ਸਾਨੂੰ ਆਪਣੀ ਸ਼ਖ਼ਸੀਅਤ ਨੂੰ ਨਿਖਾਰਨ ਲਈ ਮਹਾਨ ਲੋਕਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ – ਤੂਰ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ 5 ਰੋਜ਼ਾ ‘9ਵਾਂ ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲਾ’ ਅੱਜ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਸੰਪੰਨ ਹੋ ਗਿਆ।ਮੇਲੇ ਦੇ 5ਵੇਂ ਦਿਨ ਦੀ ਸ਼ੁਰੂਆਤ ਖਾਲਸਾ ਯੂਨੀਵਰਸਿਟੀ ਦੇ ਪ੍ਰੋ: ਚਾਂਸਲਰ ਅਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ, ਉਪ-ਕੁਲਪਤੀ ਡਾ. ਮਹਿਲ ਸਿੰਘ ਅਤੇ ਨਾਮਵਰ ਵਾਰਤਕਕਾਰ ਅਤੇ ਸੇਵਾਮੁਕਤ ਆਈ.ਜੀ ਪੰਜਾਬ ਪੁਲਿਸ ਗਰਪ੍ਰੀਤ ਸਿੰਘ ਤੂਰ ਨੂੰ ਪੰਜਾਬੀ ਵਿਭਾਗ ਦੇ ਮੁਖੀ ਅਤੇ ਪ੍ਰੋਗਰਾਮ ਕੋਆਰਡੀਨੇਟਰ ਡਾ. ਆਤਮ ਸਿੰਘ ਰੰਧਾਵਾ ਵੱਲੋਂ ਪੌਦੇ ਭੇਂਟ ਕਰਦੇ ਨਿੱਘੇ ਸਵਾਗਤ ਨਾਲ ਹੋਈ।
ਛੀਨਾ ਨੇ ਕਿਹਾ ਕਿ ਅਜੋਕੀ ਪੀੜ੍ਹੀ ’ਚ ਬਾਹਰ ਜਾਣ ਦੀ ਹੋੜ ਨੇ ਕਈ ਘਰਾਂ ਦੀ ਬਰਬਾਦੀ ਕਰ ਦਿੱਤੀ ਹੈ। ਆਈਲੈੱਟਸ ਸੈਂਟਰਾਂ ਦੀ ਲੁੱਟ-ਖਸੁੱਟ ਨੇ ਪਰਿਵਾਰਾਂ ਦੇ ਪਰਿਵਾਰ ਬਰਬਾਦ ਕਰ ਦਿੱਤੇ ਹਨ।ਬਾਹਰ ਜਾਣ ਦਾ ਆਧਾਰ ਕੇਵਲ ਸਿੱਖਿਆ ਪ੍ਰਾਪਤੀ ਹੋਣਾ ਚਾਹੀਦਾ ਹੈ ਪੈਸਾ ਕਮਾਉਣਾ ਨਹੀਂ।ਉਨ੍ਹਾਂ ਨੇ ਵੰਡ ਸਮੇਂ ਪੰਜਾਬ ਦੀ ਹੋਈ ਬਰਬਾਦੀ ਬਾਰੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਦੇ ਬਟਵਾਰੇ ਦਾ ਖਮਿਆਜ਼ਾ ਅਸੀਂ ਅੱਜ ਤੱਕ ਭੁਗਤ ਰਹੇ ਹਾਂ।ਉਨ੍ਹਾਂ ਕਿਹਾ ਕਿ ਸਾਨੂੰ ਵੰਡ ਦੀ ਬਰਬਾਦੀ ਤੋਂ ਸਬਕ ਲੈ ਕੇ ਭਵਿੱਖ ’ਚ ਨਰੋਏ ਸਮਾਜ ਨੂੰ ਸਿਰਜਣ ਦੇ ਯਤਨ ਕਰਨੇ ਚਾਹੀਦੇ ਹਨ।ਛੀਨਾ ਨੇ ਪੁਸਤਕ ਮੇਲੇ ਸਬੰਧੀ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਹਰੇਕ ਪੁਸਤਕ ਪ੍ਰੇਮੀ ਨੂੰ ਅਜਿਹੇ ਪੁਸਤਕ ਮੇਲਿਆਂ ਦਾ ਲਾਭ ਉਠਾਉਣਾ ਚਾਹੀਦਾ ਹੈ।ਉਨ੍ਹਾਂ ਮੇਲੇ ਦੀ ਸਫ਼ਲਤਾ ਲਈ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਤਮਿੰਦਰ ਸਿੰਘ ਭਾਟੀਆ ਅਤੇ ਡਾ. ਰੰਧਾਵਾ ਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਵਧਾਈ ਦਿੱਤੀ।
ਇਸ ਤੋਂ ਪਹਿਲਾਂ ਉਪ ਕੁਲਪਤੀ ਡਾ. ਮਹਿਲ ਸਿੰਘ ਨੇ ਕਿਹਾ ਕਿ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ 19 ਸੰਸਥਾਵਾਂ ਹਰ ਖੇਤਰ ’ਚ ਆਪਣੀ ਬੇਹਤਰ ਕਾਰਗੁਜਾਰੀ ਕਰ ਰਹੀਆਂ ਹਨ।ਸਾਨੂੰ ਇਸ ਗੱਲ ਦਾ ਮਾਣ ਹੈ ਕਿ ਪੰਜਾਬ ਦੇ ਸਾਰੇ ਪ੍ਰਾਈਵੇਟ ਕਾਲਜਾਂ ’ਚੋਂ ਸਿਰਫ਼ ਖ਼ਾਲਸਾ ਚੈਰੀਟੇਬਲ ਸੁਸਾਇਟੀ ਅੰਮਿ੍ਰਤਸਰ ਵਲੋਂ ਹੀ ਵੈਟਰਨਰੀ ਕਾਲਜ ਚਲਾਇਆ ਜਾ ਰਿਹਾ ਹੈ।
ਗੁਰਪ੍ਰੀਤ ਸਿੰਘ ਤੂਰ ਨੇ ਆਪਣੇ ਵਿਚਾਰ ਪੇਸ਼ ਕਰਦਿਆ ਕਿਹਾ ਕਿ ਸਾਨੂੰ ਆਪਣੀ ਸ਼ਖ਼ਸੀਅਤ ਨਿਖਾਰਨ ਲਈ ਮਹਾਨ ਲੋਕਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ।ਵਿਰਾਸਤੀ ਮੇਲੇ ਸਾਨੂੰ ਆਪਣੇ ਵਿਰਸੇ ਨਾਲ ਜੋੜਦੇ ਹਨ।ਪੰਜਾਬੀਆਂ ਵਿੱਚ ਬਿਨਾਂ ਸੋਚੇ ਸਮਝੇ ਵਿਦੇਸ਼ ਜਾਣ ਦੀ ਲਾਲਸਾ ਆਉਣ ਵਾਲੇ ਸਮੇਂ ਵਿਚ ਪੰਜਾਬ ਲਈ ਖ਼ਤਰਨਾਕ ਰੂਪ ਧਾਰਨ ਕਰ ਸਕਦੀ ਹੈ।ਇਸ ਸਮੇਂ ਗੁਰਪ੍ਰੀਤ ਸਿੰਘ ਤੂਰ ਦੀ ਪੁਸਤਕ ‘ਪਰਵਾਸ ਤੇ ਪੰਜਾਬ’ ਦੀ ਘੁੰਡ ਚੁੱਕਾਈ ਕੀਤੀ ਗਈ।ਡਾ. ਬਲਵੰਤ ਸਿੰਘ ਸੰਧੂ, ਪ੍ਰਿੰਸੀਪਲ, ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ ਨੇ ਪੁਸਤਕ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਅਜਿਹੀਆਂ ਕਿਤਾਬਾਂ ਨੂੰ ਵਿਦਿਆਰਥੀਆਂ ਦੇ ਸਿਲੇਬਸ ਦਾ ਹਿੱਸਾ ਬਣਾਉਣਾ ਚਾਹੀਦਾ ਹੈ।ਡਾ. ਗੁਰਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਪਰਵਾਸ ਧਾਰਨ ਕਰਨ ਦਾ ਕਾਰਨ ਨੌਜਵਾਨ ਪੀੜ੍ਹੀ ਦਾ ਆਪਣੇ ਸਾਹਿਤ ਨਾਲੋਂ ਟੁੱਟਣਾ ਹੈ।ਪੰਜਾਬ ਦੀ ਰਹਿਤਲ ਨਾਲ ਸੰਬੰਧਿਤ ਪੁਸਤਕਾਂ ਰਚੀਆਂ ਅਤੇ ਪੜ੍ਹੀਆਂ ਜਾਣੀਆਂ ਚਾਹੀਦੀਆਂ ਹਨ।
ਡਾ. ਅਰਵਿੰਦਰ ਸਿੰਘ ਢਿੱਲੋਂ ਨੇ ਵਿਦਿਆਰਥੀਆਂ ਦੇ ਵਿਦੇਸ਼ ਜਾਣ ਦੇ ਵਿਸ਼ੇ ਦੀ ਚਿੰਤਾ ਨੂੰ ਪ੍ਰਗਟ ਕਰਦਿਆਂ ਕਿਹਾ ਕਿ ਇਹ ਪੁਸਤਕ ਬਾਹਰ ਜਾਣ ਵਾਲੇ ਵਿਦਿਆਰਥੀਆਂ ਨੂੰ ਬਾਹਰਲੇ ਸਮਾਜ ਦੀ ਅਸਲੀਅਤ ਨਾਲ ਜੋੜਣ ਵਿੱਚ ਸਹਾਇਕ ਸਿੱਧ ਹੋਵੇਗੀ।ਡਾ. ਕੰਵਲਜੀਤ ਸਿੰਘ ਅਤੇ ਨਵਲਪ੍ਰੀਤ ਰੰਗੀ ਨੇ ਪੁਸਤਕ ਦੀ ਮਹੱਤਤਾ ਸ੍ਰੋਤਿਆਂ ਨਾਲ ਸਾਂਝੀ ਕੀਤੀ।
ਦੁਪਹਿਰ ਸਮੇਂ ਫਿਲਮਕਾਰ ਨਵਲਪ੍ਰੀਤ ਰੰਗੀ ਦੀ ਡਾਕੂਮੈਂਟਰੀ ਫ਼ਿਲਮ ‘ਪੌੜੀ’ ਦੀ ਪੇਸ਼ਕਾਰੀ ਕੀਤੀ ਗਈ, ਜਿਸ ਵਿੱਚ ਪਰਵਾਸ ਧਾਰਨ ਕਰ ਚੁੱਕੇ ਪੰਜਾਬੀ ਨੌਜਵਾਨਾਂ ਦੀਆਂ ਆਰਥਿਕ ਸਮੱਸਿਆਂਵਾਂ ਅਤੇ ਉਨ੍ਹਾਂ ਦੇ ਜੀਵਨ ਨੂੰ ਪੇਸ਼ ਦੁਸ਼ਵਾਰੀਆਂ ਨੂੰ ਕੇਂਦਰਿਤ ਕੀਤਾ ਗਿਆ।
ਬਾਅਦ ਦੁਪਹਿਰ ‘ਤੇਰੀ ਮੇਰੀ ਇੱਕ ਜਿੰਦੜੀ’ ਪ੍ਰੋਗਰਾਮ ਦੇ ਚੱਲਦਿਆਂ ਨਾਮਵਰ ਅਦਾਕਾਰ ਅਨੀਤਾ ਦੇਵਗਨ ਅਤੇ ਹਰਦੀਪ ਗਿੱਲ ਨੇ ਸ੍ਰੋਤਿਆਂ ਨਾਲ ਰੂਬਰੂ ਹੁੰਦਿਆਂ ਆਪਣੀ ਕਲਾਕਾਰੀ ਨਾਲ ਜੁੜੇ ਅਹਿਮ ਪਹਿਲੂ ਸਾਂਝੇ ਕੀਤੇ।ਜੋਗਾ ਸਿੰਘ ਜੋਗੀ ਨੂੰ ਸਮਰਪਿਤ ਕਵੀਸ਼ਰੀ ਪ੍ਰੋਗਰਾਮ ਵਿੱਚ ਗਿਆਨੀ ਗੁਰਮੁੱਖ ਸਿੰਘ ਐਮ.ਏ ਅਤੇ ਉਹਨਾਂ ਦੇ ਜਥੇ ਨੇ ਆਪਣੀ ਕਵੀਸ਼ਰੀ ਦੀ ਕਲਾ ਨਾਲ ਸ੍ਰੋਤਿਆਂ ਨੂੰ ਮੰਤਰ-ਮੁਗਧ ਕੀਤਾ।ਸਮਾਗਮ ਦਾ ਸਿਖਰ ਲੋਕ ਨਾਚ ਝੂਮਰ ਨਾਲ ਹੋਇਆ।
ਪੁਸਤਕ ਮੇਲੇ ਸਬੰਧੀ ਜਾਣਕਾਰੀ ਦਿੰਦਿਆਂ ਮੇਲੇ ਦੇ ਕਨਵੀਨਰ ਡਾ. ਆਤਮ ਸਿੰਘ ਰੰਧਾਵਾ ਨੇ ਦੱਸਿਆ ਕਿ ਭਾਵੇਂ ਜਲੰਧਰ ਅਤੇ ਲੁਧਿਆਣੇ ਵਿੱਚ ਬੀਤੇ ਇੱਕ ਮਹੀਨੇ ਵਿੱਚ ਹੀ ਦੋ ਪੁਸਤਕ ਮੇਲੇ ਲੱਗ ਚੁੱਕੇ ਹਨ, ਪਰ ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲੇ ਦੇ ਪੰਜ ਦਿਨਾਂ ਵਿੱਚ 100 ਤੋਂ ਵੱਧ ਪਬਲਿਸ਼ਰਾਂ ਕੋਲੋਂ ਮੇਲੇ ਵਿੱਚ ਆਏ ਲੋਕਾਂ ਨੇ 70 ਲੱਖ ਤੋਂ ਵੱਧ ਮੁੱਲ ਦੀਆਂ ਕਿਤਾਬਾਂ ਖਰੀਦੀਆਂ, ਜੋ ਸਾਡੇ ਪੁਸਤਕ ਮੇਲੇ ਦੀ ਸਫ਼ਲਤਾ ਦਾ ਮਿਆਰ ਹੈ।ਡਾ. ਰੰਧਾਵਾ ਨੇ ਇਸ ਮੇਲੇ ਲਈ ਜਿਥੇ ਖ਼ਾਲਸਾ ਕਾਲਜ ਮੈਨਜਮੈਂਟ ਅਤੇ ਪ੍ਰਿੰਸੀਪਲ ਦਾ ਧੰਨਵਾਦ ਕੀਤਾ ਉਥੇ ਮੇਲੇ ਨੂੰ ਸਫ਼ਲ ਬਣਾਉਣ ਵਿੱਚ ਵੱਖ-ਵੱਖ ਵਿਭਾਗਾਂ ਵੱਲੋਂ ਪਾਏ ਸਹਿਯੋਗ ਲਈ ਉਹਨਾਂ ਦਾ ਵੀ ਧੰਨਵਾਦ ਕੀਤਾ।
Check Also
ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ
ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …