Monday, May 27, 2024

23ਵਾਂ ਰਾਸ਼ਟਰੀ ਰੰਗਮੰਚ ਉਤਸਵ 2024 – ਨਾਟਕ ‘ਸੰਦੂਕੜੀ ਖੋਲ ਨਰੈਣਿਆ’ ਦਾ ਮੰਚਣ

ਅੰਮ੍ਰਿਤਸਰ, 24 ਅਪ੍ਰੈਲ (ਦੀਪ ਦਵਿੰਦਰ ਸਿੰਘ) – ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਅਗਵਾਈ ’ਚ ਮੰਚ-ਰੰਗਮੰਚ ਅੰਮ੍ਰਿਤਸਰ ਵਲੋਂ ਅਤੇ ਵਿਰਸਾ ਵਿਹਾਰ ਸੁਸਾਇਟੀ ਦੇ ਸਹਿਯੋਗ ਨਾਲ ਜਾਰੀ 23ਵੇਂ ਨੈਸ਼ਨਲ ਥੀਏਟਰ ਫੈਸਟੀਵਲ ਦੇ ਚੌਥੇ ਦਿਨ ਅਦਾਕਾਰ ਮੰਚ ਮੋਹਾਲੀ ਦੀ ਟੀਮ ਵਲੋਂ ਪ੍ਰਸਿੱਧ ਨਾਟਕਕਾਰ ਡਾ. ਸਾਹਿਬ ਸਿੰਘ ਦੀ ਨਿਰਦੇਸ਼ਨਾ ਹੇਠ ਨਾਟਕ ‘ਸੰਦੂਕੜੀ ਖੋਲ ਨਰੈਣਿਆ’ ਦਾ ਮੰਚਣ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਮੰਚਣ ਕੀਤਾ ਗਿਆ।
ਇਹ ਨਾਟਕ ਇੱਕ ਅਧਿਆਪਕ ਦੀਆਂ ਯਾਦਾਂ ਨਾਲ ਜੁੜਿਆ ਹੈ।ਅਧਿਆਪਕ ਰਿਟਾਇਰ ਹੋ ਚੁੱਕਾ ਹੈ, ਪਰ ਹਰ ਸਾਲ ਆਪਣੇ ਸਕੂਲ ‘ਚ ਗੇੜਾ ਮਾਰਦਾ ਹੈ।ਉਹ ਆਪਣੀ ਸੰਦੂਕੜੀ ‘ਚੋਂ ਵਿਦਿਆਰਥੀਆਂ ਦੀ ਕੋਈ ਨਾ ਕੋਈ ਨਿਸ਼ਾਨੀ ਕੱਢਦਾ ਹੈ ਤੇ ਉਸ ਵਿਦਿਆਰਥੀ ਦੀ ਕਹਾਣੀ ਸ਼ੁਰੂ ਹੋ ਜਾਂਦੀ ਹੈ।ਉਸ ਦਾ ਇੱਕ ਵਿਦਿਆਰਥੀ ਨੇਕਾ ਹੈ, ਜੋ ਕੈਨੇਡਾ ਜਾਂਦਾ ਹੈ।ਪਰ ਥੋੜ੍ਹੇ ਮਹੀਨਿਆਂ ਵਿੱਚ ਹੀ ਦਿਲ ਦੇ ਦੌਰੇ ਕਾਰਨ ਮਰ ਜਾਂਦਾ ਹੈ।ਨਾਟਕ ਨੇਕੇ ਦੀ ਸਕੂਲੀ ਜ਼ਿੰਦਗੀ, ਕਾਲਜ ਜ਼ਿੰਦਗੀ ਅਤੇ ਖੇਤੀ ਕਰਨ ਦੇ ਸੀਨ ਦਿਖਾਉਂਦਾ ਹੈ, ਇੱਕ ਕੁੜੀ ਨੂੰ ਨੇਕੇ ਨਾਲ ਪਿਆਰ ਸੀ, ਪਰ ਨੇਕਾ ਉਹਦੀ ਪ੍ਰਵਾਹ ਨਹੀਂ ਸੀ ਕਰਦਾ.. ਹੁਣ ਨੇਕੇ ਨੂੰ ਉਹ ਯਾਦ ਆਉਂਦੀ ਹੈ।ਮਰਨ ਤੋਂ ਪਹਿਲਾਂ ਨੇਕਾ ਮਾਫੀ ਮੰਗਦਾ ਹੈ, ਕਿ ਉਹਨੇ ਨਾ ਪੜ੍ਹਾਈ ਵੱਲ ਧਿਆਨ ਦਿੱਤਾ ਤੇ ਨਾ ਕੰਮ ਵੱਲ, ਏਸੇ ਲਈ ਕੈਨੇਡਾ ਵਿੱਚ ਕਾਮਯਾਬ ਨਾ ਹੋ ਸਕਿਆ।ਇਸ ਨਾਟਕ ਵਿੱਚ ਪੰਜਾਬੀ ਗੀਤ, ਪਰੰਪਰਿਕ ਸੰਗੀਤ, ਸ਼ਬਦ ਗਾਇਣ ਸ਼ਾਮਲ ਕੀਤਾ ਗਿਆ ਹੈ ਤੇ ਭਾਵੁਕ ਦ੍ਰਿਸ਼ਾਂ ਨਾਲ ਹੱਸਣ ਖੇਡਣ ਵੀ ਸ਼ਾਮਲ ਹੈ।ਸੰਦੂਕੜੀ ਦਾ ਸਸਪੈਂਸ ਦਰਸ਼ਕ ਨੂੰ ਜੋੜੀ ਰੱਖਦਾ ਹੈ।ਇਸ ਇੱਕ ਪਾਤਰੀ ਨਾਟਕ ਦੇ ਅਦਾਕਾਰ ਡਾ. ਸਾਹਿਬ ਸਿੰਘ ਨੇ ਬਾਕਮਾਲ ਅਦਾਕਾਰੀ ਪੇਸ਼ ਕੀਤੀ।
ਇਸ ਮੋਕੇ ਕੇਵਲ ਧਾਲੀਵਾਲ, ਕੁਲਬੀਰ ਸੂਰੀ, ਅਰਵਿੰਦਰ ਕੌਰ ਧਾਲੀਵਾਲ, ਪਵਨਦੀਪ, ਡਾ. ਦਰਸ਼ਨਦੀਪ, ਰਮੇਸ਼ ਯਾਦਵ, ਭੁਪਿੰਦਰ ਸਿੰਘ ਸੰਧੂ, ਸੁਮੀਤ ਸਿੰਘ ਸਮੇਤ ਆਦਿ ਨਾਟ ਪ੍ਰੇਮੀ ਹਾਜ਼ਰ ਸਨ।

Check Also

ਲਾਰੇ-ਲੱਪਿਆਂ ਦੀ ਬਰਾਤ…

ਮਾਤਾ ਜੀ! ਮਾਤਾ ਜੀ!! ਕਰਦੇ ਹੱਥ ਜੋੜੀ ਪੰਝੀ ਤੀਹ ਜਣੇ ਦਿਨ ਚੜ੍ਹਦਿਆਂ ਘਰੇ ਆ ਗਏ।ਪੰਜਾਂ-ਸੱਤਾਂ …