Sunday, December 22, 2024

ਲੜਕੀਆਂ ਦੀ ਲੋਹੜੀ ਬਨਾਮ ਸੁਰੱਖਿਅਤ ਭਵਿੱਖ

INDERJIT SINGH KANG
– ਇੰਦਰਜੀਤ ਸਿੰਘ ਕੰਗ

ਸਮਰਾਲਾ
ਸਾਡੇ ਇੱਥੇ ਲੋਹੜੀ ਦਾ ਤਿਉਹਾਰ ਜੋ ਖਾਸ ਕਰਕੇ ਮੁੰਡਿਆਂ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਮਨਾਇਆ ਜਾਂਦਾ ਹੈ, ਪ੍ਰੰਤੂ ਪਿਛਲੇ ਕੁਝ ਸਮੇਂ ਤੋਂ ਸਾਡੇ ਪੰਜਾਬ ਅੰਦਰ ਲੜਕੀਆਂ ਦੀ ਲੋਹੜੀ ਮਨਾਉਣ ਦਾ ਵੀ ਰਿਵਾਜ ਪੈ ਗਿਆ ਹੈ, ਜੋ ਕਿ ਇੱਕ ਚੰਗਾ ਤੇ ਸਾਰਥਿਕ ਉਪਰਾਲਾ ਹੈ।ਪ੍ਰੰਤੂ ਸਵਾਲ ਇਹ ਉਠਦਾ ਹੈ ਕਿ 100 ਲੜਕਿਆਂ ਪਿੱਛੇ 10-15 ਲੜਕੀਆਂ ਦੀ ਲੋਹੜੀ ਮਨਾਉਣ ਨਾਲ ਲੋਕਾਂ ਦੀ ਮਾਨਸਿਕਤਾ ਵਿੱਚ ਫਰਕ ਪਿਆ ਹੈ। ਜਦੋਂ ਤੱਕ ਸਾਡੀ ਸਾਰੇ ਲੋਕਾਂ ਦੀ ਲੜਕੀਆਂ ਪ੍ਰਤੀ ਮਾਨਸਿਕਤਾ ਨਹੀਂ ਬਦਲਦੀ ਉਦੋਂ ਤੱਕ ਲੜਕੀਆਂ ਦੀਆਂ ਲੋਹੜੀਆਂ ਮਨਾਉਣ ਦਾ ਕੋਈ ਫਾਇਦਾ ਨਹੀਂ। ਇਸ ਵਿੱਚ ਆਮ ਲੋਕਾਂ ਦਾ ਕੋਈ ਕਸੂਰ ਨਜ਼ਰ ਨਹੀਂ ਆ ਰਿਹਾ ਜੋ ਅਕਸਰ ਕਹਿੰਦੇ ਹਨ ਕਿ ‘ਉਹ ਕੁੜੀ ਜੰਮਣ ਤੋਂ ਨਹੀਂ ਡਰਦੇ, ਪ੍ਰੰਤੂ ਉਸਦੇ ਕਰਮਾਂ ਤੋਂ ਡਰਦੇ ਹਨ।’ ਸਾਡੇ ਸਮਾਜ ਅੰਦਰ ਜੋ ਮਾੜੇ ਰੀਤੀ ਰਿਵਾਜ ਹਨ, ਲੋਕਾਂ ਅੰਦਰ ਲੋਭ ਲਾਲਚ ਭਰ ਗਿਆ ਹੈ, ਕੁੜੀਆਂ ਪ੍ਰਤੀ ਸੋਚਣੀ ਗਲਤ ਹੈ, ਦਾਜ ਪ੍ਰਥਾ ਹੈ-ਅਜਿਹੇ ਕੁੱਝ ਵਰਤਾਰੇੇ ਹਨ, ਜਿਨ੍ਹਾਂ ਕਰਕੇ ਲੋਕੀਂ ਲੜਕੀ ਪੈਦਾ ਹੋਣ ਤੇ ਘਬਰਾਉਂਦੇ ਹਨ।
ਦੂਜਾ ਲੋਕਾਂ ਅੰਦਰ ਇਹ ਵੀ ਧਾਰਨਾ ਭਰੀ ਪਈ ਹੈ ਕਿ ਜੋ ਵੰਸ਼ ਚੱਲਦਾ ਹੈ ਕਿ ਉਹ ਕੇਵਲ ਲੜਕੇ ਨਾਲ ਹੀ ਅੱਗੇ ਵੱਧਦਾ ਹੈ। ਮੈਂ ਇਹ ਦਾਅਵੇ ਨਾਲ ਕਹਿੰਦਾ ਹਾਂ ਕਿ ਸਾਡੇ 99 ਪ੍ਰਤੀਸ਼ਤ ਬੱਚਿਆਂ ਨੂੰ ਆਪਣੇ ਦਾਦੇ-ਪੜਦਾਦੇ ਜਾਂ ਪੜਦਾਦੇ ਦੇ ਪਿਤਾ ਦਾ ਨਾਂ ਨਹੀਂ ਪਤਾ ਹੋਣਾ।ਜਦੋਂ ਸਾਨੂੰ ਇਹੀ ਨਹੀਂ ਪਤਾ ਕਿ ਸਾਡੇ ਵੰਸਜ਼ ਕੌਣ ਹਨ, ਅਸੀਂ ਕਿਸ ਦਾ ਵੰਸ਼ ਅੱਗੇ ਕੇ ਜਾ ਰਹੇ ਹਾਂ ਤਾਂ ਅਸੀਂ ਕਿਸ ਤਰ੍ਹਾਂ ਕਹਿ ਰਹੇ ਹਾਂ ਕਿ ਵੰਸ਼ ਕੇਵਲ ਲੜਕਿਆਂ ਨਾਲ ਹੀ ਚੱਲਦੇ ਹਨ।ਵੰਸ਼ ਤਾਂ ਉਹੀ ਅੱਗੇ ਵੱਧਦੇ ਹਨ, ਜਿਨ੍ਹਾਂ ਦੇ ਬੱਚਿਆਂ ਵਿੱਚ ਚੰਗੇ ਸੰਸਕਾਰ ਭਰੇ ਹੁੰਦੇ ਹਨ, ਲੋਕੀਂ ਖੁਦ ਪੀੜ੍ਹੀਆਂ ਤੱਕ ਯਾਦ ਰੱਖਦੇ ਹਨ ਕਿ ਇਹ ਬੱਚੇ ਫਲਾਣੇ ਦੇ ਵੰਸਜ਼ ਹਨ।
ਅੱਜ ਦੇ ਸਮੇਂ ਵਿੱਚ ਲੜਕੀਆਂ ਹਰ ਖੇਤਰ ਵਿੱਚ ਲੜਕਿਆਂ ਤੋਂ ਮੋਹਰੀ ਹੋ ਕੇ ਵਿਚਰ ਰਹੀਆਂ ਹਨ, ਪਰ ਫਿਰ ਵੀ ਉਹਨਾਂ ਨੂੰ ਮੁੰਡਿਆਂ ਦੇ ਬਰਾਬਰ ਦਾ ਰੁਤਬਾ ਨਹੀਂ ਮਿਲ ਰਿਹਾ।ਅਜਿਹਾ ਕੀ ਕਾਰਨ ਹੈ? ਮੇਰੇ ਵਿਚਾਰ ਅਨੁਸਾਰ ਇਸ ਪਿੱਛੇ ਵੀ ਮੁੱਖ ਕਾਰਨ ਔਰਤ ਹੀ ਹੈ, ਜੋ ਖੁਦ ਦੀ ਵੈਰੀ ਖੁਦ ਬਣੀ ਹੋਈ ਹੈ।ਉਹ ਔਰਤ ਹੀ ਹੁੰਦੀ ਹੈ ਜੋ ਆਪਣੇ ਪੇਟ ਵਿੱਚੋਂ ਲੜਕਾ ਪੈਦਾ ਕਰਕੇ ਮਾਨਸਿਕ ਸਕੂਨ ਪ੍ਰਾਪਤ ਕਰਦੀ ਹੈ ਅਤੇ ਸਮਾਜ ਵਿੱਚ ਮਾਣ ਸਨਮਾਨ ਦੀ ਭਾਗੀਦਾਰ ਬਣਦੀ ਹੈ।ਉਹੀ ਔਰਤ ਜੇ ਲੜਕੀ ਨੂੰ ਜਨਮ ਦੇ ਦਿੰਦੀ ਹੈ ਤਾਂ ਖੁਦ ਨੂੰ ਦੂਜਿਆਂ ਦੀ ਨਜ਼ਰ ਵਿੱਚ (ਜਿਨਾਂ ਵਿੱਚ ਉਸਦੀ ਮਾਂ, ਸੱਸ, ਨਨਾਣ, ਭੈਣਾਂ ਹੁੰਦੀਆਂ ਹਨ) ਨੀਵਾਂ ਮੰਨਦੀ ਹੈ। ਜੋ ਖੁਦ ਔਰਤਾਂ ਹਨ।ਜੋ ਖੁਦ ਆਪਣੀ ਔਰਤ ਜਾਤੀ ਦਾ ਵਿਕਾਸ ਹੁੰਦਾ ਨਹੀਂ ਦੇਖ ਪਾਉਂਦੀਆਂ।ਇਸ ਸਮਾਜ ਦੀ ਇਸ ਤੋਂ ਵੱਡੀ ਤਰਾਸਦੀ ਕੀ ਹੋ ਸਕਦੀ ਹੈ।
ਬਾਹਰਲੇ ਦੇਸ਼ਾਂ ਇਹ ਰੁਝਾਨ ਕੁਝ ਘੱਟ ਹੈ, ਪ੍ਰੰਤੂ ਖਤਮ ਕਿਤੇ ਵੀ ਨਹੀਂ ਹੋਇਆ।ਕੋਈ ਵੀ ਪੁਰਸ਼ ਕਿਸੇ ਔਰਤ ਪ੍ਰਤੀ ਮਾੜੀ ਸੋਚ ਨਹੀਂ ਰੱਖਦਾ, ਪ੍ਰੰਤੂ ਉਸਨੂੰ ਮਾੜਾ ਕੰਮ ਕਰਨ ਨੂੰ ਉਕਸਾਉਣ ਵਿੱਚ ਕੋਈ ਨਾ ਕੋਈ ਔਰਤ ਹੀ ਕਿਸੇ ਨਾ ਕਿਸੇ ਰੂਪ ਵਿੱਚ ਆਪਣੀ ਭੂਮਿਕਾ ਨਿਭਾਉਦੀ ਹੈ।ਜੇਕਰ ਆਪਣੇ ਸਮਾਜਿਕ ਵਰਤਾਰੇ ਵਿੱਚ ਦੇਖਿਆ ਜਾਵੇ, ਜਦੋਂ ਘਰ ਵਿੱਚ ਲੜਕੀ ਹੁੰਦੀ ਹੈ, ਤਾਂ ਉਹ ਸਭ ਵੱਧ ਪਿਆਰ ਆਪਣੇ ਪਿਤਾ (ਜੋ ਕਿ ਪੁਰਸ਼ ਹੁੰਦਾ ਹੈ) ਨੂੰ ਕਰਦੀ ਹੈ, ਪਿਤਾ ਵੀ ਉਸਤੇ ਆਪਣਾ ਪਿਆਰ ਨਿਛਾਵਰ ਕਰਕੇ ਸਕੂਨ ਪ੍ਰਾਪਤ ਕਰਦਾ ਹੈ।ਘਰ ਵਿੱਚ ਜੇਕਰ ਲੜਕੀ ਨਾਲ ਕੋਈ ਵਿਤਕਰਾ ਹੁੰਦਾ ਹੈ ਤਾਂ ਉਹ ਕੇਵਲ ਔਰਤ ਵੱਲੋਂ ਹੀ ਕੀਤਾ ਜਾਂਦਾ ਹੈ ਭਾਵੇਂ ਉਹ ਮਾਂ, ਦਾਦੀ, ਚਾਚੀ, ਤਾਈ, ਭੂਆ ਜਾਂ ਭੈਣ ਦੇ ਰੂਪ ਵਿੱਚ ਹੋਵੇ।ਆਪਣਾ ਇਹ ਮਰਦ ਪ੍ਰਧਾਨ ਸਮਾਜ ਹੋਣ ਕਾਰਨ ਔਰਤਾਂ ਨੂੰ ਉਹ ਹੱਕ ਵੀ ਨਹੀਂ ਦਿੱਤੇ ਜਾ ਰਹੇ, ਜਿਹੜੇ ਅਧਿਕਾਰਾਂ ਦੀ ਵਰਤੋਂ ਕਰਕੇ ਉਹ ਬਰਾਬਰਤਾ ਦਾ ਹੱਕ ਹਾਸਲ ਕਰ ਸਕੇ।ਇਨ੍ਹਾਂ ਅਧਿਕਾਰਾਂ ਤੋਂ ਸੱਖਣੇ ਹੋਣ ਦਾ ਕਾਰਨ ਵੀ ਖੁਦ ਔਰਤਾਂ ਹੀ ਹਨ ਜੋ ਆਪਸੀ ਸੜੇਵੇਂ ਕਾਰਨ ਦੂਸਰੀ ਔਰਤ ਦੀ ਤਰੱਕੀ ਦੇਖ ਕੇ ਖੁਸ਼ ਨਹੀਂ ਹੁੰਦੀਆਂ, ਹਮੇਸ਼ਾਂ ਮਰਦ ਦੇ ਹੇਠਾਂ ਰਹਿ ਕੇ ਹੀ ਕੰਮ ਕਰਨਾ ਪਸੰਦ ਕਰਦੀਆਂ ਹਨ।
ਸਿਰਫ ਇੱਕ ਦਿਨ ਹੀ ਲੜਕੀ ਦੀ ਲੋਹੜੀ ਮਨਾਉਣ ਨਾਲ ਕਿਸੇ ਵੀ ਤਰ੍ਹਾਂ ਲਿੰਗ ਅਨੁਪਾਤ ਵਿੱਚ ਸਥਿਰਤਾ ਨਹੀਂ ਆਉਣ ਲੱਗੀ, ਨਾ ਹੀ ਔਰਤਾਂ ਦੀ ਦਿਸ਼ਾ ਵਿੱਚ ਸੁਧਾਰ ਹੋਣਾ ਹੈ ਅਤੇ ਨਾ ਹੀ ਸਮਾਜ ਦਾ ਔਰਤਾਂ ਪ੍ਰਤੀ ਨਜ਼ਰੀਆ ਬਦਲਣਾ ਹੈ।ਆਪਣੇ ਵਿੱਚੋਂ ਕਿੰਨੇ ਕੁ ਲੋਕੀਂ ਹਨ ਜੋ ਲੜਕੀਆਂ ਦੀ ਲੋਹੜੀ ਤੇ ਜਾ ਕੇ ਲੜਕੀਆਂ ਪ੍ਰਤੀ ਆਪਣੀ ਮਾਨਸਿਕਤਾ ਨੂੰ ਬਦਲਦੇ ਹਨ ਜਾਂ ਜਿਹੜੇ ਲੋਕੀਂ ਜਾਂ ਸੰਸਥਾਵਾਂ ਲੜਕੀਆਂ ਦੀ ਲੋਹੜੀ ਮਨਾਉਂਦੇ ਹਨ ਉਹ ਕਿੰਨੇ ਕੁ ਲੋਕਾਂ ਦੀ ਮਾਨਸਿਕਤਾ ਨੂੰ ਬਦਲਣ ਵਿੱਚ ਕਾਮਯਾਬ ਹੋਏ ਹਨ।ਜੇ ਇਹ ਸਾਰੇ ਕੁਝ ਦਾ ਰਿਜਲਟ ਜ਼ੀਰੋ ਹੈ ਤਾਂ ਕੀ ਫਾਇਦਾ ਹੋਇਆ – ਇਹ ਸਾਰਾ ਕੁਝ ਕਰਨ ਦਾ। ਸਾਡੀ ਸਭ ਦੀ ਕਹਿਣੀ ਤੇ ਕਰਨੀ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ।
ਆਪਾਂ ਸਾਰਿਆਂ ਨੂੰ ਕੁੜੀਆਂ ਪ੍ਰਤੀ ਮਾੜੀ ਸੋਚ ਵਿਰੁੱਧ ਲਾਮਬੰਦ ਹੋਣਾ ਪਵੇਗਾ। ਸਾਨੂੰ ਆਪਣੀ ਮਾਨਸਿਕਤਾ ਵਿੱਚ ਨਿਖਾਰ ਲਿਆਉਣਾ ਪਵੇਗਾ। ਸਮੇਂ ਦੀਆਂ ਸਰਕਾਰਾਂ ਨੂੰ ਵੀ ਚਾਹੀਦਾ ਹੈ ਉਹ ਟੀ. ਵੀ. ਚੈਨਲਾਂ ਜਾਂ ਹੋਰ ਫੋਕੀਆਂ ਇਸ਼ਤਿਹਾਰਬਾਜੀਆਂ ਵਿੱਚੋ ਬਾਹਰ ਨਿਕਲੇ ਆਮ ਲੋਕਾਂ ਨਾਲ ਜੁੜ ਕੇ ਅਜਿਹਾ ਕਾਨੂੰਨ ਬਣਾਵੇ ਕਿ ਲੋਕੀਂ ਘਰ ਵਿੱਚ ਲੜਕੀ ਪੈਦਾ ਹੋਣ ਤੋਂ ਫਿਰਕਮੰਦ ਨਾ ਹੋਣ ਸਗੋਂ ਮਾਣ ਮਹਿਸੂਸ ਕਰਨ।ਲੜਕੀਆਂ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਉਹ ਜਿਸ ਘਰ ਵਿੱਚ ਜਨਮ ਲੈਂਦੀਆਂ ਹਨ, ਉਹ ਉਸ ਘਰ ਦੀ ਆਣ-ਸ਼ਾਨ ਤੇ ਮਾਣ ਹਨ, ਆਪਣੇ ਪਿਉ ਦੀ ਚਿੱਟੀ ਪੱਗ ਹਨ, ਜਿਸ ਨੂੰ ਮੈਲੀ ਨਾ ਹੋਣ ਦੇਣਾ ਉਨ੍ਹਾਂ ਦਾ ਵੀ ਨੈਤਿਕ ਫਰਜ ਹੈ।
ਇਹ ਲੋਹੜੀਆਂ ਤਾਂ ਸਾਰਾ ਸਾਲ ਹੀ ਮਨਾਈਆਂ ਜਾ ਸਕਦੀਆਂ ਹਨ ਤੇ ਮੁਬਾਰਕਬਾਦ ਹੋਣਗੀਆਂ ਜੇਕਰ ਔਰਤ ਹੀ ਔਰਤ ਪ੍ਰਤੀ ਆਪਣੀ ਮਾਨਸਿਕਤਾ ਨੂੰ ਬਦਲੇ, ਆਪਸੀ ਸੜੇਵੇਂ ਨੂੰ ਤਿਆਗੇ, ਦੂਜੀਆਂ ਔਰਤਾਂ ਪ੍ਰਤੀ ਉਸਾਰੂ ਸੋਚ ਅਪਣਾਵੇ, ਆਪਣੀ ਸੁਰੱਖਿਆ ਪ੍ਰਤੀ ਸੁਚੇਤ ਹੋਵੇ, ਸਰਕਾਰਾਂ ਕੋਈ ਸਖਤ ਕਾਨੂੰਨ ਬਣਾਉਣ, ਵੰਸ਼ ਨੂੰ ਅੱਗੇ ਵਧਾਉਣ ਵਿੱਚ ਲੜਕੇ ਦੀ ਚਾਹਤ ਖਤਮ ਹੋਵੇ, ਇੱਕ ਔਰਤ ਦੂਜੀ ਔਰਤ ਨੂੰ ਜਨਮ ਦੇਣ ਵਿੱਚ ਆਪਣਾ ਸੁਭਾਗ ਸਮਝੇ।
ਸ਼ਾਲਾ! ਉਹ ਸਮਾਂ ਜਲਦ ਆਵੇ ਜਦੋਂ ਕਿਸੇ ਘਰ ਕੋਈ ਬੱਚਾ ਹੋਵੇ ਤਾਂ ਉਸੇ ਘਰ ਹੀ ਲੋਹੜੀ ਮਨਾਈ ਜਾਵੇ, ਚਾਹੇ ਉਹ ਬੱਚਾ ਲੜਕੀ ਹੋਵੇ ਜਾਂ ਲੜਕਾ।

ਇੰਦਰਜੀਤ ਸਿੰਘ ਕੰਗ
ਪੁੱਤਰ ਸਵ: ਮਹਿਮਾ ਸਿੰਘ ਕੰਗ
ਪ੍ਰੈੱਸ ਸਕੱਤਰ, ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ

ਮੋਬਾ: 98558-82722

Check Also

ਬੰਦੀ ਛੋੜ ਦਿਵਸ ਦੀ ਇਤਿਹਾਸਕ ਮਹੱਤਤਾ

ਸਿੱਖ ਕੌਮ ਦੇ ਨਿਰਾਲੇ ਇਤਿਹਾਸ ਨੂੰ ਬਿਆਨ ਕਰਦਾ ਬੰਦੀ ਛੋੜ ਦਿਵਸ ਕੌਮ ਵੱਲੋਂ ਸ਼ਰਧਾ ਸਤਿਕਾਰ …

Leave a Reply