ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਦੱਖਣੀ `ਚ ਦਹਾਕਿਆਂ ਤੋਂ ਸਮੱਸਿਆ ਬਣੇ ਹੋਏ ਭਗਤਾਂਵਾਲਾ ਡੰਪ ਦੇ ਮਾਮਲੇ ਨੂੰ ਆਪਣੇ ਹੱਥਾਂ ’ਚ ਲੈਂਦਿਆਂ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਤੇ ਅਮਰੀਕਾ ’ਚ ਰਾਜਦੂਤ ਰਹੇ ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਕਿਹਾ ਕਿ ਭਗਤਾਂ ਵਾਲੇ ਦਾ ਕੂੜਾ ਡੰਪ ਸ਼ਹਿਰ ਵਿਚੋਂ ਉਠਾ ਦਿੱਤਾ ਜਾਵੇਗਾ।ਭਾਜਪਾ ਵਲੋਂ ਸਾਬਕਾ ਵਿਧਾਇਕ ਹਰਜਿੰਦਰ ਸਿੰਘ ਠੇਕੇਦਾਰ ਹਲਕਾ ਇੰਚਾਰਜ, ਸੀਨੀਅਰ ਭਾਜਪਾ ਆਗੂ ਗੁਰਪ੍ਰਤਾਪ ਸਿੰਘ ਟਿੱਕਾ ਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਅਜੈਬੀਰ ਪਾਲ ਸਿੰਘ ਰੰਧਾਵਾ ਦੀ ਅਗਵਾਈ ਹੇਠ ਕਰਾਏ ਗਏ ਹਲਕਾ ਦੱਖਣੀ ਦੇ ਵਿਸ਼ਾਲ ਬੂਥ ਸੰਮੇਲਨ ਦੌਰਾਨ ਉਕਤ ਆਗੂਆਂ ਨੇ ਇਲਾਕੇ ਦੇ ਲੋਕਾਂ ਦੀਆਂ ਮੰਗਾਂ ਅਤੇ ਮੁਸ਼ਕਲਾਂ ਸੰਧੂ ਨੂੰ ਦੱਸੀਆਂ ਅਤੇ ਖ਼ਾਸ ਕਰ ਕੇ ਭਗਤਾਂਵਾਲਾ ਕੂੜਾ ਡੰਪ ਦਾ ਮਾਮਲਾ ਉਠਾਇਆ।
ਜਿਸ ’ਤੇ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਉਨ੍ਹਾਂ ਦਾ ਮੰਤਵ ਗੁਰੂ ਨਗਰੀ ਨੂੰ ਇੰਦੌਰ ਦੀ ਤਰਜ਼ ’ਤੇ ਸਾਫ਼ ਸੁਥਰਾ ਅਤੇ ਸਵੱਛ ਬਣਾਉਣ ਦਾ ਹੈ।ਉਨ੍ਹਾਂ ਲੋਕਾਂ ਨੂੰ ਭਰੋਸਾ ਦਿਵਾਉਂਦਿਆਂ ਕਿਹਾ ਕਿ ਚੋਣਾਂ ਤੋਂ ਬਾਅਦ ਨਰਿੰਦਰ ਮੋਦੀ ਮੁੜ ਪ੍ਰਧਾਨ ਮੰਤਰੀ ਬਣਨਗੇ ਅਤੇ ਉਨ੍ਹਾਂ ਕੋਲ ਡੰਪ ਦਾ ਮਾਮਲਾ ਉਠਾਇਆ ਜਾਵੇਗਾ।ਉਨ੍ਹਾਂ ਕਿਹਾ ਕਿ ਗਰਮੀਆਂ ’ਚ ਗਰਮ ਹੋ ਕੇ ਡੰਪ ਨੂੰ ਅੱਗ ਲੱਗ ਜਾਂਦੀ ਹੈ ਅਤੇ ਇਸ ਦੇ ਜ਼ਹਿਰੀਲੇ ਧੂਏਂ ਨਾਲ ਨੇੜਲੇ ਇਲਾਕੇ ਦੇ ਰਹਿਣ ਵਾਲੇ ਲੋਕਾਂ ਨੂੰ ਬਿਮਾਰੀਆਂ ਆਣ ਘੇਰਦੀਆਂ ਹਨ।ਉਨ੍ਹਾਂ ਕਿਹਾ ਅੰਮ੍ਰਿਤਸਰ ਸਿਫ਼ਤੀ ਦਾ ਘਰ ਹੈ।ਇਸ ਦੇ ਨਿਵਾਸੀਆਂ ਨੂੰ ਨਰਕ ਵਰਗੀ ਜ਼ਿੰਦਗੀ ਤੋਂ ਨਿਜ਼ਾਤ ਦਿਵਾਈ ਜਾਵੇਗੀ।
ਇਸ ਮੌਕੇ ਵੱਡੀ ਗਿਣਤੀ `ਚ ਕਾਂਗਰਸ, ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਆਖ ਕੇ ਲੋਕ ਭਾਜਪਾ `ਚ ਸ਼ਾਮਲ ਹੋਏ, ਜਿੰਨਾ ਦਾ ਤਰਨਜੀਤ ਸਿੰਘ ਸੰਧੂ ਨੇ ਸਵਾਗਤ ਕਰਦਿਆਂ ਪਾਰਟੀ `ਚ ਉਨ੍ਹਾਂ ਨੂੰ ਪੂਰਾ ਮਾਣ ਸਨਮਾਨ ਦੇਣ ਦਾ ਭਰੋਸਾ ਦਿੱਤਾ।
ਇਸ ਮੌਕੇ ਭਾਜਪਾ ਜਨਰਲ ਸਕੱਤਰ ਪਰਮਿੰਦਰ ਸਿੰਘ ਬਰਾੜ, ਸਾਬਕਾ ਵਿਧਾਇਕ ਕੇ.ਡੀ ਭੰਡਾਰੀ, ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ, ਜਿਲ੍ਹਾ ਸ਼ਹਿਰੀ ਪ੍ਰਧਾਨ ਹਰਵਿੰਦਰ ਸਿੰਘ ਸੰਧੂ, ਮਨਿੰਦਰਜੀਤ ਸਿੰਘ ਠੇਕੇਦਾਰ ਤੇ ਹੋਰ ਸ਼ਖ਼ਸ਼ੀਅਤਾਂ ਹਾਜ਼ਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …