ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵੱਲੋਂ ਨਾਮਵਰ ਚਿੰਤਕ ਡਾ. ਮਨਮੋਹਨ ਸਿੰਘ (ਆਈ.ਪੀ.ਐਸ.) ਦਾ ਵਿਦਿਆਰਥੀਆਂ ਨਾਲ ਰੂਬਰੂ ਕਰਵਾਇਆ ਗਿਆ ਅਤੇ ਉਹਨਾਂ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਪ੍ਰੋਫ਼ੈਸਰ ਆਫ਼ ਐਮੀਨੈਂਸ ਦੀ ਉਪਾਧੀ ਨਾਲ ਨਿਵਾਜਿਜ਼ਆ ਹੈ।ਸਮਾਗਮ ਦੇ ਆਰੰਭ ਵਿਚ ਪੰਜਾਬੀ ਅਧਿਐਨ ਸਕੂਲ ਦੇ ਮੁਖੀ ਡਾ. ਮਨਜਿੰਦਰ ਸਿੰਘ ਨੇ ਮੁੱਖ ਵਕਤਾ ਡਾ. ਮਨਮੋਹਨ ਸਿੰਘ ਜੀ ਦਾ ਰਸਮੀ ਸੁਆਗਤ ਕੀਤਾ।ਉਹਨਾਂ ਨੇ ਉਪ ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਦੀ ਦੂਰ-ਦ੍ਰਿਸ਼ਟੀ ਸਦਕਾ ਹੀ ਪੰਜਾਬੀ ਅਧਿਐਨ ਸਕੂਲ ਨੂੰ ਇਕ ਯੋਗ ਤੇ ਪ੍ਰਬੁੱਧ ਸ਼ਖ਼ਸੀਅਤ ਡਾ. ਮਨਮੋਹਨ ਸਿੰਘ ਪ੍ਰੋਫ਼ੈਸਰ ਆਫ਼ ਐਮੀਨੈਂਸ ਦੇ ਰੂਪ ਵਿੱਚ ਮਿਲੇ ਹਨ। ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਖੇਤਰ ਵਿਚੋਂ ਡਾ. ਮਨਮੋਹਨ ਸਿੰਘ ਦੀ ਪ੍ਰੋਫ਼ੈਸਰ ਆਫ਼ ਐਮੀਨੈਂਸ ਵਜੋਂ ਚੋਣ ਉਪ ਕੁਲਪਤੀ ਦੀ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਪ੍ਰਤੀ ਮੋਹ ਤੇ ਪ੍ਰਤੀਬੱਧਤਾ ਨੂੰ ਦਰਸਾਉਂਦੀ ਹੈ।ਉਹਨਾਂ ਨੇ ਕਿਹਾ ਕਿ ਡਾ. ਮਨਮੋਹਨ ਸਿੰਘ ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਅਤੇ ਪ੍ਰਬੁੱਧ ਭਾਸ਼ਾ ਵਿਗਿਆਨੀ ਤੇ ਬਹੁਪੱਖੀ ਪ੍ਰਤਿਭਾ ਵਾਲੇ ਸਾਹਿਤ ਸਿਰਜਕ ਹਨ।ਉਹ ਪੰਜਾਬੀ ਵਿਭਾਗ ਦੇ ਅਲੂਮਨੀ ਵੀ ਹਨ ਅਤੇ ਆਈ.ਪੀ.ਐਸ ਵਜੋਂ ਭਾਰਤ ਸਰਕਾਰ ਦੇ ਇੰਟੈਲੀਜੈਂਸ ਬਿਊਰੋ ਵਿਭਾਗ ਵਿੱਚ ਬਤੌਰ ਸਪੈਸ਼ਲ ਡਾਇਰੈਕਟਰ ਸੇਵਾਵਾਂ ਨਿਭਾਅ ਚੁੱਕੇ ਹਨ।ਉਹ ਨਿਰੰਤਰ ਸਾਹਿਤ ਸਿਰਜਣਾ ਤੇ ਅਧਿਐਨ ਦੇ ਖੇਤਰ ਵਿੱਚ ਲਾਗਾਤਾਰ ਕਿਰਿਆਸ਼ੀਲ ਹਨ।ਉਹਨਾਂ ਨੇ ਕਿਹਾ ਕਿ ਡਾ. ਮਨਮੋਹਨ ਸਿੰਘ ਸਮੁੱਚੀ ਭਾਰਤੀ ਗਿਆਨ ਪਰੰਪਰਾ ਤੇ ਚਿੰਤਨ ਦੀ ਪੇਸ਼ਕਾਰੀ ਕਰਨ ਵਾਲੇ ਵਿਦਵਾਨ ਹਨ।
ਡਾ. ਮਨਮੋਹਨ ਸਿੰਘ ਨੇ ਵਿਭਾਗ ਦੇ ਖੋਜ-ਵਿਦਿਆਰਥੀਆਂ ਅਤੇ ਵਿਦਿਆਰਥੀਆਂ ਦੇ ਸਨਮੁਖ `ਖੋਜ਼ ਵਿਧੀ : ਦਾਰਸ਼ਨਿਤਾ ਅਤੇ ਅਭਿਆਸ` ਵਿਸ਼ੇ `ਤੇ ਗਿਆਨ ਭਰਪੂਰ ਭਾਸ਼ਣ ਪ੍ਰਸਤੁਤ ਕੀਤੇ।ਖੋਜ਼ ਵਿੱਚ ਨਵੀਨਤਾ ਬਾਰੇ ਗੱਲ ਕਰਦਿਆਂ ਉਹਨਾਂ ਨੇ ਖੋਜ-ਵਿਦਿਆਥੀਆਂ ਨੂੰ ਖੋਜ ਵਿੱਚ ਨਵੀਨਤਾ ਲਿਆਉਣ ਲਈ ਪ੍ਰੇਰਿਤ ਕੀਤਾ।ਉਹਨਾਂ ਕਿਹਾ ਕਿ ਇੱਕ ਖੋਜੀ ਅੰਦਰ ਇਕਾਗਰਤਾ, ਪ੍ਰਤੀਬੱਧਤਾ, ਨਿਰੰਤਰ ਪੜ੍ਹਦੇ ਰਹਿਣ ਦੀ ਬਿਰਤੀ ਤੇ ਨਿਰਪੱਖਤਾ ਸਹਿਤ ਖੋਜ ਕਰਨ ਦੀ ਪ੍ਰਵਿਰਤੀ ਹੋਣੀ ਚਾਹੀਦੀ ਹੈ।ਖੋਜਾਰਥੀ ਦਾ ਉਦੇਸ਼ ਪਹਿਲਾਂ ਹੋ ਚੁੱਕੀ ਖੋਜ ਦੇ ਆਧਾਰ `ਤੇ ਨਵੀਆਂ ਸੰਭਾਵਨਾਵਾਂ ਨੂੰ ਉਜਾਗਰ ਕਰਨਾ ਹੁੰਦਾ ਹੈ।ਸਮਾਗਮ ਦਾ ਮੰਚ ਸੰਚਾਲਨ ਡਾ. ਬਲਜੀਤ ਕੌਰ ਰਿਆੜ ਨੇ ਕੀਤਾ।ਉਹਨਾਂ ਨੇ ਡਾ. ਮਨਮੋਹਨ ਸਿੰਘ ਜੀ ਦੇ ਜੀਵਨ ਤੇ ਰਚਨਾ ਸੰਸਾਰ ਬਾਰੇ ਚਾਨਣਾ ਪਾਇਆ।ਉਹਨਾਂ ਨੇ ਕਿਹਾ ਕਿ ਡਾ. ਮਨਮੋਹਨ ਸਿੰਘ ਉਹ ਬਹੁਤ ਨਿਮਰ ਸੁਭਾਅ ਦੇ ਮਾਲਕ ਹਨ ਅਤੇ ਉਹਨਾਂ ਦੇ ਕੋਲ ਭਾਰਤੀ ਦਰਸ਼ਨ ਦਾ ਗਹਿਰਾ ਗਿਆਨ ਹੈ। ਸਮਾਗਮ ਦੇ ਅੰਤ `ਤੇ ਡਾ. ਮੇਘਾ ਸਲਵਾਨ ਨੇ ਮੁੱਖ ਵਕਤਾ ਡਾ. ਮਨਮੋਹਨ ਸਿੰਘ ਤੇ ਉਪ ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਦਾ ਧੰਨਵਾਦ ਕੀਤਾ।
ਇਸ ਮੌਕੇ ਨਾਮਵਰ ਸ਼ਾਇਰ ਬਖ਼ਤਾਵਰ ਸਿੰਘ ਆਈ.ਏ.ਐਸ, ਡਾ. ਹਰਿੰਦਰ ਕੌਰ ਸੋਹਲ, ਡਾ. ਰਾਜਵਿੰਦਰ ਕੌਰ, ਡਾ. ਪਵਨ ਕੁਮਾਰ, ਡਾ. ਇੰਦਰਪ੍ਰੀਤ ਕੌਰ, ਡਾ. ਜਸਪਾਲ ਸਿੰਘ, ਡਾ. ਅਸ਼ੋਕ ਭਗਤ, ਡਾ. ਹਰਿੰਦਰ ਸਿੰਘ ਅਤੇ ਵੱਡੀ ਗਿਣਤੀ ‘ਚ ਖੋਜ-ਵਿਦਿਆਰਥੀ ਤੇ ਵਿਦਿਆਰਥੀ ਹਾਜ਼ਰ ਸਨ।
Check Also
ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ
ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …