Sunday, December 22, 2024

‘ਪੰਜ ਰੋਜ਼ਾ ਨਾਟ ਉਤਸਵ’ ਦੇ ਆਖ਼ਰੀ ਦਿਨ ‘ਹੀਰ ਸੁੱਨੜ’ ਨਾਟਕ ਦੀ ਪੇਸ਼ਕਾਰੀ

ਅੰਮ੍ਰਿਤਸਰ, 5 ਜੁਲਾਈ (ਦੀਪ ਦਵਿੰਦਰ ਸਿੰਘ ) – ਮੰਚ ਰੰਗਮੰਚ ਅਤੇ ਵਿਰਸਾ ਵਿਹਾਰ ਅੰਮ੍ਰਿਤਸਰ ਵੱਲੋਂ ਲਗਾਈ ਗਈ ਰਾਸ਼ਟਰੀ ਰੰਗਮੰਚ ਕਾਰਜਸ਼ਾਲਾ ਵਿੱਚ ਪੰਜਾਬ ਸਮੇਤ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਆਏ ਵਿਦਿਆਰਥੀਆਂ ਵੱਲੋਂ ਇਕ ਮਹੀਨੇ ਦੀ ਵਰਕਸ਼ਾਪ ਦੌਰਾਨ ਸ਼ੋ੍ਰਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਅਗਵਾਈ ਵਿੱਚ ਪੰਜ ਨਾਟਕ ਤਿਆਰ ਕੀਤੇ ਗਏ।ਇਸ ਪੰਜ ਰੋਜ਼ਾ ਨਾਟ ਉਤਸਵ ਦੇ ਪੰਜਵੇਂ ਅਤੇੇ ਆਖ਼ਰੀ ਦਿਨ ਸੁਰਿੰਦਰ ਸਿੰਘ ਸੁੱਨੜ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਦੀ ਨਿਰਦੇਸ਼ਤ ਕੀਤਾ ਪੰਜਾਬੀ ਨਾਟਕ ‘ਹੀਰ ਸੁੱਨੜ’ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਸਫ਼ਲਤਾਪੂਰਵਕ ਪੇਸ਼ ਕੀਤਾ ਗਿਆ।
‘ਹੀਰ ਸੁੱਨੜ’ ਪ੍ਰਵਾਸੀ ਪੰਜਾਬੀ ਲੇਖਕ ਸੁਰਿੰਦਰ ਸਿੰਘ ਸੁੱਨੜ ਦੀ ਰਚਨਾਤਮਕ ਕਲਾ-ਕੌਸ਼ਲਤਾ ਦਾ ਸੁੰਦਰ ਪ੍ਰਮਾਣ ਹੈ।ਸੁਰਿੰਦਰ ਸਿੰਘ ਸੁੱਨੜ ਇਕ ਬਹੁ-ਪੱਖੀ ਲੇਖਕ ਹੈ।ਪੰਜਾਬੀ ਕਿੱਸਾ ਕਾਵਿ ਵਿੱਚ ਸੱਯਦ ਵਾਰਿਸ ਸ਼ਾਹ ਦੀ ਸ਼ਾਹਕਾਰ ਰਚਨਾ ਹੀਰ ਨੇ ਪੰਜਾਬੀ ਮਾਨਸਿਕਤਾ ਨੂੰ ਏਨਾ ਪ੍ਰਭਾਵਿਤ ਕੀਤਾ ਕਿ ਵਾਰਿਸ ਤੋਂ ਬਾਅਦ ਅਨੇਕ ਕਵੀਆਂ ਦੇ ਸਾਹਿਤ ਉਪਰ ਹੀਰ ਦੇ ਮੈਟਾਫਰ ਦਾ ਪ੍ਰਤੱਖ ਅਸਰ ਦੇਖਣ ਵਿੱਚ ਆਉਂਦਾ ਹੈ।ਹੀਰ ਸੁੱਨੜ ਇਕ ਪੜ੍ਹੇ ਲਿਖੇ ਤੇ ਸਰਦੇ ਪੁੱਜਦੇ ਪਰਿਵਾਰ ਦੇ ਗੱਭਰੂ ਅਤੇ ਮੁਟਿਆਰ ਦੀ ਪ੍ਰੇਮ ਕਥਾ ’ਤੇ ਅਧਾਰਿਤ ਕਾਵਿ ਰਚਨਾ ਹੈ, ਜੋ ਪੰਜਾਬੀ ਜਨ-ਸਾਧਾਰਨ ਵਾਂਗ ਪਿਆਰ ਨੂੰ ਇਕ ਉਠਾਰ ਦੀ ਥਾਂ ਇਕ ਉਚਤਮ ਇਨਸਾਨੀ ਜਜ਼ਬਾਤ ਮੰਨਦੇ ਹਨ।ਲੜਕੀ ਦਾ ਬਾਪ ਇੱਕ ਚਲਦਾ ਪੁਰਜ਼ਾ ਤੇ ਮੰਨਿਆ ਪਰਮੰਨਿਆ ਵਪਾਰੀ ਹੈ, ਜੋ ਸਭ ਉਚੇ ਨੀਵੇਂ ਥਾਵਾਂ ਦੀ ਸਾਰ ਜਾਣਦਾ ਹੈ।ਉਹ ਆਪਣੀ ਪਤਨੀ ਤੇ ਲੜਕਿਆਂ ਦੀ ਘਬਰਾਹਟ ਨੂੰ ਆਪਣੇ ਸਵੈ ਵਿਸ਼ਵਾਸ ਨਾਲ ਜਿੱਤਣ ਵਿੱਚ ਵੀ ਸਫਲ ਹੋ ਜਾਂਦਾ ਹੈ।ਇਸ ਰਚਨਾ ਵਿੱਚ ਬੇਸ਼ੱਕ ਬਾਪ ਧੀ ਨੂੰ ਚਤੁਰਾਈ ਨਾਲ ਵਿਦੇਸ਼ ਲਿਜਾ ਕੇ ਪੜ੍ਹਨ ਲਾਉਣ ਤੇ ਉਥੇ ਮੰਗਣ ਵਿਆਹੁਣ ਦੇ ਹੀਲੇ ਕਰਦਾ ਅਤੇ ਹੀਰ ਰਾਂਝੇ ਦੇ ਪ੍ਰੇਮ ਨੂੰ ਅਸਫਲ ਕਰਨ ਦਾ ਯਤਨ ਕਰਦਾ ਦ੍ਰਿਸ਼ਟੀਗੋਚਰ ਹੁੰਦਾ ਹੈ ਅਤੇ ਇਸ ਉਦੇਸ਼ ਲਈ ਉਹ ਵੈਨਚੂਰਾ, ਯੂ.ਐਸ.ਏ ਰਹਿੰਦੇ ਆਪਣੇ ਭਰਾ ਕੈਦੋਂ ਦੀ ਵੀ ਮਦਦ ਲੈਂਦਾ ਹੈ, ਪਰ ਲੇਖਕ ਉਹਨਾਂ ਦੇ ਕਿਰਦਾਰ ਨੂੰ ਖਲਨਾਇਕ ਦੇ ਰੂਪ ਵਿੱਚ ਨਹੀਂ ਚਿਤਰਦਾ।ਸੁੱਨੜ ਦਾ ਸੈਦਾ ‘ਕਾਣਾ’ ਨਹੀਂ ਸਗੋਂ ਅੱਖਾਂ ਦਾ ਡਾਕਟਰ ਹੈ।ਸਹਿਤੀ ਰਾਂਝੇ ਲਈ ਗਰੀਨ ਕਾਰਡ ਦਾ ਸਬੱਬ ਬਣਦੀ ਹੈ।ਇਸ ਤਰ੍ਹਾਂ ਸੁੱਨੜ ਦੇ ਨਾਇਕ ਨਾਇਕਾ ਆਪਣੀ ਪ੍ਰੀਤ ਵਿੱਚ ਮੰਜ਼ਿਲ ਹਾਸਲ ਕਰ ਲੈਂਦੇ ਹਨ।ਇਹ ਤਾਂ ਆਧੁਨਿਕ ਲੋਕਾਂ ਦੇ ਪ੍ਰੇਮ ਦੀ ਗਾਥਾ ਹੈ, ਜਿਸ ਵਿੱਚ ਹੱਡ ਮਾਸ ਦੇ ਵਿਅਕਤੀ ਹੀ ਪ੍ਰਵਾਨ ਹਨ।ਵਾਰਿਸ ਦੀ ਕਹਾਣੀ ਵੀ ਰੂਹ ਕਲਬੂਤ ਦੀ ਕਹਾਣੀ ਹੈ।ਹੀਰ ਸੁੱਨੜ ਵੀ ਅੱਜ ਦੀ ਹੀਰ ਨੂੰ ਤੇ ਅੱਜ ਦੇ ਰਾਂਝੇ ਨੂੰ ਰੂਹ ਕਲਬੂਤ ਦੇ ਰਿਸ਼ਤੇ ਨਿਭਾਉਂਦੀਆਂ ਹੀ ਪੇਸ਼ ਕਰਦੀ ਹੈ।
ਇਸ ਨਾਟਕ ਵਿੱਚ ਸਾਜਨ ਕੋਹਿਨੂਰ, ਅਪਨੀਤ ਬਾਜਵਾ, ਯੁਵਨੀਸ਼ ਸ਼ਰਮਾ, ਕਿਰਨਬੀਰ ਕੌਰ, ਕਵਚ ਮਲਿਕ, ਅਭਿਸ਼ੇਕ ਐਰੀ, ਅਕਾਸ਼ਦੀਪ ਸਿੰਘ, ਸਾਨੀਆ ਸ਼ਰਮਾ, ਸੁਰਜ ਪੋਦਾਰ, ਜਸਵੰਤ ਸਿੰਘ, ਪਵੇਲ ਅਗਸਤਸ, ਸਿਰਮਨਜੀਤ ਸਿੰਘ, ਰਾਹੁਲ, ਕਰਨ ਸਿੰਘ, ਸਾਨੀਆ ਮਲਹੋਤਰਾ, ਸੰਗੀਤ ਸ਼ਰਮਾ, ਨਿਕਿਤਾ, ਪਰਦੀਪ ਖ਼ਾਨ, ਜਾਗਰੀਤ, ਹਰਸ਼, ਜੈ ਗੋਤਮ, ਵਿਪਨ, ਅਮਨੀਤ ਸਿੰਘ, ਹਰਜੋਤ ਸਿੰਘ, ਸ਼ਿਵਮ, ਗੁਰਵਿੰਦਰ ਸਿੰਘ, ਸੰਜੇ ਕੁਮਾਰ ਆਦਿ ਕਲਾਕਾਰਾਂ ਨੇ ਦਮਦਾਰ ਅਦਾਕਾਰੀ ਪੇਸ਼ ਕੀਤੀ।ਨਾਟਕ ਦਾ ਰੋਸ਼ਨੀ ਪ੍ਰਭਾਵ ਹਰਮੀਤ ਭੁੱਲਰ ਅਤੇ ਸੰਗੀਤ ਦਾ ਪ੍ਰਭਾਵ ਮਨਿੰਦਰ ਸਿੰਘ ਵਲੋਂ ਦਿੱਤਾ ਗਿਆ।ਫੈਸਟੀਵਲ ਦੇ ਆਖਰੀ ਦਿਨ ਰੰਗਮੰਚ ਕਾਰਜਸ਼ਾਲਾ ਦੇ ਡਾਇਰੈਕਟਰ ਕੇਵਲ ਧਾਲੀਵਾਲ ਵਲੋਂ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਡਾ. ਅਰਵਿੰਦਰ ਕੌਰ ਧਾਲੀਵਾਲ, ਐਸ.ਪੀ ਅਰੋੜਾ, ਗੁਰਦੇਵ ਸਿੰਘ ਮਹਿਲਾਂਵਾਲਾ, ਭੁਪਿੰਦਰ ਸਿੰਘ ਸੰਧੂ, ਹਰਦੀਪ ਗਿੱਲ, ਅਨੀਤਾ ਦੇਵਗਨ, ਪ੍ਰਿਤਪਾਲ ਰੁਪਾਣਾ, ਗੁਰਤੇਜ ਮਾਨ ਆਦਿ ਵੱਡੀ ਗਿਣਤੀ ‘ਚ ਦਰਸ਼ਕ ਅਤੇ ਨਾਟ ਪ੍ਰੇਮੀ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …