Monday, July 8, 2024

ਚੀਫ਼ ਖ਼ਾਲਸਾ ਦੀਵਾਨ ਨੇ ਸਾਲ 2024-25 ਲਈ 169 ਕਰੋੜ 83 ਲੱਖ ਦਾ ਬਜਟ ਕੀਤਾ ਪਾਸ

ਚੈਰੀਟੇਬਲ ਐਜੂਕੇਸ਼ਨਲ ਟਰੱਸਟ ਦੀ ਚੀਫ਼ ਖ਼ਾਲਸਾ ਦੀਵਾਨ ਅਹੁਦੇਦਾਰਾਂ ਵੱਲੋਂ ਸ਼ੁਰੂਆਤ

ਅੰਮ੍ਰਿਤਸਰ, 30 ਮਾਰਚ (ਜਗਦੀਪ ਸਿੰਘ) – ਚੀਫ਼ ਖ਼ਾਲਸਾ ਦੀਵਾਨ ਦੇ ਸਮੂਹ ਸਕੂਲਾਂ, ਕਾਲਜਾਂ ਤੇ ਹੋਰ ਅਦਾਰਿਆਂ ਦਾ ਸਾਲ 2024-25 ਲਈ 169 ਕਰੋੜ 83 ਲੱਖ ਦਾ ਬਜਟ ਜਨਰਲ ਹਾਊਸ ਦੇ ਇਜਲਾਸ ਵਿੱਚ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜ਼ਰ ਦੀ ਪ੍ਰਧਾਨਗੀ ਹੇਠ ਪਾਸ ਕੀਤਾ ਗਿਆ।
ਡਾ. ਇੰਦਰਬੀਰ ਸਿੰਘ ਨੇ ਬਜਟ ਦੇ ਤੱਥਾਂ ‘ਤੇ ਰੋਸ਼ਨੀ ਪਾਉਂਦਿਆਂ ਦੱਸਿਆ ਕਿ ਪਿਛਲੇ ਵਿੱਤੀ ਸਾਲ ਨਾਲੋਂ ਇਸ ਸਾਲ ਚੀਫ਼ ਖ਼ਾਲਸਾ ਦੀਵਾਨ ਦੀ ਕੁੱਲ ਆਮਦਨ ਵਿਚ 21 ਪ੍ਰਤੀਸ਼ਤ ਵਾਧਾ ਹੋਇਆ ਹੈ, ਜਦੋਂਕਿ ਖਰਚਿਆਂ ਦੇ ਹਿਸਾਬ ਨਾਲ ਇਸ ਸਾਲ ਪਿਛਲੇ ਸਾਲ ਨਾਲੋ 26 ਪ੍ਰਤੀਸ਼ਤ ਤਕ ਦਾ ਵਾਧਾ ਹੋਣ ਦਾ ਅਨੁਮਾਨ ਹੈ।
ਚੀਫ਼ ਖ਼ਾਲਸਾ ਦੀਵਾਨ ਦੀ ਫਾਇਨਾਂਸ ਕਮੇਟੀ ਦੇ ਮੈਂਬਰ ਅਤੇ ਚਾਰਟਰਡ ਅਕਾਊਟੈਂਟ ਇੰਸਚੀਟਿਊਟ ਅੰਮ੍ਰਿਤਸਰ ਦੇ ਸਾਬਕਾ ਚੇਅਰਪਰਸਨ ਅਜੀਤਪਾਲ ਸਿੰਘ ਅਨੇਜਾ ਨੇ ਬਜਟ ਦੀ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੀਫ਼ ਖ਼ਾਲਸਾ ਦੀਵਾਨ ਦੇ ਬਜਟ 2024-2025 ਵਿੱਚ ਨਵੀਆਂ ਜ਼ਮੀਨਾਂ ਖਰੀਦਣ ਅਤੇ ਉਸਾਰੀ ਲਈ ਰੱਖੀ ਰਕਮ ਤਹਿਤ ਦੀਵਾਨ ਅਧੀਨ ਚੱਲ ਰਹੇ ਅਟਾਰੀ ਸਕੂਲ ਦੀ ਨਵੀਂ ਜ਼ਮੀਨ ਉਪਰ ਉਸਾਰੀ ਕਰਨ ਲਈ 3 ਕਰੋੜ 50 ਲੱਖ, ਬਟਾਲਾ ਵਿਖੇ ਸਕੂਲ ਲਈ ਖਰੀਦੀ ਜ਼ਮੀਨ ‘ਤੇ ਉਸਾਰੀ ਕਰਨ ਲਈ 5 ਕਰੋੜ, ਆਸਲ ਉਤਾੜ ਵਿਖੇ ਨਵੀਂ ਜ਼ਮੀਨ ਖਰੀਦਣ ਲਈ 90 ਲੱਖ, ਜਲੰਧਰ ਵਿਖੇ ਸਕੂਲ ਲਈ ਨਵੀਂ ਜ਼ਮੀਨ ਖਰੀਦਣ ਹਿੱਤ 3 ਕਰੋੜ, ਹੁਸ਼ਿਆਰਪੁਰ ਵਿਖੇ ਜ਼ਮੀਨ ਖਰੀਦਣ ਲਈ 1 ਕਰੋੜ 30 ਲੱਖ, ਸੁਰ ਸਿੰਘ ਵਿਖੇ ਨਵੀਂ ਜ਼ਮੀਨ ਖਰੀਦਣ ਲਈ 1 ਕਰੋੜ ਦੀ ਰਾਸ਼ੀ ਰਾਖਵੀਂ ਰੱਖੀ ਗਈ ਹੈ।ਸੀ.ਕੇ.ਡੀ ਸਕੂਲਾਂ ਦੇ ਵਿਸਥਾਰ ਹਿੱਤ ਉਸਾਰੀ ਸਬੰਧੀ ਵੀ 16 ਕਰੋੜ ਰੱਖੇ ਗਏ ਹਨ।ਦੀਵਾਨ ਦੇ ਤਿੰਨ ਸਕੂਲਾਂ ਪੰਡੋਰੀ ਖਜੂਰ, ਤਰਨਤਾਰਨ ਅਤੇ ਸੁਭਮ ਇਨਕਲੇਵ ਵਿਖੇ ਇਸੇ ਸੈਸ਼ਨ ਦੌਰਾਨ ਸਵਿਮਿੰਗ ਪੂਲ ਦੀ ਉਸਾਰੀ ਲਈ ਵੀ ਤਜਵੀਜ਼ ਰੱਖੀ ਗਈ ਹੈ।ਧਰਮ ਪ੍ਰਚਾਰ ਲਈ ਵਿਸ਼ੇਸ਼ ਤੌਰ ‘ਤੇ 1 ਕਰੋੜ ਅਤੇ ਆਦਰਸ਼ ਸਕੂਲਾਂ ਲਈ 1 ਕਰੋੜ 37 ਲੱਖ ਰੁਪਏ ਖਰਚ ਕਰਨ ਦੀ ਯੋਜਨਾ ਹੈ।
ਮੀਟਿੰਗ ਦੌਰਾਨ ਦੀਵਾਨ ਅਹੁਦੇਦਾਰਾਂ ਵੱਲੋਂ ਸੀ.ਕੇ.ਡੀ ਚੈਰੀਟੇਬਲ ਸਕੂਲਾਂ ਦੇ ਵਿਦਿਆਰਥੀਆਂ ਦੀ ਮੁਫਤ ਕਿਤਾਬਾਂ, ਵਰਦੀਆਂ ਅਤੇ ਹੋਰਨਾਂ ਖਰਚਿਆਂ ਲਈ ਇਕ ਚੈਰੀਟੇਬਲ ਟਰੱਸਟ ਦੀ ਸ਼ੁਰੂਆਤ ਕੀਤੀ ਗਈ।ਜਿਸ ਵਿਚ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ ਵੱਲੋਂ 1 ਲੱਖ, ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਵੱਲੋਂ 1 ਲੱਖ, ਮੀਤ ਪ੍ਰਧਾਨ ਜਗਜੀਤ ਸਿੰਘ ਵੱਲੋਂ 50 ਹਜ਼ਾਰ, ਐਡੀ. ਆਨਰੇਰੀ ਸਕੱਤਰ ਅਤੇ ਮੁੱਖ ਦਫ਼ਤਰ ਮੈਂਬਰ ਇੰਚਾਰਜ਼ ਸੁਖਜਿੰਦਰ ਸਿੰਘ ਪ੍ਰਿੰਸ ਵੱਲੋਂ 50 ਹਜ਼ਾਰ, ਸਥਾਨਕ ਪ੍ਰਧਾਨ ਕੁਲਜੀਤ ਸਿੰਘ ਸਾਹਨੀ ਵੱਲੋਂ 50 ਹਜ਼ਾਰ, ਐਡੀ. ਆਨਰੇਰੀ ਸਕੱਤਰ ਜਸਪਾਲ ਸਿੰਘ ਢਿੱਲੋਂ ਵੱਲੋਂ 50 ਹਜ਼ਾਰ, ਭਗਵੰਤਪਾਲ ਸਿੰਘ ਸੱਚਰ ਵੱਲੋਂ 50 ਹਜ਼ਾਰ, ਮੀਤ ਪ੍ਰਧਾਨ ਸੰਤੋਖ ਸਿੰਘ ਸੇਠੀ ਵੱਲੋਂ 21 ਜ਼ਜ਼ਾਰ ਦੀ ਨਿੱਜੀ ਤੌਰ ‘ਤੇ ਸੇਵਾ ਪਾ ਕੇ ਯੋਗਦਾਨ ਦਿੱਤਾ ਗਿਆ।ਹੋਰਨਾਂ ਦੀਵਾਨ ਮੈਂਬਰ ਸਾਹਿਬਾਨ ਨੇ ਵੀ ਇਸ ਟਰੱਸਟ ਵਿੱਚ ਵੱਡੀ ਰਾਸ਼ੀ ਦੀ ਸੇਵਾ ਪਾ ਕੇ ਕੁੱਲ 10 ਲੱਖ ਰੁਪਏ ਦੇ ਕਰੀਬ ਰਕਮ ਨਾਲ ਟਰੱਸਟ ਦੀ ਸ਼ੁਰੂਆਤ ਕੀਤੀ ਗਈ।
ਮੀਟਿੰਗ ਦੌਰਾਨ ਅਮਰਜੀਤ ਸਿੰਘ ਭਾਟੀਆ ਵਲੋਂ ਕੀਤੇ ਗਏ ਕੂੜ ਪ੍ਰਚਾਰ ਸਬੰਧੀ ਸਖਤ ਸ਼ਬਦਾਂ ਵਿਚ ਨਿਖੇਧੀ ਦਾ ਮਤਾ ਲਿਆਂਦਾ ਗਿਆ ਜਿਸ ਪ੍ਰਤੀ ਹਾਊਸ ਨੇ ਸਹਿਮਤੀ ਪ੍ਰਗਟਾਈ।
ਇਸ ਮੋਕੇ ਸਰਪ੍ਰਸਤ ਰਾਜਮਹਿੰਦਰ ਸਿੰਘ ਮਜੀਠਾ, ਆਨਰੇਰੀ ਸਕੱਤਰ ਰਮਨੀਕ ਸਿੰਘ, ਆਨਰੇਰੀ ਜੁਆਇੰਟ ਸਕੱਤਰ ਇੰਜੀ. ਜਸਪਾਲ ਸਿੰਘ ਸਮੇਤ 125 ਦੇ ਕਰੀਬ ਮੈਂਬਰ ਮੌਜ਼ੂਦ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …