਦੇ ਖੇਤਰ ’ਚ ਮਾਹਿਰ ਡਾ. ਚੱਢਾ ਨੇ ਸੈਮੀਨਾਰ ਦੇ ਵਿਸ਼ੇ ’ਤੇ ਭਾਸ਼ਣ ਦਿੰਦਿਆਂ ਵਿਸ਼ਵ ਭਰ ਦੇ ਕੇਸ ਅਧਿਐਨਾਂ ਨੂੰ ਉਜਾਗਰ ਕੀਤਾ, ਜਿਥੇ ਵੱਖ-ਵੱਖ ਰਸਾਇਣਕ ਅਤੇ ਜੈਵਿਕ ਜ਼ਹਿਰਾਂ ਦੇ ਨੁਕਸਾਨਦੇਹ ਪ੍ਰਭਾਵਾਂ ਨੇ ਪ੍ਰਜਾਤੀਆਂ ਦੀ ਬਹੁਤਾਤ ’ਚ ਗਿਰਾਵਟ ਦਾ ਕਾਰਨ ਬਣਾਇਆ ਹੈ।
ਡਾ. ਸੁਰਿੰਦਰ ਕੌਰ ਨੇ ਦੱਸਿਆ ਕਿ ਇਸ ਸੈਮੀਨਾਰ ’ਚ ਵਿਦੇਸ਼ਾਂ ਤੋਂ ਬੁਲਾਏ ਬੁਲਾਰੇ ਵੀ ਸ਼ਾਮਲ ਹੋਏ, ਜਿਸ ਦੀ ਪ੍ਰਧਾਨਗੀ ਡਾ. ਸੈਲੇਸ਼ ਰਾਓ ਸਟੈਨਫੋਰਡ ਯੂਨੀਵਰਸਿਟੀ ਕੈਲੀਫੋਰਨੀਆ ਤੋਂ ਪੀ.ਐਚ.ਡੀ. ਗਰੈਜੂਏਟ ਅਤੇ ਇੱਕ ਯੂ.ਐਸ ਅਧਾਰਿਤ ਗੈਰ-ਲਾਭਕਾਰੀ ਸੰਸਥਾ ਕਲਾਈਮੇਟ ਹੀਲਰਜ਼ ਦੇ ਇਕ ਸੰਸਥਾਪਕ ਅਤੇ ਕਾਰਜ਼ਕਾਰੀ ਨਿਰਦੇਸ਼ਕ ਦੁਆਰਾ ਕੀਤੀ ਗਈ। ਡਾ. ਰਾਓ ਨੇ ਪਸ਼ੂਆਂ ’ਤੇ ਬੇਰਹਿਮੀ ਖਤਮ ਕਰਨ ਅਤੇ ਕਾਰਬਨ ਨਿਕਾਸ ਨੂੰ ਘਟਾ ਕੇ ਗ੍ਰਹਿ ਨੰ ਬਚਾਉਣ ਲਈ ਸ਼ਾਕਾਹਾਰੀ ਅਪਨਾਉਣ ਦੀ ਮਹੱਤਤਾ ’ਤੇ ਜ਼ੋਰ ਦਿੱਤਾ।ਉਨ੍ਹਾਂ ਕਿਹਾ ਕਿ ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ ਵਿਖੇ ਨੈਸ਼ਨਲ ਸੈਂਟਰ ਫਾਰ ਬਾਇਓਟੈਕਨਾਲੋਜੀ ਇਨਫਰਮੇਸ਼ਨ ਦੀ ਸੀਨੀਅਰ ਵਿਗਿਆਨੀ ਡਾ. ਰਿਚਾ ਅਗਰਵਾਲਾ ਨੇ ਇਸ ਗੱਲਬਾਤ ਦੀ ਅਗਵਾਈ ਕੀਤੀ ਕਿ ਕਿਵੇਂ ਉਹ ਅਤੇ ਉਸ ਦਾ ਸਮੂਹ ਜ਼ਰਾਸੀਮ ਦੀ ਤੇਜ਼ੀ ਨਾਲ ਪਛਾਣ ਕਰਕੇ ਭੋਜਨ ਨਾਲ ਹੋਣ ਵਾਲੀਆਂ ਬਿਮਾਰੀਆਂ ਦੇ ਪ੍ਰਕੋਪ ਨੂੰ ਹੱਲ ਕਰਨ ’ਚ ਲੱਗੇ ਹੋਏ ਹਨ।
ਇਸ ਤੋਂ ਬਾਅਦ ਟੈਲੀਸਲੀਪ ਸਰਵਿਸਿਜ਼, ਮੈਰੀਲੈਂਡ, ਯੂ.ਐਸ ਦੀ ਮਾਲਕ ਅਤੇ ਸੰਸਥਾਪਕ ਡਾ: ਹੇਮਾ ਕੌਰ ਸਿੱਧੂ ਨੇ ਗੱਲਬਾਤ ਕਰਦਿਆਂ ਅਵਾਜ਼ ਅਤੇ ਰਸਾਇਣਕ ਪ੍ਰਦੂਸ਼ਣ ਸਮੇਤ ਹਵਾ ’ਚ ਮਜ਼ੂਦ ਪ੍ਰਦੂਸ਼ਕਾਂ ਕਾਰਨ ਨੀਂਦ ਦੀ ਗੁਣਵੱਤਾ ਦੀ ਮਹੱਤਤਾ ਅਤੇ ਹੋ ਤਰੀਕਿਆਂ ਬਾਰੇ ਦੱਸਿਆ।
ਉਦਘਾਟਨੀ ਸੈਸ਼ਨ ਤੋਂ ਬਾਅਦ ਇੱਕ ਮੌਖਿਕ ਅਤੇ ਦੂਸਰਾ ਪੋਸਟਰ ਪੇਸ਼ਕਾਰੀ ਦੋ ਤਕਨੀਕੀ ਸੈਸ਼ਨ ਹੋਏ। ਜਿਸ ਦੀ ਪ੍ਰਧਾਨਗੀ ਕ੍ਰਮਵਾਰ ਜੀ.ਐਨ.ਡੀ.ਯੂ ਬੋਟੈਨੀਕਲ ਅਤੇ ਵਾਤਾਵਰਣ ਵਿਗਿਆਨ ਵਿਭਾਗ ਪ੍ਰੋ. (ਡਾ.) ਮਨਪ੍ਰੀਤ ਸਿੰਘ ਭੱਟੀ ਅਤੇ ਜ਼ੂਆਲੋਜੀ ਵਿਭਾਗ, ਜੀ.ਐਨ.ਡੀ.ਯੂ. ਪ੍ਰੋ. ਅਰਵਿੰਦਰ ਕੌਰ ਅਤੇ ਡੀ.ਏ.ਵੀ ਕਾਲਜ ਜਲੰਧਰ ਤੋਂ ਡਾ. ਕਪਿਲਾ ਮਹਾਜਨ ਅਤੇ ਹਿੰਦੂ ਕਾਲਜ ਅੰਮ੍ਰਿਤਸਰ ਤੋਂ ਡਾ. ਸੁਖਨੰਦਨ ਕੌਰ ਨੇ ਸਰੋਤ ਵਿਅਕਤੀਆਂ ਵਜੋਂ ਸ਼ਿਰਕਤ ਕੀਤੀ।ਦੋਵੇਂ ਤਕਨੀਕੀ ਸੈਸ਼ਨਾਂ ’ਚ ਵੱਖ-ਵੱਖ ਸਟਰੀਮਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੋਵਾਂ ਵਲੋਂ ਆਪਣੇ ਖੋਜ ਕਾਰਜ ਨੂੰ ਪੇਸ਼ ਕਰਦੇ ਹੋਏ ਭਾਰੀ ਭਾਗੀਦਾਰੀ ਵੇਖੀ ਗਈ ।
ਸਮਾਪਤੀ ਸੈਸ਼ਨ ਦੀ ਪ੍ਰਧਾਨਗੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਬੋਟੈਨੀਕਲ ਐਂਡ ਇਨਵਾਇਰਮੈਂਟਲ ਸਾਇੰਸਿਜ਼ ਵਿਭਾਗ ਪ੍ਰੋ. (ਡਾ.) ਅਵਿਨਾਸ਼ ਕੌਰ ਨਾਗਪਾਲ, ਡਾਇਰੈਕਟਰ ਖੋਜ ਪ੍ਰੋ. (ਡਾ.) ਰੇਣੂ ਭਾਰਦਵਾਜ ਅਤੇ ਬਾਇਓਟੈਕਨਾਲੋਜੀ ਵਿਭਾਗ ਮੁਖੀ ਪ੍ਰੋ. (ਡਾ.) ਪ੍ਰਤਾਪ ਕੁਮਾਰ ਪਤੀ ਨੇ ਕੀਤੀ।ਜਿਨ੍ਹਾਂ ਨੇ ਭਾਗ ਲੈਣ ਵਾਲਿਆਂ ਨੂੰ ਹੌਂਸਲਾ ਅਫ਼ਜਾਈ ਸਰਟੀਫਿਕੇਟ ਦਿੱਤੇ ਅਤੇ ਵਿਦਿਆਰਥੀਆਂ ਨੂੰ ਸਰਵੋਤਮ ਮੌਖਿਕ ਅਤੇ ਪੋਸਟਰ ਪੇਸ਼ਕਾਰੀ ਲਈ ਇਨਾਮ ਤਕਸੀਮ ਕੀਤੇ।
ਸੈਮੀਨਾਰ ਦੇ ਕਨਵੀਨਰ ਡਾ. ਮਨਬੀਰ ਕੌਰ ਨੇ ਬੁਲਾਰਿਆਂ ਅਤੇ ਹਾਜ਼ਰੀਨ ਦਾ ਧੰਨਵਾਦ ਕੀਤਾ ਅਤੇ ਸਾਰੇ ਫੈਕਲਟੀ ਮੈਂਬਰਾਂ ਨੂੰ ਉਨ੍ਹਾਂ ਦੀ ਮਿਹਨਤ ਲਈ ਵਧਾਈ ਦਿੱਤੀ।
Check Also
ਯੂਨੀਵਰਸਿਟੀ ‘ਚ 54ਵੀਂ ਸਾਲਾਨਾ ਅੰਤਰ-ਕਾਲਜ ਅਥਲੈਟਿਕਸ 14 ਦਸੰਬਰ ਤੋਂ
ਅੰਮ੍ਰਿਤਸਰ, 12 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਵਿਖੇ ਯੂਨੀਵਰਸਿਟੀ ਦੀ …