Wednesday, June 26, 2024

ਜੈਵਿਕ ਵਿਭਿੰਨਤਾ ਦੀ ਸੰਭਾਲ ਸਬੰਧੀ ਜਾਗਰੂਕਤਾ ਸਮਾਗਮ ਕਰਵਾਇਆ

ਸੰਗਰੂਰ, 24 ਮਈ (ਜਗਸੀਰ ਸਿੰਘ) – ਕੌਮੀ ਸੇਵਾ ਯੋਜਨਾ ਇਕਾਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲਾਂ ਚੌਕ ਵਲੋਂ ਵਾਤਾਵਰਣ ਸਿੱਖਿਆ ਪ੍ਰੋਗਰਾਮ ਤਹਿਤ ਬਾਇਓ ਡਾਈਵਰਸਿਟੀ ਅਥਾਰਟੀ ਆਫ ਇੰਡੀਆ ਅਤੇ ਪੰਜਾਬ ਬਾਇਓ ਡਾਈਵਰਸਟੀ ਬੋਰਡ ਦੇ ਸਹਿਯੋਗ ਨਾਲ ਪ੍ਰਿੰਸੀਪਲ ਨਵਰਾਜ ਕੌਰ ਦੀ ਅਗਵਾਈ ਵਿੱਚ ਜੈਵਿਕ ਵਿਭਿੰਨਤਾ ਸੰਭਾਲ ਦਿਵਸ ਮਨਾਉਣ ਸਬੰਧੀ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਸਮਾਗਮ ਦਾ ਮੱਖ ਮੰਤਵ “ਆਓ ਯੋਜਨਾ ਦਾ ਹਿੱਸਾ ਬਣੀਏ” ਬੈਨਰ ਹੇਠ ਵਿਦਿਆਰਥੀਆਂ ਨੂੰ ਆਪਣੇ ਆਲੇ ਦੁਆਲੇ ਮੌਜ਼ੂਦ ਜੀਵਾਂ ਪ੍ਰਤੀ ਪਿਆਰ ਤੇ ਸੇਵਾ ਦੀ ਭਾਵਨਾ ਪੈਦਾ ਕਰਕੇ ਇਹਨਾਂ ਦੀ ਸਾਂਭ ਸੰਭਾਲ ਤੇ ਹਿਫ਼ਾਜ਼ਤ ਲਈ ਪ੍ਰੇਰਿਤ ਕਰਨਾ ਸੀ।ਵਿਸ਼ਵ ਦੇ ਕੁੱਲ ਜੀਵ ਜੰਤੂਆਂ ਦੀ ਸੁਰੱਖਿਆ ਨੂੰ ਸਮਰਪਿਤ ਇਸ ਸਮਾਗਮ ਦੌਰਾਨ ਵਿਦਿਆਰਥੀਆਂ ਅਤੇ ਵਲੰਟੀਅਰਾਂ ਨੇ ਜੰਗਲਾਂ, ਧਰਤੀ, ਵਾਤਾਵਰਨ ਅਤੇ ਵਧ ਰਹੇ ਪ੍ਰਦੂਸ਼ਣ, ਗਲੋਬਲ ਵਾਰਮਿੰਗ ਵਰਗੇ ਮਹੱਤਵਪੂਰਨ ਵਿਸ਼ਿਆਂ ਤੇ ਆਪਣੇ ਵਿਚਾਰ, ਗੀਤ, ਕਵਿਤਾਵਾਂ ਪੇਸ਼ ਕਰਕੇ ਸੰਸਾਰ ਵਿੱਚ ਹਰ ਇੱਕ ਜੀਵ, ਜੰਤੂ, ਪੌਦਿਆਂ ਦੀ ਸੰਭਾਲ ਬਾਰੇ ਚਾਨਣਾ ਪਾਇਆ।ਪ੍ਰੋਗਰਾਮ ਅਫਸਰ ਪਰਮਿੰਦਰ ਕੁਮਾਰ ਲੌਂਗੋਵਾਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੈਵਿਕ ਵਿਭਿੰਨਤਾ ਦੀ ਸੰਭਾਲ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ।ਵਧਦੀ ਆਬਾਦੀ ਕਾਰਨ ਜੰਗਲਾਂ ਹੇਠਲਾ ਰਕਬਾ ਲਗਾਤਾਰ ਘੱਟ ਰਿਹਾ ਹੈ, ਜਿਸ ਦਾ ਸਿੱਧਾ ਪ੍ਰਭਾਵ ਜੈਵਿਕ ਵਿਭਿੰਨਤਾ ਉਪਰ ਪੈ ਰਿਹਾ ਹੈ।ਰਾਜੇਸ਼ ਕੁਮਾਰ ਲੈਕਚਰਾਰ ਹਿਸਟਰੀ ਮੈਡਮ ਗਗਨਜੋਤ ਕੌਰ, ਚਰਨਦੀਪ ਸੋਨੀਆ ਨੇ ਵਿਦਿਆਰਥੀਆਂ ਨੂੰ ਪੰਛੀਆਂ, ਮਿੱਤਰ ਕੀਟਾ, ਪੌਦਿਆਂ ਵਲੋਂ ਮਨੁੱਖੀ ਜੀਵਨ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰਨ ਬਾਰੇ ਦੱਸਿਆ।ਉਹਨਾਂ ਵਿਦਿਆਰਥੀਆਂ ਨੂੰ ਗਰਮੀ ਦੇ ਮੌਸਮ ਵਿੱਚ ਪੰਛੀਆਂ ਲਈ ਪਾਣੀ ਦਾ ਪ੍ਰਬੰਧ ਕਰਨ ਲਈ ਪ੍ਰੇਰਿਤ ਕੀਤਾ।
ਪ੍ਰੋਜੈਕਟ ਇੰਚਾਰਜ਼ ਮੈਡਮ ਕੰਚਨ ਸਿੰਗਲਾ ਦੀ ਦੇਖ-ਰੇਖ ਵਿੱਚ ਤਿਆਰ ਨੰਨ੍ਹੇ ਮੁੰਨੇ ਬੱਚਿਆਂ ਨੇ ਨਾਟਕ ਤੇ ਗੀਤਾਂ ਰਾਹੀਂ ਰੁੱਖਾਂ ਦੇ ਬੇਸ਼ੁਮਾਰ ਫ਼ਾਇਦਿਆਂ ਦੀ ਗੱਲ ਕਰਦੇ ਹੋਏ ਇਹਨਾਂ ਦੀ ਸੰਭਾਲ ਕਰਨ ਲਈ ਪ੍ਰੇਰਿਤ ਕੀਤਾ।ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਮਿੱਟੀ ਦੇ ਭਾਂਡੇ ਤੇ ਆਲਣਿਆਂ ਅਤੇ ਇਨਾਮਾਂ ਦੀ ਵੰਡ, ਕਰਦਿਆਂ ਪ੍ਰਿੰਸੀਪਲ ਨਵਰਾਜ ਕੌਰ ਨੇ ਕਿਹਾ ਕਿ ਸਾਨੂੰ ਆਪਣੇ ਮਨ ਅੰਦਰ ਜੀਵ ਜੰਤੂਆਂ ਪ੍ਰਤੀ ਹਮਦਰਦੀ ਰੱਖਣੀ ਚਾਹੀਦੀ ਹੈ ਤੇ ਵਾਤਾਵਰਨ, ਜੈਵਿਕ ਵਿਭਿੰਨਤਾ ਦੀ ਸੰਭਾਲ ਲਈ ਹਰ ਵੇਲੇ ਯਤਨਸ਼ੀਲ ਰਹਿਣਾ ਚਾਹੀਦਾ ਹੈ।
ਇਸ ਮੌਕੇ ਰਾਕੇਸ਼ ਕੁਮਾਰ ਲੈਕਚਰਾਰ ਸਰੀਰਕ ਸਿੱਖਿਆ, ਹਰਵਿੰਦਰ ਸਿੰਘ ਸਹਾਇਕ ਪ੍ਰੋਗਰਾਮ ਅਫਸਰ, ਨਿਰਮਲ ਸਿੰਘ, ਸੁਖਚੈਨ ਸਿੰਘ, ਹਰੀ ਸਿੰਘ ਤੇ ਹੋਰ ਸਟਾਫ ਮੈਂਬਰ, ਨਗਰ ਨਿਵਾਸੀ ਤੇ ਵਲੰਟੀਅਰ ਹਾਜ਼ਰ ਸਨ।

Check Also

ਲ਼ੋਕ ਸਭਾ ਚੋਣ ਲੜ ਚੁੱਕੇ ਉਮੀਦਵਾਰਾਂ ਨੂੰ ਖਰਚਾ ਰਜਿਸਟਰ ਮੇਨਟੇਨ ਕਰਨ ਸਬੰਧੀ ਦਿੱਤੀ ਟ੍ਰੇਨਿੰਗ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ) – ਲੋਕ ਸਭਾ ਚੋਣਾਂ 2024 ਦੌਰਾਨ ਚੋਣ ਲੜ ਚੁੱਕੇ ਉਮੀਦਵਾਰਾਂ …