ਅੰਮ੍ਰਿਤਸਰ, 7 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਸੰਸਥਾ ਨਾਦ ਪ੍ਰਗਾਸੁ ਸ੍ਰੀ ਅੰਮ੍ਰਿਤਸਰ ਵੱਲੋਂ ਅੱਜ ਪੰਜਾਬੀ ਸਾਹਿਤ ਦੀਆਂ ਪ੍ਰਸਿੱਧ ਸ਼ਖਸ਼ੀਅਤਾਂ ਨਾਲ ਸਾਹਿਤਕ ਮਿਲਣੀ ਸੰਬੰਧਤ ਮਹੀਨਾਵਾਰ ਪ੍ਰੋਗਰਾਮ ਸਿਰਜਣ ਪ੍ਰਕਿਰਿਆ ਦੇ 16ਵੇਂ ਭਾਗ ਦਾ ਆਯੋਜਨ ਕੀਤਾ ਗਿਆ।ਸੰਸਥਾ ਵੱਲੋਂ ਇਸ ਪ੍ਰੋਗਰਾਮ ਵਿੱਚ ਪੰਜਾਬੀ ਅਤੇ ਪੋਠੋਹਾਰੀ ਉਪ-ਬੋਲੀ ਦੇ ਪ੍ਰਸਿਧ ਕਵੀ ਸੁਆਮੀ ਅੰਤਰ ਨੀਰਵ ਨੂੰ ਸਰੋਤਿਆਂ ਦੇ ਰੂ-ਬ-ਰੂ ਕਰਵਾਇਆ ਗਿਆ, ਜਿਸ ਵਿੱਚ ਉਨ੍ਹਾਂ ਆਪਣੇ ਕਾਵਿਕ-ਸਵੈ ਅਤੇ ਇਸ ਦੇ ਵਿਗਾਸ ਦੇ ਮੁੱਖ ਕਾਰਕਾਂ ਦੇ ਆਪਣੀ ਸਿਰਜਣਾ ਵਿੱਚ ਯੋਗਦਾਨ ਬਾਬਤ ਵਿਚਾਰ ਪੇਸ਼ ਕੀਤੇ।ਆਪਣੇ ਭਾਸ਼ਣ ਵਿੱਚ ਉਨ੍ਹਾਂ ਕਿਹਾ ਕਿ ਕਵੀ ਨੂੰ ਵਸਤਾਂ ਅਤੇ ਵਰਤਾਰੇ ਨੂੰ ਦੇਖਣ ਦੀ ਜਾਚ ਆਉਣੀ ਚਾਹੀਦੀ ਹੈ।ਉਨ੍ਹਾਂ ‘ਦੇਖਣ’ ਨੂੰ ਇੱਕ ਵਿਸ਼ੇਸ਼ ਕਿਰਿਆ ਵਜੋਂ ਸਥਾਪਿਤ ਕਰਾੳਂੁਦਿਆਂ ਆਪਣੇ ਮੁੱਢਲੇ ਕਾਵਿਕ ਸਫ਼ਰ ਬਾਰੇ ਸ੍ਰੋਤਿਆਂ ਨੂੰ ਜਾਣੂ ਕਰਵਾਇਆ।ਉਨ੍ਹਾਂ ਕਿਹਾ ਹੈ ਕਿ ਮੈਂ ਆਪਣੇ ਪੁਰਖਿਆਂ ਅਤੇ ਰਹਿਤਲ ਨਾਲ ਉਨ੍ਹਾਂ ਦੇ ਸੰਬੰਧ ਅਤੇ ਸਮੇਂ ਨਾਲ ਇਸ ਸੰਬੰਧ ‘ਤੇ ਪ੍ਰਭਾਵਾਂ ਨੂੰ ਕਾਵਿਕ-ਸੰਵੇਦਨਾ ਰਾਹੀਂ ਜੀਵਿਆ ਹੈ, ਜਿਸ ਵਿੱਚ ਉਨ੍ਹਾਂ ਲਈ ਕਵਿਤਾ ਇੱਕ ਕੁਦਰਤੀ ਪ੍ਰਗਟਾਵੇ ਵਜੋਂ ਪ੍ਰਾਪਤ ਹੋਈ ਹੈ।ਉਨ੍ਹਾਂ ਦੇ ਭਾਸ਼ਣ ਤੋਂ ਬਾਅਦ ਪ੍ਰਸ਼ਨ/ਉੱਤਰ ਦਾ ਸਿਲਸਿਲਾ ਚੱਲਦਾ ਹੈ, ਜਿਸ ਵਿੱਚ ਸੁਆਮੀ ਨੂੰ ਉਹਨਾਂ ਦੀ ਸਿਰਜਣ ਪ੍ਰਕਿਰਿਆ, ਕਾਵਿਕ-ਭਾਸ਼ਾ, ਕਾਵਿਕ ਸਵੈ ਅਤੇ ਅਨੁਭਵ ਬਾਰੇ ਵਿਭਿੰਨ ਪ੍ਰਸ਼ਨ ਕੀਤੇ ਜਾਂਦੇ ਹਨ, ਜਿਹਨਾਂ ਵਿੱਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਜਗਸੀਰ ਸਿੰਘ ਨੇ ਪੁੱਛਿਆ ਕਿ ਕੀ ਕਵਿਤਾ ਦਾ ਲੋਕਧਾਰਾਈ ਰੂਪ ਸਮਕਾਲੀ ਸੰਵੇਦਨਾ ਨੂੰ ਸੰਭਾਲ ਕੇ ਕੋਈ ਨਵੀਂ ਜੀਵਨ ਦਿਸ਼ਾ ਦੇ ਸਕਦਾ ਹੈ?, ਸੁਰਿੰਦਰ ਸਿੰਘ ਨੇ ਕਵੀ, ਕਵਿਤਾ ਵਿਚਕਾਰ ਯਥਾਰਥ ਨੂੰ ਲਾਜ਼ਮੀ ਮੰਨ ਵਾਲੀ ਅਵਿਧਾਰਨਾ ਬਾਬਤ ਪ੍ਰਸ਼ਨ ਪੁੱਛਿਆ, ਇਹਨਾਂ ਦਾ ਉਹਨਾਂ ਸੰਤੋਖਜਨਕ ਉੱਤਰ ਦਿਤਾ।
ਇਸ ਸੈਸ਼ਨ ਤੋਂ ਬਾਅਦ ਕਵੀ ਦਰਬਾਰ ਦਾ ਆਯੋਜਨ ਹੁੰਦਾ ਹੈ।ਕਵੀ ਦਰਬਾਰ ਉਸ ਸਮੇਂ ਯਾਦਗਾਰੀ ਹੋ ਨਿਬੜਦਾ ਹੈ ਸੁਆਮੀ ਆਪਣੀ ਕਵਿਤਾ ‘ਰਬਾਬ’ ਅਤੇ ਸੁਰਿੰਦਰ ਸਿੰਘ ਨੇ ਤਾਨਪੁਰੇ ਰਾਹੀਂ ਆਪਣਾ ਗੀਤ ਸ੍ਰੋਤਿਆਂ ਨੂੰ ਸੁਣਾਇਆ।ਕਵੀ ਦਰਬਾਰ ਦੌਰਾਨ ਡਾ. ਹਲਵਿੰਦਰ ਸਿੰਘ, ਡਾ. ਜਸਦੀਪ ਕੌਰ, ਸੁਰਿੰਦਰ ਸਿੰਘ, ਤੋਂ ਬਆਦ ਯੁਵਾ ਕਵੀਆਂ ਵਿੱਚੋਂ ਗੁਰਪ੍ਰੀਤ ਸਿੰਘ, ਸਤਨਾਮ, ਆਕਾਸ਼, ਜਸਪ੍ਰੀਤ ਸਿੰਘ, ਸ਼ਿਵਾਨੀ, ਮਨਪ੍ਰੀਤ ਕੌਰ, ਨੀਰਜ ਕੁਮਾਰ, ਸ਼ਾਇਰ ਪ੍ਰੀਤ ਅਤੇ ਅਰਸ਼ਪ੍ਰੀਤ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਪ੍ਰੋਗਰਾਮ ਦੀ ਸਮਾਪਤੀ ਤੋਂ ਸੰਸਥਾ ਵੱਲੋਂ ਵੀ.ਪੀ ਸਿੰਘ ਨੇ ਸੁਆਮੀ ਅੰਤਰ ਨੀਰਵ ਨੂੰ ਪੁਸਤਕਾਂ ਦੇ ਸੈੱਟ ਅਤੇ ਨਗਦ ਰਾਸ਼ੀ ਰਾਹੀਂ ਸਨਮਾਨਿਤ ਕੀਤਾ।
ਇਸ ਮੌਕੇ ਡਾ. ਅਮਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਗੁਰਵਿੰਦਰ ਸਿੰਘ, ਡਾ. ਗੁਰਬਖ਼ਸ਼ ਸਿੰਘ, ਅਮਨਿੰਦਰ ਸਿੰਘ ਅਤੇ ਰਾਜਵੀਰ ਕੌਰ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ।ਧੰਨਵਾਦੀ ਸ਼ਬਦਾਂ ਦੀ ਸਾਂਝ ਡਾ. ਹਲਵਿੰਦਰ ਸਿੰਘ ਕੁਰੂਕਸ਼ੇਤਰ ਯੂਨੀਵਰਸਿਟੀ ਕੁਰੂਕਸ਼ੇਤਰ ਨੇ ਪਾਈ।ਮੰਚ ਦਾ ਸੰਚਾਲਨ ਲਖਵੀਰ ਸਿੰਘ ਨੇ ਕੀਤਾ।