ਅੰਮ੍ਰਿਤਸਰ, 17 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਪੱਤਰਕਾਰੀ ਵਿਭਾਗ ਵੱਲੋਂ ਆਈ.ਆਈ.ਸੀ ਦੇ ਸਹਿਯੋਗ ਨਾਲ ‘ਪੱਤਰਕਾਰੀ ਦੇ ਆਧੁਨਿਕ ਮਾਧਿਅਮ’ ਵਿਸ਼ੇ ’ਤੇ ਗੈਸਟ ਲੈਕਚਰ ਕਰਵਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ’ਤੇ ਕਰਵਾਏ ਗਏ ਪ੍ਰੋਗਰਾਮ ਮੌਕੇ ਗੁਰਜੋਤ ਬਵੇਜਾ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕਰਦਿਆਂ ਭਾਸ਼ਣ ਦੌਰਾਨ ਵਿਦਿਆਰਥੀਆਂ ਨੂੰ ਕਿਹਾ ਕਿ ਅੱਜ ਦੇ ਦੌਰ ’ਚ ਪੱਤਰਕਾਰੀ ਵਿੱਚ ਆਧੁਨਿਕਤਾ ਵਧੀ ਹੈ ਅਤੇ ਇਸ ਦਾ ਮੁੱਖ ਕਾਰਨ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ।
ਇਸ ਤੋਂ ਪਹਿਲਾਂ ਡਾ: ਮਹਿਲ ਸਿੰਘ ਅਤੇ ਕਾਲਜ ਦੇ ਵਾਈਸ ਪ੍ਰਿੰਸੀਪਲ ਡਾ: ਤਮਿੰਦਰ ਸਿੰਘ ਭਾਟੀਆ ਨੇ ਬਵੇਜਾ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕੀਤਾ।ਡਾ: ਮਹਿਲ ਸਿੰਘ ਨੇ ਵਿਭਾਗ ਨੂੰ ਲੈਕਚਰ ਦੇ ਸਫ਼ਲ ਆਯੋਜਨ ’ਤੇ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਸਮੇਂ ਦੀ ਮੁੱਖ ਜਰੂਰਤ ਹਨ।ਡਾ. ਭਾਟੀਆ ਨੇ ਕਿਹਾ ਕਿ ਡਿਜ਼ੀਟਲ ਪੱਤਰਕਾਰੀ ’ਚ ਹਰ ਤਰ੍ਹਾਂ ਦੀਆਂ ਖ਼ਬਰਾਂ, ਫੀਚਰਜ਼, ਰਿਪੋਰਟਾਂ ਅਤੇ ਸੰਪਾਦਕੀ ਸਮੱਗਰੀ ਆਦਿ ਇੰਟਰਨੈੱਟ ਰਾਹੀਂ ਪਾਠਕਾਂ ਤੱਕ ਪਹੁੰਚਾਈ ਜਾਂਦੀ ਹੈ।ਇਸ ’ਚ ਆਡੀਓ ਅਤੇ ਵੀਡੀਓ ਦੇ ਰੂਪ ’ਚ ਵੀ ਸਮੱਗਰੀ ਪ੍ਰਸਾਰਿਤ ਕੀਤੀ ਜਾਂਦੀ ਹੈ।
ਬਵੇਜਾ ਨੇ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਪੱਤਰਕਾਰੀ ’ਚ ਨਵੀਨਤਾ ਆਈ ਹੈ, ਪਰ ਇਸ ਦੇ ਨਾਲ ਹੀ ਫਰਜ਼ੀ ਖ਼ਬਰਾਂ ਦਾ ਪ੍ਰਚਲਨ ਵੀ ਬਹੁਤ ਜ਼ਿਆਦਾ ਹੈ।ਉਨ੍ਹਾਂ ਕਿਹਾ ਕਿ ਇਨ੍ਹਾਂ ਮਾਧਿਅਮਾਂ ਦੀ ਵਰਤੋਂ ਕਰਕੇ ਅਸੀਂ ਪੱਤਰਕਾਰੀ ਦੀ ਭਰੋਸੇਯੋਗਤਾ ਬਣਾਉਣੀ ਹੈ ਅਤੇ ਇਸ ਲਈ ਸਭ ਤੋਂ ਜ਼ਰੂਰੀ ਗੱਲ ਤੱਥਾਂ ਦੀ ਜਾਂਚ ਹੈ।ਸਾਨੰੰ ਕੋਈ ਵੀ ਜਾਣਕਾਰੀ ਤੱਥਾਂ ਦੀ ਪੜਤਾਲ ਕਰਨ ਤੋਂ ਬਾਅਦ ਹੀ ਅੱਗੇ ਭੇਜਣੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਪੱਤਰਕਾਰੀ ਨਿਰਪੱਖ ਹੋਣੀ ਚਾਹੀਦੀ ਹੈ, ਨਿਰਪੱਖ ਪੱਤਰਕਾਰੀ ਅਤੇ ਨਿਰਪੱਖ ਪੱਤਰਕਾਰਾਂ ਦਾ ਹੀ ਭਵਿੱਖ ਹੁੰਦਾ ਹੈ।ਕਿਉਂਕਿ ਇਹ ਸਮਾਜ ਨੂੰ ਦਿਸ਼ਾ ਦੇਣ ਦਾ ਕੰਮ ਕਰਦਾ ਹੈ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਫਿਲਮ ਮੇਕਿੰਗ ਅਤੇ ਕਹਾਣੀ ਲਿਖਣ ਦੇ ਗੁਰ ਵੀ ਸਿਖਾਏ।
ਵਿਭਾਗ ਮੁਖੀ ਡਾ: ਸਾਨੀਆ ਮਰਵਾਹਾ ਨੇ ਕਿਹਾ ਕਿ ਇੰਟਰਨੈਟ ਪੱਤਰਕਾਰੀ ਸਾਨੂੰ ਕੁੱਝ ਸਕਿੰਟਾਂ ’ਚ ਦੁਨੀਆਂ ’ਚ ਕਿਸੇ ਨਾਲ ਜੋੜਦੀ ਹੈ।ਉਨ੍ਹਾਂ ਕਿਹਾ ਕਿ ਪੱਤਰਕਾਰਾਂ ਨੂੰ ਹੁਣ ਆਪਣੀ ਰਿਪੋਰਟਿੰਗ ’ਤੇ ਲੋਕਾਂ ਦਾ ਧਿਆਨ ਰੱਖਣ ਲਈ ਅਖਬਾਰਾਂ ਦੇ ਪ੍ਰਕਾਸ਼ਿਤ ਹੋਣ ਦੀ ਉਡੀਕ ਨਹੀਂ ਕਰਨੀ ਪੈਂਦੀ, ਇਸ ਦੇ ਬਜ਼ਾਏ ਉਨ੍ਹਾਂ ਕੋਲ ਤੁਰੰਤ ਲਿਖਣ, ਰਿਕਾਰਡ ਕਰਨ ਅਤੇ ਵੰਡਣ ਦੀ ਯੋਗਤਾ ਤੱਕ ਪਹੁੰਚ ਹੁੰਦੀ ਹੈ।
ਇਸ ਮੌਕੇ ਪ੍ਰੋ. ਸੁਰਭੀ ਸ਼ਰਮਾ, ਪ੍ਰੋ. ਭਾਵਨੀ ਖੰਨਾ, ਪ੍ਰੋ. ਜਾਹਨਵੀ ਰਾਜਪੂਤ, ਪ੍ਰੋ. ਹਰੀ ਸਿੰਘ, ਪ੍ਰੋ. ਜਸਕੀਰਤ ਸਿੰਘ, ਪ੍ਰੋ. ਆਸ਼ੂਤੋਸ਼ ਠਾਕੁਰ ਵੀ ਹਾਜ਼ਰ ਸਨ।
Check Also
ਬਾਬਾ ਬਕਾਲਾ ਸਾਹਿਬ ਨੂੰ ਕੀਤਾ ਜਾਵੇਗਾ ਪੰਜਾਬ ‘ਚ ਸਭ ਤੋਂ ਪਹਿਲਾਂ ਨਸ਼ਾ ਮੁਕਤ – ਪ੍ਰਧਾਨ ਸੁਰਜੀਤ ਕੰਗ
ਬਾਬਾ ਬਕਾਲਾ, 7 ਮਈ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ ਦੇ ਨਗਰ ਪੰਚਾਇਤ ਬਾਬਾ …