ਲੋਕਾਂ ਨੂੰ ਕੀਤੀ ਅਪੀਲ ਕੁਲਦੀਪ ਧਾਲੀਵਾਲ ਨੂੰ ਜਿਤਾਓ
ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਅੰਮ੍ਰਿਤਸਰ `ਚ ਚੋਣ ਪ੍ਰਚਾਰ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਮਾਝਾ ਖੇਤਰ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਮਾਝੇ ਦੇ ਲੋਕ ਜਦੋਂ ਕਿਸੇ ਚੀਜ਼ ਨੂੰ ਲੈ ਕੇ ਆਪਣਾ ਮਨ ਬਣਾ ਲੈਂਦੇ ਹਨ ਤਾਂ ਉਹ ਬਿਲਕੁੱਲ ਵੀ ਨਹੀਂ ਬਦਲਦੇ ਅਤੇ ਇਸ ਵਾਰ ਇਥੋਂ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈ।
ਵੀਰਵਾਰ ਸ਼ਾਮ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ `ਆਪ` ਉਮੀਦਵਾਰ ਕੁਲਦੀਪ ਧਾਲੀਵਾਲ ਦੇ ਹੱਕ `ਚ ਅੰਮ੍ਰਿਤਸਰ ਵਿਖੇ ਰੋਡ ਸ਼ੋਅ ਕੀਤਾ ਅਤੇ ਲੋਕਾਂ ਨੂੰ ਧਾਲੀਵਾਲ ਨੂੰ ਜਿਤਾਉਣ ਦੀ ਅਪੀਲ ਕੀਤੀ।ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਗੁਰੂ ਦੀ ਨਗਰੀ ਹੈ।ਇਸ ਲਈ ਜਦੋਂ ਲੋਕ ਸਭਾ ਚੋਣਾਂ ਦੇ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ ਤਾਂ ਆਮ ਆਦਮੀ ਪਾਰਟੀ ਦੀ ਜਿੱਤ ਦਾ ਪਹਿਲਾ ਰੁਝਾਨ ਇਥੋਂ ਹੀ ਆਉਣਾ ਚਾਹੀਦਾ ਹੈ।
ਭਗਵੰਤ ਮਾਨ ਨੇ ਕੁਲਦੀਪ ਧਾਲੀਵਾਲ ਦੇ ਕੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਧਾਲੀਵਾਲ ਬਹੁਤ ਹੀ ਤਜ਼ਰਬੇਕਾਰ ਆਗੂ ਹਨ।ਉਨ੍ਹਾਂ ਕੋਲ ਵਿਧਾਨ ਸਭਾ ਦੇ ਕੰਮ ਅਤੇ ਮੰਤਰੀ ਦੇ ਅਹੁੱਦੇ ਦਾ ਤਜ਼ਰਬਾ ਹੈ।ਇਨ੍ਹਾਂ ਨੂੰ ਜੇਤੂ ਬਣਾ ਕੇ ਐਮ.ਪੀ ਬਣਾਓ।ਇਹਨਾਂ ਦਾ ਇਹ ਤਜ਼ਰਬਾ ਅੰਮ੍ਰਿਤਸਰ ਦੇ ਵਿਕਾਸ ਲਈ ਬੇਹੱਦ ਲਾਹੇਵੰਦ ਹੋਵੇਗਾ।ਉਨ੍ਹਾਂ ਕਿਹਾ ਕਿ ਕੁਲਦੀਪ ਧਾਲੀਵਾਲ ਨੇ ਪੰਜਾਬ ਸਰਕਾਰ ਵਿੱਚ ਪੰਚਾਇਤੀ ਰਾਜ ਮੰਤਰੀ ਰਹਿੰਦਿਆਂ ਬਹੁਤ ਹੀ ਸ਼ਾਨਦਾਰ ਕੰਮ ਕੀਤੇ ਹਨ।ਉਨ੍ਹਾਂ ਨੇ ਪੰਜਾਬ ਦੇ ਵੱਡੇ ਪ੍ਰਭਾਵਸ਼ਾਲੀ ਲੋਕਾਂ ਤੋਂ 10 ਹਜ਼ਾਰ ਏਕੜ ਤੋਂ ਵੱਧ ਪੰਚਾਇਤੀ ਜ਼ਮੀਨ ਛੁਡਵਾਈ।
ਭਾਸ਼ਣ ਦੇ ਦੌਰਾਨ ਭਗਵੰਤ ਮਾਨ ਨੇ ਭਾਜਪਾ ‘ਤੇ ਹਮਲਾ ਬੋਲਦਿਆਂ ਕਿਹਾ ਕਿ ਪਹਿਲੇ ਪੜਾਅ ਦੀ ਚੋਣ ਰਿਪੋਰਟ ਅਨੁਸਾਰ ਭਾਜਪਾ ਨੂੰ ਸਿਰਫ਼ 25 ਤੋਂ 30 ਸੀਟਾਂ ਹੀ ਆ ਰਹੀਆਂ ਹਨ।ਉਨ੍ਹਾਂ ਦਾ 400 ਪਾਰ ਦਾ ਨਾਅਰਾ ਹੁਣ ਬੰਦ ਹੋ ਗਿਆ ਹੈ, ਹੁਣ ਉਨ੍ਹਾਂ ਨੂੰ ਹਾਰ ਦਾ ਡਰ ਸਤਾਉਣ ਲੱਗ ਗਿਆ ਹੈ।
ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੰਗਲ-ਸੂਤਰ ਸਬੰਧੀ ਬਿਆਨਾਂ ਦੀ ਸਖ਼ਤ ਨਿੰਦਿਆ ਕੀਤੀ ਅਤੇ ਕਿਹਾ ਕਿ 10 ਸਾਲ ਸਾਸ਼ਨ ਕਰਨ ਦੇ ਬਾਵਜ਼ੂਦ ਪ੍ਰਧਾਨ ਮੰਤਰੀ ਮੋਦੀ ਮੰਗਲ-ਸੂਤਰ ਦੇ ਨਾਮ ‘ਤੇ ਵੋਟ ਮੰਗ ਰਹੇ ਹਨ।ਉਨ੍ਹਾਂ ਨੇ ਕਿਹਾ ਕਿ ਭਾਜਪਾ ਨਫ਼ਰਤ ਦੀ ਰਾਜਨੀਤੀ ਕਰਦੀ ਹੈ।ਉਹ ਲੋਕਾਂ ਨੂੰ ਜਾਤੀ-ਧਰਮ ਦੇ ਨਾਮ ‘ਤੇ ਲੜਾ ਕੇ ਵੋਟ ਲੈਣਾ ਚਾਹੁੰਦੀ ਹੈ।ਉਥੇ ਹੀ ਅਸੀਂ (ਆਮ ਆਦਮੀ ਪਾਰਟੀ) ਆਪਣੇ ਕੰਮ ਦੇ ਨਾਮ ‘ਤੇ ਲੋਕਾਂ ਤੋਂ ਵੋਟ ਮੰਗ ਰਹੇ ਹਾਂ।ਅਸੀਂ ਸਰਕਾਰੀ ਸਕੂਲ, ਹਸਪਤਾਲ, ਦਵਾਈ, ਰੋਜ਼ਗਾਰ, ਬਿਜਲੀ, ਪਾਣੀ ਅਤੇ ਹੋਰ ਨਾਗਰਿਕ ਸਹੂਲਤਾਂ ਦੇ ਨਾਮ ‘ਤੇ ਵੋਟ ਮੰਗ ਰਹੇ ਹਾਂ ।
ਰੋਡ ਸ਼ੋਅ ਦੌਰਾਨ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਧਾਲੀਵਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿੱਤ ਦਾ ਭਰੋਸਾ ਦਿਵਾਇਆ।ਇਥੋਂ ਦੇ ਲੋਕ ਭਾਰੀ ਵੋਟਾਂ ਨਾਲ ਆਮ ਆਦਮੀ ਪਾਰਟੀ ਨੂੰ ਜਿਤਾਉਣਗੇ ਅਤੇ ਆਮ ਆਦਮੀ ਪਾਰਟੀ (ਪੰਜਾਬ) ਨੂੰ 13-0 ਨਾਲ ਜਿਤਾਉਣ ਵਿਚ ਸਹਿਯੋਗ ਕਰਨਗੇ।