ਅਧਿਕਾਰੀਆਂ ਨੂੰ ਕੰਮ ‘ਚ ਤੇਜ਼ੀ ਲਿਆਉਣ ਦੀਆਂ ਦਿੱਤੀਆਂ ਹਦਾਇਤਾਂ
ਅੰਮ੍ਰਿਤਸਰ, 29 ਅਗਸਤ (ਜਗਦੀਪ ਸਿੰਘ) – ਨਗਰ ਨਿਗਮ ਕਮਿਸ਼ਨਰ ਹਰਪ੍ਰੀਤ ਸਿੰਘ ਵਲੋਂ ਅੰਮ੍ਰਿਤਸਰ ਬਲਕ ਵਾਟਰ ਸਪਲਾਈ ਪ੍ਰੋਜੈਕਟ ਦੀ ਸਮੀਖਿਆ ਬੈਠਕ ਕੀਤੀ ਗਈ, ਜਿਸ ਵਿੱਚ ਇਸ ਪ੍ਰੋਜੈਕਟ ਵਿੱਚ ਹੁਣ ਤੱਕ ਹੋਏ ਕੰਮਾਂ ਦੀ ਸਮੀਖਿਆ ਕੀਤੀ ਗਈ।ਮੀਟਿੰਗ ਵਿੱਚ ਲਾਰਸਨ ਐਂਡ ਟੁਬਰੋ ਕੰਪਨੀ ਦੇ ਅਧਿਕਾਰੀਆਂ, ਨਿਗਮ ਅਧਿਕਾਰੀਆਂ ਅਤੇ ਪ੍ਰੋਜੈਕਟ ਲਈ ਨਿਯੁੱਕਤ ਸੁਤੰਤਰ ਵੈਰੀਫਿਕੇਸ਼ਨ ਏਜੰਸੀ ਦੇ ਅਧਿਕਾਰੀ ਸ਼ਾਮਿਲ ਹੋਏ।ਜਿਕਰਯੋਗ ਹੈ ਕਿ ਨਗਰ ਨਿਗਮ ਵਲੋਂ ਵਿਸ਼ਵ ਬੈਂਕ ਦੇ ਸਹਿਯੋਗ ਨਾਲ ਪੰਜਾਬ ਮਿਉਂਸਪਲ ਸਰਵਿਸਿਜ਼ ਇੰਪਰੂਵਮੈਂਟ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ।ਜਿਸ ਤਹਿਤ ਆਉਣ ਵਾਲੇ ਸਮੇਂ ‘ਚ ਅੱਪਰਬਾਰੀ ਦੁਆਬ ਨਹਿਰ ਦਾ ਪਾਣੀ ਸਾਫ਼ ਕਰਕੇ ਹਰ ਘਰ ਪਹੁੰਚਾਇਆ ਜਾਵੇਗਾ।ਵੱਲਾ ਵਿਖੇ 44 ਕਰੋੜ ਲੀਟਰ ਪ੍ਰਤੀਦਿਨ ਦੀ ਸਮਰੱਥਾ ਵਾਲੇ ਆਧੁਨਿਕ ਵਾਟਰ ਟ੍ਰੀਟਮੈਂਟ ਪਲਾਂਟ ਦੀ ਉਸਾਰੀ, ਸ਼ਹਿਰ ਵਿੱਚ 112 ਕਿਲੋਮੀਟਰ ਲੰਬੀ ਪਾਈਪ ਲਾਈਨ ਵਿਛਾਉਣ ਦੇ ਨਾਲ-ਨਾਲ 51 ਨਵੀਆਂ ਪਾਣੀ ਦੀਆਂ ਟੈਂਕੀਆਂ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ।ਨਿਗਮ ਕਮਿਸ਼ਨਰ ਨੇ ਕੰਮ ਵਿੱਚ ਤੇਜ਼ੀ ਲਿਆਉਣ ਦੇ ਨਾਲ-ਨਾਲ ਕਰਮਚਾਰੀਆਂ ਦੀ ਗਿਣਤੀ ਵਿੱਚ ਵਾਧਾ ਕਰਨ ਦੇ ਆਦੇਸ਼ ਦਿੱਤੇ ਤਾਂ ਜੋ ਅਗਲੇ ਸਾਲ ਮਾਰਚ ਤੋਂ ਨਹਿਰੀ ਪਾਣੀ ਦੀ ਸਪਲਾਈ ਸ਼ੁਰੂ ਕੀਤੀ ਜਾ ਸਕੇ।ਉਨ੍ਹਾਂ ਨਿਗਮ ਅਧਿਕਾਰੀਆਂ ਨੂੰ ਕਿਹਾ ਕਿ ਕੰਮ ਦੀ ਰਫ਼ਤਾਰ ਨੂੰ ਤੇਜ਼ ਕਰਨ ਲਈ ਵਿਭਾਗਾਂ ਨਾਲ ਤਾਲਮੇਲ ਕਰਕੇ ਜਿਥੇ ਕਿਤੇ ਵੀ ਉਨਾਂ ਦੀ ਐਨ.ਓ.ਸੀ ਦੀ ਲੋੜ ਹੋਵੇ, ਉਹ ਜਲਦੀ ਤੋਂ ਜਲਦੀ ਪ੍ਰਾਪਤ ਕੀਤੀ ਜਾਵੇ।ਪ੍ਰਾਜੈਕਟ ਮੈਨੇਜਰ ਕੁਲਦੀਪ ਸਿੰਘ ਸੈਣੀ (ਸੇਵਾਮੁਕਤ ਚੀਫ਼ ਇੰਜਨੀਅਰ) ਨੇ ਦੱਸਿਆ ਕਿ ਹੁਣ ਤੱਕ 70 ਕਿਲੋਮੀਟਰ ਪਾਈਪ ਲਾਈਨ ਵਿਛਾਈ ਜਾ ਚੁੱਕੀ ਹੈ।28 ਥਾਵਾਂ ’ਤੇ ਟੈਂਕੀਆਂ ਬਣਾਉਣ ਦਾ ਕੰਮ ਚੱਲ ਰਿਹਾ ਹੈ ਅਤੇ 8 ਥਾਵਾਂ ’ਤੇ ਮਿੱਟੀ ਦੀ ਟੈਸਟਿੰਗ ਕਰਵਾਈ ਜਾ ਰਹੀ ਹੈ।ਹੋਰ ਥਾਵਾਂ ’ਤੇ ਵਿਭਾਗਾਂ ਤੋਂ ਐਨ.ਓ.ਸੀ ਲੈਣ ਦੀ ਪ੍ਰਕਿਰਿਆ ਅੰਤਿਮ ਪੜਾਅ ’ਤੇ ਹੈ ਅਤੇ ਐਨ.ਓ.ਸੀ ਮਿਲਦੇ ਹੀ ਉਥੇ ਕੰਮ ਸ਼ੂਰੂ ਹੋ ਜਾਵੇਗਾ।15 ਪੁਰਾਣੀਆਂ ਟੈਂਕੀਆਂ ਦੀ ਮੁਰੰਮਤ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਬਾਕੀਆਂ `ਤੇ ਕੰਮ ਚੱਲ ਰਿਹਾ ਹੈ।ਬਰਸਾਤ ਤੋਂ ਬਾਅਦ ਕੰਮ ਦੀ ਰਫਤਾਰ ਅਗਲੇ ਮਹੀਨੇ ਹੋਰ ਤੇਜ਼ ਕਰ ਦਿੱਤੀ ਜਾਵੇਗੀ।
ਪ੍ਰੋਜੈਕਟ ਨਾਲ ਸਬੰਧਤ ਮਹੱਤਵਪੂਰਨ ਤੱਥ
ਪ੍ਰੋਜੈਕਟ ਤਹਿਤ 51 ਨਵੀਂ ਪਾਣੀ ਦੀਆਂ ਟੈਂਕੀਆਂ ਬਣਾਈਆਂ ਜਾ ਰਹੀਆਂ ਹਨ।ਜਿਸ ਵਿੱਚ 10 ਲੱਖ ਲੀਟਰ ਦੀਆਂ 10 ਟੈਂਕੀਆਂ, 15 ਲੱਖ ਲੀਟਰ ਦੀਆਂ 9 ਅਤੇ 20 ਲਖ ਲੀਟਰ ਦੀਆਂ 32 ਟੈਂਕੀਆਂ ਉਸਾਰੀ ਅਧੀਨ ਹਨ।24 ਪੁਰਾਣੀਆਂ ਟੈਂਕੀਆਂ ਦਾ ਨਵੀਨੀਕਰਨ ਵੀ ਕੀਤਾ ਜਾ ਰਿਹਾ ਹੈ।17 ਮੌਜ਼ੂਦਾ ਪੁਰਾਣੀਆਂ ਟੈਂਕੀਆਂ ਨੂੰ ਸੁਰੱਖਿਅਤ ਢੰਗ ਨਾਲ ਢਾਹ ਦਿੱਤਾ ਜਾਵੇਗਾ।ਪ੍ਰੋਜੈਕਟ ਤਹਿਤ ਸ਼ਹਿਰਵਾਸੀਆਂ ਨੂੰ ਸਾਫ਼ ਪਾਣੀ ਦੀ ਨਿਰੰਤਰ ਸਪਲਾਈ ਮਿਲੇਗੀ। ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਵਧੇਗਾ।ਪ੍ਰੋਜੈਕਟ ਤਹਿਤ ਆਧੁਨਿਕ ਸਕਾਡਾ ਸਿਸਟਮ ਤਹਿਤ ਕੰਟਰੋਲ ਰੂਮ ਤੋਂ ਸ਼ਹਿਰ ਦੀ ਜਲ ਸਪਲਾਈ ਪ੍ਰਣਾਲੀ ਦੀ ਆਨਲਾਈਨ ਨਿਗਰਾਨੀ ਕੀਤੀ ਜਾਵੇਗੀ ਅਤੇ ਕਿਸੇ ਵੀ ਸਮੱਸਿਆ ਦਾ ਪਤਾ ਲਗਾ ਕੇ ਉਸ ਨੁੰ ਤੁਰੰਤ ਠੀਕ ਕੀਤਾ ਜਾਵੇਗਾ।