Monday, July 8, 2024

ਯੂਨੀਵਰਸਿਟੀ ਵਿਖੇ ਮਨਾਇਆ ਗਿਆ ਰਾਸ਼ਟਰੀ ਵਿਗਿਆਨ ਦਿਵਸ 2024

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਭੌਤਿਕ ਵਿਗਿਆਨ ਵਿਭਾਗ ਦੇ ਫਿਜ਼ਿਕਸ ਸਟੂਡੈਂਟਸ ਸੋਸਾਇਟੀ ਵੱਲੋਂ ਰਾਸ਼ਟਰੀ ਵਿਗਿਆਨ ਦਿਵਸ ਸਮਾਰੋਹ ਮੌਕੇ ਵਿਕਸਿਤ ਭਾਰਤ ਲਈ ਸਵਦੇਸ਼ੀ ਤਕਨਾਲੋਜੀ ਵਿਸ਼ੇ ਨਾਲ ਸਬੰਧਤ ਵੱਖ-ਵੱਖ ਮੁਕਾਬਲੇ ਅਤੇ ਮਾਹਿਰਾਂ ਦੇ ਭਾਸ਼ਣ ਕਰਵਾਏ ਗਏ।ਯੂਨੀਵਰਸਿਟੀ ਕੈਂਪਸ ਦੇ ਵੱਖ-ਵੱਖ ਵਿਭਾਗਾਂ ਅਤੇ ਖੇਤਰ ਦੇ 100 ਤੋਂ ਵੱਧ ਕਾਲਜਾਂ ਦੇ ਅੰਡਰ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੇ ਸਾਇੰਸ ਕੁਇਜ਼, ਸਾਇੰਸ ਗੇਮਜ਼, ਪੋਸਟਰ ਮੇਕਿੰਗ ਮੁਕਾਬਲੇ, ਰੰਗੋਲੀ ਮੁਕਾਬਲੇ ਅਤੇ ਹੋਰ ਬਹੁਤ ਸਾਰੀਆਂ ਗਤੀਵਿਧੀਆਂ ਵਿੱਚ ਭਾਗ ਲਿਆ।
ਇਸ ਸਮਾਗਮ ਦਾ ਆਯੋਜਨ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ (ਪੀਐਸਸੀਐਸਟੀ) ਅਤੇ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਨੈਸ਼ਨਲ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਕਮਿਊਨੀਕੇਸ਼ਨ ਦੇ ਸਹਿਯੋਗ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਕਰਵਾਇਆ ਗਿਆ। ਪ੍ਰੋ. ਅਤੁਲ ਖੰਨਾ, ਮੁਖੀ ਭੌਤਿਕ ਵਿਗਿਆਨ ਵਿਭਾਗ ਨੇ ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਇਹ ਦਿਨ ਸਾਨੂੰ ਮਹਾਨ ਭਾਰਤੀ ਵਿਗਿਆਨੀਆਂ ਦੀਆਂ ਪ੍ਰਾਪਤੀਆਂ ਅਤੇ ਯੋਗਦਾਨ ਨੂੰ ਲਗਾਤਾਰ ਯਾਦ ਕਰਵਾਉਂਦਾ ਹੈ ਅਤੇ ਨੌਜਵਾਨ ਦਿਮਾਗਾਂ ਨੂੰ ਵਿਗਿਆਨਕ ਖੋਜਾਂ ਵਿੱਚ ਹੋਰ ਡੂੰਘਾ ਉਤਰਨ ਲਈ ਪ੍ਰੇਰਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਨੁਸਾਰ ਸਾਲ 2047 ਤੱਕ ਭਾਰਤ ਨੂੰ ਵਿਕਸਤ ਦੇਸ਼ ਬਣਾਉਣ ਲਈ ਸਵਦੇਸ਼ੀ ਤਕਨੀਕਾਂ ਦਾ ਵਿਕਾਸ ਕਰਨਾ ਬਹੁਤ ਜ਼ਰੂਰੀ ਹੈ। ਪ੍ਰੋ. ਖੰਨਾ ਨੇ ਪ੍ਰੋ. ਸੀ.ਵੀ. ਰਮਨ ਦੇ ਵਿਗਿਆਨ ਅਤੇ ਜੀਵਨ `ਤੇ ਝਾਤ ਪਾਉਂਦੀ ਇਕ ਪੇਸ਼ਕਾਰੀ ਦਿੱਤੀ ਅਤੇ ਉਨ੍ਹਾਂ ਦੇ ਵਿਗਿਆਨ ਵਿਚ ਪਾਏ ਯੋਗਦਾਨ ਬਾਰੇ ਦੱਸਿਆ।
ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਹਾਜਰ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਪ੍ਰੋ. (ਡਾ.) ਬਿਕਰਮਜੀਤ ਸਿੰਘ ਬਾਜਵਾ ਨੇ ਡਾ. ਸੀ.ਵੀ ਰਮਨ ਦੇ ਜੀਵਨ ਅਤੇ ਯੋਗਦਾਨ ਬਾਰੇ ਸੰਖੇਪ ਵਿੱਚ ਦਿੱਤੇ ਭਾਸ਼ਣ ਦੌਰਾਨ ਉਨ੍ਹਾਂ ਵੱਲੋਂ ਕੀਆਂ ਖੋਜਾਂ, ਉਨ੍ਹਾਂ ਨੂੰ ਮਿਲੇ ਭੌਤਿਕ ਵਿਗਿਆਨ ਵਿੱਚ ਨੋਬਲ ਪੁਰਸਕਾਰ ਅਤੇ ਉਨ੍ਹਾਂ ਨਾਲ ਸਬੰਧਤ ਹੋਰ ਵਿਗਿਆਨਕ ਵਿਸ਼ਿਆਂ ਬਾਰੇ ਦੱਸਿਆ।ਪ੍ਰੋ. ਬਾਜਵਾ ਨੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ (ਡਾ.) ਜਸਪਾਲ ਸਿੰਘ ਸੰਧੂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਹਮੇੇਸ਼ਾਂ ਵਿਗਿਆਨਕ ਸੋਚ `ਤੇ ਪਹਿਰਾ ਦਿੰਦੇ ਹਨ ਅਤੇ ਯੂਨੀਵਰਸਿਟੀ ਦੀ ਤਰੱਕੀ ਲਈ ਵਿਗਿਆਨਕ ਖੋਜ਼ ਵੱਲ ਵਿਸ਼ੇਸ਼ ਧਿਆਨ ਦਿੰਦੇ ਹਨ।ਪ੍ਰੋ. ਬਾਜਵਾ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸਿੱਖਣ ਅਤੇ ਖੋਜ਼ ਪ੍ਰਤੀ ਸਮਰਪਿਤ ਹੋਣ ਦੀ ਪ੍ਰਵਿਰਤੀ ਨੂੰ ਆਪਣੇ ਸਵੈ ਦਾ ਹਿੱਸਾ ਬਣਾਉਣਾ ਚਾਹੀਦਾ ਹੈ।ਇਸ ਸਮੇਂ ਕਰਵਾਏ ਗਏ ਸਾਇੰਸ ਕੁਇਜ਼, ਸਾਇੰਸ ਗੇਮਜ਼, ਪੋਸਟਰ ਮੇਕਿੰਗ ਮੁਕਾਬਲੇ ਅਤੇ ਰੰਗੋਲੀ ਮੁਕਾਬਲੇ ਦੇ ਜੇਤੂਆਂ ਨੂੰ ਨਕਦ ਇਨਾਮ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ।ਵੱਖ ਵੱਖ ਕਾਲਜਾਂ ਅਤੇ ਵਿਭਾਗਾਂ ਦੇ ਵਿਦਿਆਰਥੀਆਂ ਵੱਲੋਂ ਵਿਗਿਆਨਕ ਕਾਢਾਂ ਅਤੇ ਵਿਗਿਆਨਕ ਨਜ਼ਰੀਏ ਨੂੰ ਦਰਸਾਉਂਦੀ ਪ੍ਰਦਰਸ਼ਨੀ ਦਾ ਆਯੋਜਨ ਵੀ ਕੀਤਾ ਗਿਆ, ਜਿਸ ਵਿਚ ਉਨ੍ਹਾਂ ਵੱਲੋਂ ਵੱਖ-ਵੱਖ ਵਿਗਿਆਨਕ ਪ੍ਰਯੋਗ ਵੀ ਕਰ ਕੇ ਦਿਖਾਏ ਗਏ।
ਇਸ ਮੌਕੇ ਪ੍ਰੋ. ਪਲਵਿੰਦਰ ਸਿੰਘ ਮੁਖੀ ਰਸਾਇਣ ਵਿਭਾਗ, ਡਾ. ਅਮਨ ਮਹਾਜਨ, ਐਸੋਸੀਏਟ ਪ੍ਰੋਫ਼ੈਸਰ, ਭੌਤਿਕ ਵਿਗਿਆਨ ਵਿਭਾਗ ਅਤੇ ਹੋਰ ਫੈਕਲਟੀ ਮੈਂਬਰਾਂ, ਵਿਗਿਆਨ ਅਤੇ ਇੰਜੀਨੀਅਰਿੰਗ ਵਿਭਾਗਾਂ ਦੇ ਵਿਦਿਆਰਥੀਆਂ ਅਤੇ ਵਿਦਵਾਨਾਂ ਨੇ ਸ਼ਿਰਕਤ ਕੀਤੀ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …