Wednesday, December 4, 2024

ਰਾਸ਼ਟਰੀ ਕਮਿਸ਼ਨ ਬਾਲ ਅਧਿਕਾਰਾਂ ਦੀ ਸੁਰੱਖਿਆ 24 ਜੁਲਾਈ ਨੂੰ ਕਰੇਗਾ ਅੰਮ੍ਰਿਤਸਰ ਦਾ ਦੌਰਾ

ਅੰਮ੍ਰਿਤਸਰ, 12 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਕਮਿਸ਼ਨ ਬਾਲ ਅਧਿਕਾਰਾਂ ਦੀ ਸੁਰੱਖਿਆ ਦੇ ਚੇਅਰਮੈਨ 24 ਜੁਲਾਈ ਨੂੰ ਅੰਮ੍ਰਿਤਸਰ ਦਾ ਦੌਰਾ ਕਰਨਗੇ।ਉਹ ਲੋੜਵੰਦ ਪਰਿਵਾਰਾਂ ਦੇ 0-18 ਸਾਲ ਦੇ ਬੱਚਿਆਂ ਅਤੇ ਵਿਸ਼ੇਸ਼ ਜਰੂਰਤਾਂ ਵਾਲੇ ਬੱਚਿਆਂ ਨੂੰ ਉਨ੍ਹਾਂ ਦੇ ਅਧਿਕਾਰਾਂ ਸਬੰਧੀ ਜਾਣੂ ਕਰਵਾਉਣ ਦੇ ਨਾਲ-ਨਾਲ ਮੁਸ਼ਕਲਾਂ ਵੀ ਸੁਣਨਗੇ।
ਇਸ ਸਬੰਧੀ ਅੱਜ ਸਹਾਇਕ ਕਮਿਸ਼ਨਰ ਜਨਰਲ ਮੈਡਮ ਗੁਰਸਿਮਰਨ ਕੌਰ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਦੱਸਿਆ ਕਿ ਕਮਿਸ਼ਨ ਵਲੋਂ ਰਣਜੀਤ ਐਵਨਿਊ ਵਿਖੇ ਨਗਰ ਸੁਧਾਰ ਟਰੱਸਟ ਦੇ ਕਮਿਊਨਟੀ ਹਾਲ ਵਿੱਚ ਇੱਕ ਵਿਸ਼ੇਸ਼ ਕੈਂਪ ਲਗਾਇਆ ਜਾਵੇਗਾ।ਜਿਥੇ ਉਹ ਇਨ੍ਹਾਂ ਬੱਚਿਆਂ ਦੀਆਂ ਮੁਸ਼ਕਲਾਂ ਨੂੰ ਸੁਣਨਗੇ।ਸਹਾਇਕ ਕਮਿਸ਼ਨਰ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਕੈਂਪ ਵਾਲੀ ਥਾਂ ’ਤੇ ਆਪੋ ਆਪਣੇ ਵਿਭਾਗ ਦੇ ਕਰਮਚਾਰੀਆਂ ਨਾਲ ਹਾਜ਼ਰ ਰਹਿਣ ਅਤੇ ਵਿਭਾਗ ਨਾਲ ਸਬੰਧਤ ਸਕੀਮਾਂ ਦੇ ਪ੍ਰਚਾਰ ਲਈ ਬੈਨਰ ਵੀ ਲਗਾਏ ਜਾਣ।ਉਨ੍ਹਾਂ ਦੱਸਿਆ ਕਿ ਆਮ ਤੌਰ ‘ਤੇ ਇਨ੍ਹਾਂ ਬੱਚਿਆਂ ਦੇ ਅਧਾਰ ਕਾਰਡ, ਯੂ.ਡੀ.ਆਈ.ਡੀ ਕਾਰਡ, ਮੈਡੀਕਲ, ਬੈਂਕ ਖਾਤਾ ਖੋਲ੍ਹਣਾ, ਆਯੂਸ਼ਮਾਨ ਕਾਰਡ ਤੇ ਪੈਨਸ਼ਨ ਆਦਿ ਵਿਭਾਗਾਂ ਨਾਲ ਰਾਬਤਾ ਰਹਿੰਦਾ ਹੈ, ਜਿਸ ਕਰਕੇ ਇਨ੍ਹਾਂ ਵਿਭਾਗਾਂ ਦੇ ਅਧਿਕਾਰੀ/ਕਰਮਚਾਰੀ ਜਰੂਰ ਹਾਜਰ ਹੋਣ।
ਇਸ ਮੌਕੇ ਮਾਨਯੋਗ ਸਿਵਲ ਜੱਜ ਸ੍ਰੀ ਰਛਪਾਲ ਸਿੰਘ, ਜਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਕਤਾ ਅਧਿਕਾਰੀ ਸ੍ਰੀ ਪਵਲ ਸ੍ਰੇਸ਼ਟਾ, ਲੀਡ ਬੈਂਕ ਮੈਨੇਜਰ ਸ੍ਰੀ ਮੰਗ ਮੈਣੀ, ਜੁਵੇਨਾਇਲ ਜਸਿਟਸ ਬੋਰਡ ਦੇ ਮੈਂਬਰ ਐਡਵੋਕੇਟ ਮਨੋਰੰਜਨ ਸ਼ਰਮਾ, ਸ੍ਰੀ ਨਰਿੰਦਰ ਸਿੰਘ ਪਨੂੰ, ਸਿਹਤ ਅਫਸਰ ਡਾ. ਯੋਗੇਸ਼ ਅਰੋੜਾ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।

Check Also

ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਵਲੋਂ ਵਿਚਾਰ ਗੋਸ਼ਟੀ ਦਾ ਆਯੋਜਨ

ਸੰਗਰੂਰ, 3 ਦਸੰਬਰ (ਜਗਸੀਰ ਲੌਂਗੋਵਾਲ) – ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਸੰਗਰੂਰ ਵਲੋਂ ਬੀ.ਐਸ.ਐਨ.ਐਲ ਪਾਰਕ ਸੰਗਰੂਰ ਵਿਖੇ …