Sunday, December 22, 2024

ਮਾਈ ਭਾਗੋ ਜਿਸ ਨੇ ਇਤਿਹਾਸ ਨੂੰ ਨਵਾਂ ਮੋੜ ਦਿੱਤਾ

ਮਾਘੀ ਮੇਲੇ ‘ਤੇ ਵਿਸ਼ੇਸ਼

Mai Bhago Ji

ਅਵਤਾਰ ਸਿੰਘ ਕੈਂਥ, ਬਠਿੰਡਾ

                    ਸਿੱਖ ਇਤਿਹਾਸ ਵਿਚ ਜਿਥੇ ਸਿਘਾਂ ਨੇ ਅਦੁੱਤੀ ਸ਼ਹੀਦੀਆਂ ਦਿੱਤੀਆਂ ਉਥੇ ਬੀਬੀਆਂ ਨੇ ਵੀ ਆਪਣੇ ਸਿੰਘਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਇਤਿਹਾਸ ਦੀ ਸਿਰਜਣਾ ਕਰਦਿਆਂ ਲੋਕਾਂ ਨੂੰ ਦਿਖਾ ਦਿੱਤਾ ਕਿ ਧੀਆਂ ਭੈਣਾਂ ਵੀ ਕਿਸੇ ਤੋਂ ਘੱਟ ਨਹੀ ,ਵੈਰੀਆਂ ਦੇ ਵੀ ਪੈਰ ਜ੍ਰਮੀਨ ਤੋਂ ਪੱਟ ਸੁੱਟੇ,ਜਿਨ੍ਹਾਂ ਵਿਚ ਬੀਬੀ ਭਾਗ ਕੌਰ ਦਾ ਨਾਮ ਵਿਸ਼ੇਸ਼ ਵਰਨਣ ਯੋਗ ਹੈ।ਇਹ ਇਤਿਹਾਸ ਦਾ ਮੁੱਖ ਪੰਨਾ ਹੈ ਜਿਥੇ ਗੁਰੂ ਜੀ ਨੂੰ ਵਿਸ਼ਵਾਸ਼ ਹੋ ਗਿਆ ਕਿ ਹੁਣ ਸਿੱਘ ਪੰਥ ਹਮੇਸ਼ਾ ਚੜ੍ਹਦੀ ਕਲਾਂ ਵਿਚ ਰਹੇਗਾ।ਮਾਤਾ ਭਾਗ ਕੌਰ ਨੇ ਉਸ ਸਮੇਂ ਯੁੱਧ ਦੀ ਕਮਾਨ ਸੰਭਾਲੀ ਜਦ ਕੁਝ ਸਿੱਖ ਗੁਰੂ ਜੀ ਨੂੰ ਬੇਦਾਵਾ ਲਿੱਖ ਕੇ ਆਪਣੇ ਘਰ ਵਾਰ ਸੰਭਾਲਣ ਲਈ ਆ ਪਹੁੰਚੇ ਪ੍ਰੰਤੂ ਮਾਈ ਭਾਗੋ ਨੂੰ ਇਹ ਗਵਾਰਾ ਨਾ ਲੱਗਿਆ ਕਿ ਗੁਰੂ ਜੀ ਨੂੰ ਸਿੰਘ ਇਕੱਲੇ ਵੈਰੀਆਂ ਦੇ ਘੇਰ ਵਿਚ ਛੱਡ ਕੇ ਆ ਗਏ। ਇਹ ਉਸ ਸਮੇਂ ਦੀ ਗੱਲ ਹੈ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਚ ਪ੍ਰਧਾਨੀ ਸਿਧਾਂਤ ਨੂੰ ਸਥਾਪਤ ਕਰ ਖਾਲਸੇ ਵਿਚ ਇਤਨਾ ਆਤਮ ਵਿਸ਼ਵਾਸ ਜੁੱਰਅਤ ਭਰ ਦਿੱਤੀ ਸੀ ਕਿ ਖਾਲਸਾ ਸਮੇਂ ਸਮੇਂ ਗੁਰੂ ਜੀ ਨੂੰ ਨਿਝੱਕ ਹੋ ਸਲਾਹ ਸੁਝਾਅ ਤੇ ਰਾਇ ਦੇ ਸਕਦਾ ਸੀ।ਕੁੱਝ ਸਿੰਘਾਂ ਸਲਾਹ ਦਿੱਤੀ ਕਿ ਸਾਨੂੰ ਕਿਲ੍ਹਾ ਖਾਲੀ ਕਰ ਦੇਣਾ ਚਾਹੀਦਾ ਹੈ।ਵੱਖ-ਵੱਖ ਸਮੇਂ ਯੁੱਧ ਦੇ ਢੰਗ ਤਰੀਕੇ ਅਲੱਗ ਅਲੱਗ ਹੁੰਦੇ ਹਨ।ਗੁਰੂ ਜੀ ਨੇ ਇਸ ਸਮੇਂ ‘ਇੰਤਜ਼ਾਰ ਕਰੋ ਤੇ ਦੇਖੋ’ ਦੀ ਪਾਲਸੀ ਤੇ ਚੱਲਣ ਲਈ ਕਿਹਾ, ਪਰ ਕੁੱਝ ਸਿੰਘ ਇਸ ਬਿਖੜੇ ਸਮੇਂ ਭੁਲੇਖੇ ਦਾ ਸ਼ਿਕਾਰ ਹੋ ਗਏ।ਮੁਸ਼ਕਲ ਦੀ ਘੜੀ ਮਨਮੁੱਖ ਬਣ ਗੁਰੂ ਜੀ ਦਾ ਸਾਥ ਛੱਡਣ ਲੱਗੇ।ਗੁਰਦੇਵ ਸਮਰੱਥ ਸਨ ਜੇਕਰ ਉਹ ਚਾਹੁੰਦੇ ਤਾਂ ਉਸ ਸਮੇਂ ਹੀ ਉਨ੍ਹਾਂ ਦਾ ਭੁਲੇਖਾ ਦੂਰ ਕਰ ਸਕਦੇ ਸਨ, ਪਰ ਗੁਰਦੇਵ ਜੀ ਨੇ ਖਾਲਸੇ ਨੂੰ ਸਰਬ-ਗੁਣ ਸੰਪਨ ਬਨਾਉਣਾ ਸੀ।ਭੁੱਲੇ ਨੂੰ ਭੁੱਲ ਦਾ ਅਹਿਸਾਸ ਕਰਵਾ ਮਾਰਗ ਤੇ ਪਾਉਣਾ ਸੀ।ਇੱਕ ਨਵੀਂ ਮਿਸਾਲ ਬਣਨਾ ਸੀ, ਕਿ ਭੁੱਲ ਹਰ ਕੋਈ ਕਰ ਸਕਦਾ ਹੈ ਕਿਉਕਿ ਹਰ ਮਾਨਵ ਭੁੱਲਣਹਾਰ ਹੈ ਕੇਵਲ ਕਰਤਾ ਹੀ ਅਭੁੱਲ ਹੈ :-
ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ।।
ਸ੍ਰੀ ਅਨੰਦਪੁਰ ਸਾਹਿਬ ਦੀ ਲੰਬੀ ਲੜਾਈ ਵਿਚ ਮੁਗਲ ਫੌਜਾਂ ਦੀ ਸਖਤ ਘੇਰਾ ਬੰਦੀ ਹੋਣ ਕਰਕੇ ਤੇ ਨਿੱਤ ਦੀ ਲੜਾਈ ਨਾਲ ਖਾਲਸਾ ਫੌਜਾਂ ਦੀ ਗਿਣਤੀ ਦਿਨ-ਬ-ਦਿਨ ਘਟਦੀ ਜਾ ਰਹੀ ਸੀ।ਅਨਾਜ ਪਾਣੀ ਦੇ ਭੰਡਾਰੇ ਖਤਮ ਹੋਣ ਨੂੰ ਆ ਗਏ।ਪਾਲਤੂ-ਪਸੂਆਂ ਘੋੜਿਆਂ ਲਈ ਚਾਰੇ ਦੀ ਭਾਰੀ ਕਿੱਲਤ ਆ ਗਈ, ਬਹੁਤ ਸਾਰੇ ਬਹਾਦਰ ਸਿੰਘ ਤੇ ਘੋੜੇ ਭੁੱਖ ਦੀ ਭੇਂਟ ਚੜ੍ਹ ਗਏ।ਸਿਦਕੀ ਸਿੰਘਾਂ ਦੀ ਸਿਦਕ ਸਬੂਰੀ ਦੀ ਪਰਖ ਹੋ ਰਹੀ ਸੀ।ਦੁਸਮਣ ਦੇ ਬਾਰ-ਬਾਰ ਢੰਡੋਰਾ ਦੇਣ ‘ਤੇ ਵੀ ਜੇਕਰ ਖਾਲੀ ਹੱਥ ਜਾਣਾ ਚਾਹੇ ਤਾਂ ਉਸ ਨੂੰ ਜਾਣ ਦਿੱਤਾ ਜਾਵੇਗਾ, ਕੋਈ ਵੀ ਸਿੰਘ ਸਿਦਕ ਤੋਂ ਨਹੀ ਡੋਲਿਆ।
ਪੇਟ ਦੀ ਭੁੱਖ ਜੇ ਮਨੁੱਖ ਨੂੰ ਨੀਚ ਤੋਂ ਨੀਚ ਕਰਮ ਲਈ ਕਈ ਵਾਰ ਮਜਬੂਰ ਕਰ ਸਕਦੀ ਹੈ।ਇਨ੍ਹਾਂ ਸਿੰਘਾਂ ਉੱਤੇ ਵੀ ਭਾਰੂ ਹੋਈ, ਭੁੱਖ ਦੇ ਦੁੱਖ ਤੋਂ ਤੰਗ ਆ ਕੇ ਕੁੱਝ ਸਿੰਘਾਂ ਜਿਨ੍ਹਾਂ ਦੀ ਗਿਣਤੀ 40 ਦੱਸੀ ਗਈ ਹੈ। ਗੁਰੂ ਤੋਂ ਬੇਮੁਖ ਹੋ ਅਨੰਦਪੁਰ ਸਾਹਿਬ ਨੂੰ ਛੱਡ ਜਾਣ ਦਾ ਇਰਾਦਾ ਕਰ ਲਿਆ।ਗੁਰੂ ਜੀ ਦੇ ਪੇਸ਼ ਹੋ ਇਨ੍ਹਾਂ ਸਿੰਘਾਂ ਨੇ ਬੇਨਤੀ ਕੀਤੀ ਗੁਰਦੇਵ ਅਸੀਂ ਜਾਣਾ ਚਾਹੁੰਦੇ ਹਾਂ ਗੁਰੂ ਸਾਹਿਬ ਨੇ ਕਿਹਾ ਕਿ ਜਾਣਾ ਚਾਹੁੰਦੇ ਹੋ ਤਾਂ ਚਲੇ ਜਾਓ ਪਰ ਜਾਣ ਦੀ ਨਿਸ਼ਾਨੀ ਕਿ ਅਸੀ ਛੱਡ ਕੇ ਜਾ ਰਹੇ ਹਾਂ ਲਿਖ ਕੇ ਦੇ ਜਾਓ।ਸਿੰਘਾਂ ਨੇ ਲਿਖ ਕੇ ਦੇ ਦਿੱਤਾ, ਜਿਸ ਨੂੰ ਬੇ-ਦਾਵਾ ਕਿਹਾ ਗਿਆ ਹੈ।ਇਨ੍ਹਾਂ ਸਿੰਘਾਂ ਨੇ ਅਨੰਦਪੁਰ ਸਾਹਿਬ ਨੂੰ ਛੱਡ ਘਰਾਂ ਵੱਲ ਨੂੰ ਮੂੰਹ ਕੀਤੇ।ਜਿਉਂਂ ਜਿਉਂ ਇਹ ਅਨੰਦਪੁਰ ਤੋਂ ਦੂਰ ਹੋਏ ਇਨ੍ਹਾਂ ਨੂੰ ਗੁਰੂ ਵਿਛੋੜੇ ਦੀ ਪੀੜਾ ਤੰਗ ਕਰਨ ਲੱਗੀ।ਕਈ ਵਾਰ ਪਿਆਰ ਦਾ ਅਹਿਸਾਸ ਵਿਛੋੜੇ ਵਿਚ ਹੀ ਹੁੰਦਾ ਹੈ।ਜਦ ਘਰੀਂ ਪਹੁੰਚੇ ਤਾਂ ਇਨ੍ਹਾਂ ਨੂੰ ਸ਼ਰਮਿੰਦਗੀ ਨੇ ਪੂਰੀ ਤਰ੍ਹਾਂ ਆ ਘੇਰਿਆ ਪਰ ਹੁਣ ਸਮਾਂ ਲੰਘ ਚੁੱਕਿਆ ਸੀ ਘਰ ਵਾਲੀਆਂ ਨੇ ਵੀ ਪੁਰੀ ਤਰ੍ਹਾਂ ਸ਼ਰਮਿੰਦਗੀ ਦਿੱਤੀ।
ਲੰਮੇਰੀ ਜੰਗ ਤੋਂ ਮੁਗਲਾਂ ਤੇ ਪਹਾੜੀ ਰਾਜੇ ਵੀ ਪੂਰੀ ਤਰ੍ਹਾਂ ਤੰਗ ਆ ਚੁੱਕੇ ਸਨ ਅੰਤ ਨੂੰ ਤੰਗ ਆ ਕੇ ਕਸਮਾਂ ਖਾ ਕੇ ਗੁਰੂ ਸਾਹਿਬ ਨੂੰ ਕਿਲ੍ਹਾ ਹਮੇਸ਼ਾ ਹਮੇਸ਼ਾ ਲਈ ਛੱਡ ਦੇਣਾ ਪਇਆ ਕਿਉਕਿ ਸਿੰਘਾਂ ਨੇ ਇਕੱਤਰ ਹੋ ਕੇ ਸਲਾਹ ਦਿੱਤੀ ਸੀ, ਪਰ ਗੁਰੂ ਸਾਹਿਬ ਜਾਣਦੇ ਸੀ ਕਿ ਦੁਸ਼ਮਣ ਫੌਜਾਂ ਨੇ ਸਭ ਕਸਮਾਂ-ਇਕਰਾਰ ਭੁੱਲ ਜਾਣੇ ਹੈ।ਗੁਰੂ ਸਾਹਿਬ ਦੇ ਕਿਲ੍ਹੇ ਵਿਚੋਂ ਨਿਕਲ ਦੇ ਸਾਰ ਹੀ ਪਿਛੋਂ ਦੀ ਮੁਗਲਾਂ ਦੀ ਫੌਜ ਨੇ ਹਮਲਾ ਕਰ ਦਿੱਤਾ। ਸਿਰਸਾ ਨਦੀ ਉਪਰ ਭਿਆਨਕ ਜੰਗ ਉਪਰੰਤ ਪਰਿਵਾਰ ਵਿਛੋੜੇ ਤੋਂ ਬਾਅਦ ਗੁਰੂ ਸਾਹਿਬ ਚਮਕੌਰ ਦੀ ਗੜ੍ਹੀ ਵਿਚੋਂ ਮੁਗਲਾਂ ਦੇ ਕੈਂਪ ਵਿਚ ਖਲਬਲੀ ਮਚਾ, ਮਾਛੀਵਾੜੇ ਦੇ ਜੰਗਲਾਂ ਵਿਚ :-

‘ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ’

ਦੀਨਾ ਕਾਂਗੜ ਤੋਂ ਔਰੰਗਜ਼ੇਬ ਨੂੰ ਜਫ਼ਰਨਾਮਾ ਲਿਖ-ਪਹੁੰਚੇ ਕਪੂਰੇ ਤੋਂ ਹੁੰਦੇ ਹੋਏ ਗਰਮੀ ਦੇ ਮਹੀਨੇ ਭੱਖਦੇ ਮਾਰੂਥਲਾਂ ਦੇ ਰਸਤੇ ਖਿਦਰਾਣੇ ਦੀ ਢਾਬ ਤੇ ਪਹੁੰਚੇ।ਵੈਰੀ ਦਾ ਟਿੱਡੀ ਦਲ ਵੀ ਗੁਰੂ ਸਾਹਿਬ ਜੀ ਦਾ ਪਿੱਛਾ ਕਰਦਾ ਆ ਰਿਹਾ ਸੀ।ਖਿਦਰਾਣੇ ਦੀ ਢਾਬ ਖਾਲਸਾ ਫ਼ੌਜਾਂ ਦੇ ਘੇਰੇ ਵਿਚ ਸੀ ਖਿਦਰਾਣੇ ਦੀ ਢਾਬ ਯੁੱਧ ਨੀਤੀ ਦੇ ਪੱਖੋਂ ਬਹੁਤ ਹੀ ਮਹੱਤਵਪੂਰਨ ਸੀ, ਗੁਰੂ ਸਾਹਿਬ ਆਪ ਟਿੱਬੀ ਸਾਹਿਬ ਦੇ ਸਥਾਨ ਤੇ ਜਾ ਬਿਰਾਜੇ, ਇੱਥੇ ਹੀ ਉਹੀ ਸਿੰਘਾਂ ਦਾ ਜੱਥਾ ਵੀ ਆ ਗਿਆ, ਜੋ ਗੁਰੂ ਸਾਹਿਬ ਨੂੰ ਬੇਦਾਵਾ ਲਿਖ ਕੇ ਦੇ ਆਏ ਸਨ।ਸਿੰਘਾਂ ਦੀ ਅਗਵਾਈ ਬੀਬੀ ਭਾਗੋ ਕਰ ਰਹੀ ਸੀ, ਜਿਸ ਨੇ ਸਿੱਖ ਇਤਿਹਾਸ ਨੂੰ ਨਵਾਂ ਮੋੜ ਦਿੱਤਾ।ਮਾਈ ਭਾਗੋ ਨੂੰ ਅਗਵਾਈ ਕਰਦੀ ਵੇਖ ਗੁਰੂ ਸਾਹਿਬ ਨੂੰ ਅਨੋਖੀ ਤਸੱਲੀ ਹੋਈ ਕਿ ਹੁਣ ਖਾਲਸਾ ਪੰਥ ਨੂੰ ਕੋਈ ਖਤਰਾ ਨਹੀ, ਜਿਸ ਕੌਮ ਵਿਚ ਔਰਤਾਂ ਰੱਖਿਆ ਕਰਨ ਦੇ ਕਾਬਲ ਹੋ ਜਾਣ ਉਹ ਕੌਮ ਕਦੇ ਮਰ ਨਹੀ ਸਕਦੀ।
ਗੁਰਦੇਵ ਪਿਤਾ ਸੂਰਮਿਆਂ ਨੂੰ ਰਣ ਤੱਤੇ ਵਿਚ ਜੂਝਦਿਆਂ ਤਕ ਖੱਸ਼ ਹੋ ਰਹੇ ਸਨ, ਸਮੇਂ-ਸਮੇਂ ਗੁਰਦੇਵ ਦੁਸ਼ਮਣ ਦਲਾਂ ਤੇ ਤੀਰਾਂ ਦੀ ਵਰਖਾਂ ਵੀ ਕਰਦੇ ਰਹੇ।ਦੁਸ਼ਮਣ ਫ਼ੌਜਾਂ ਅਣਗਿਣਤ ਤੇ ਸਿੰਘ ਗਿਣਤੀ ਦੇ ਪਰ ਇਕ ਪਾਸੇ ਗੁਰੂ ਪ੍ਰੀਤੀ ਤੇ ਦੂਸਰੇ ਪਾਸੇ ਤਨਖਾਹ ਦਾਰ ਮੁਲਾਜ਼ਮਤ।ਦਿਨ ਗਰਮੀ ਦ,ੇ ਪਾਣੀ ਦਾ ਕਬਜ਼ਾ ਸਿੰਘਾਂ ਦੇ ਹੱਥ ਇਸ ਸਭ ਕਾਰਨ ਦੁਸ਼ਮਣਾਂ ਦੀ ਹਾਰ ਹੋਈ ਤੇ ਸਿੰਘਾਂ ਨੇ ਮੈਦਾਨ ਫ਼ਤਹਿ ਕਰ ਲਿਆ।
ਦਸ਼ਮੇਸ਼ ਪਿਤਾ ਆਪ ਮੈਦਾਨੇ ਜੰਗ ਵਿਚ ਆਏ, ਜਿਥੇ ਬੇ-ਦਾਵੀਏ ਸਿੰਘਾਂ ਨੇ ਭੁੱਲ ਬਖਸ਼ਾਉਣ ਲਈ ਜੀਵਨ ਨਿਛਾਵਰ ਕਰ ਦਿਤੇ ਸਨ।ਯੁੱਧ ਦੇ ਮੈਦਾਨ ਵਿਚ ਗੁਰਦੇਵ ਹਰ ਸਿੰਘ ਦੀ ਪਵਿੱਤਰ ਦੇਹ ਦੇ ਪਾਸ ਜਾਂਦੇ ਤੇ ਸਿੰਘਾਂ ਦੇ ਮੁੱਖੜੇ ਸਾਫ਼ ਕਰਦੇ ਅਤੇ ਬਖਸ਼ਿਸ਼ਾਂ ਕਰਦੇ ਕਿ ਇਹ ਮੇਰਾ ਪੰਜ ਹਜ਼ਾਰੀ, ਇਹ ਮੇਰਾ ਦਸ ਹਜ਼ਾਰੀ, ਇਹ ਮੇਰਾ ਤੀਹ ਹਜ਼ਾਰੀ ਸਿੰਘ ਬਖਸ਼ਿਸ਼ਾਂ ਕਰਦੇ ਗੁਰੂ ਸਾਹਿਬ ਭਾਈ ਮਹਾਂ ਸਿੰਘ ਦੇ ਪਾਸ ਪਹੁੰਚੇ ਤੇ ਦੇਖਿਆ ਕਿ ਭਾਈ ਮਹਾਂ ਸਿੰਘ ਦੇ ਸੁਆਸ ਅਜੇ ਚਲ ਰਹੇ ਸਨ।ਗੁਰਦੇਵ ਪਿਤਾ ਨੇ ਉਸ ਦਾ ਸੀਸ ਗੋਦ ਵਿਚ ਲੈ ਕੇ ਮੁੱਖੜਾ ਸਾਫ਼ ਕੀਤਾ ਤੇ ਮੂੰਹ ਵਿਚ ਪਾਣੀ ਪਾਇਆ ਤੇ ਕਿਹਾ ਕਿ ‘ਮੁਕਤਿ ਭੁਗਤਿ ਜੁਗਤਿ ਸਭ ਹਾਜ਼ਰ ਹੈ, ਮੰਗ ਭਾਈ ਮਹਾਂ ਸਿੰਘ ਜੋ ਚਾਹੁੰਦਾ ਹੈ, ਭਾਈ ਮਹਾਂ ਸਿੰਘ ਗਿੜਗਿੜਾਇਆ ਕਿ ਹੇ ਦਸਮੇਸ਼ ਪਿਤਾ ਦਰਸ਼ਨਾਂ ਦੀ ਇੱਛਾ ਸੀ ਸੋ ਪੂਰੀ ਹੋ ਗਈ- ਨਹੀ ਪਿਆਰੇ ਭਾਈ ਮਹਾਂ ਸਿੰਘ ਕੁੱਝ ਹੋਰ ਮੰਗ-ਗੁਰਦੇਵ ਪਿਤਾ ਜੇ ਤੁੱਠੇ ਹੋ ਕ੍ਰਿਪਾ ਨਿਧਾਨ ਤਾਂ ਸਾਡੀ ਟੁੱਟੀ ਗੰਡ ਲਵੋਂ ਕਾਗਜ਼ ਦਾ ਉਹ ਟੁਕੜਾ ਪਾੜ ਦਿਓ ਜੋ ਆਪ ਜੀ ਨੂੰ ਲਿਖ ਕੇ ਦੇ ਆਏ ਸੀ।ਧੰਨ ਹਨ ਦਸਮੇਸ਼ ਪਿਤਾ ਜਿਨ੍ਹਾਂ ਇਤਨੇ ਬਿਖੜੇ ਸਮੇਂ ਵੀ ਉਹ ਕਾਗਜ਼ ਦਾ ਟੁਕੜਾ ਕਿਧਰੇ ਗੁੰਮ ਨਹੀ ਹੋਣ ਦਿੱਤਾ।ਭਾਈ ਮਹਾਂ ਸਿੰਘ ਦੀ ਖਾਹਸ਼ ਪੂਰੀ ਕਰਨ ਲਈ ਗੁਰੂ ਸਾਹਿਬ ਨੇ ਕਾਗਜ਼ ਦੇ ਟੁਕੜੇ-ਟੁਕੜੇ ਕਰ ਦਿੱਤੇ।
ਭਾਈ ਮਹਾਂ ਸਿੰਘ ਨੇ ਭੁੱਲਾਂ ਬਖਸ਼ਾ ਸ਼ੁਕਰੀਆ ਅੰਦਾਜ਼ ਵਿਚ ਹੱਥ ਉੱਪਰ ਚੁੱਕੇ ਤੇ ਹਮੇਸ਼ਾ ਲਈ ਦਸਮੇਸ਼ ਪਿਤਾ ਦੀ ਗੋਦ ਵਿਚ ਸੌਂ ਗਿਆ।ਗੁਰੂ ਜੀ ਨੇ ਇਨ੍ਹਾਂ ਸ਼ਹੀਦਾਂ ਦਾ ਆਪਣੇ ਹੱਥੀ ਸਸਕਾਰ ਕੀਤਾ। ਇਥੇ ਜਿਕਰਯੋਗ ਹੈ ਕਿ ‘ਜਦ ਚਮਕੌਰ ਦੀ ਗੜ੍ਹੀ ਵਿਖੇ ਦੋਵਾਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਵਕਤ ਸਿੰਘਾਂ ਨੇ ਇਹਨਾਂ ਦੀਆਂ ਮ੍ਰਿਤਕ ਦੇਹਾਂ ਤੇ ਕਫ਼ਨ ਦੀ ਗੱਲ ਕੀਤੀ ਤਾਂ ਗੁਰੂ ਸਾਹਿਬ ਸਿੰਘਾਂ ਦੀ ਗੱਲ ਅਣਸੁਣੀ ਕਰ ਗਏ ਸੀ। ਪੁੱਤਰਾਂ ਨਾਲੋਂ ਸਿੰਘ ਪਿਆਰੇ ਸਨ ਗੁਰੂ ਸਾਹਿਬ ਨੂੰ’ ਇਥੇਂ ਆਪਣੇ ਹੱਥੀਂ ਸਿੰਘਾਂ ਦਾ ਸਸਕਾਰ ਕੀਤਾ।ਇਨ੍ਹਾਂ ਨੂੰ ਮੁਕਤਿਆਂ ਦੀ ਉਪਾਧੀ ਬਖਸ਼ਿਸ਼ ਕੀਤੀ।ਬੇਦਾਵੀਏ ਸਿੰਘ ਮੁਕਤ ਹੋਏ ਖਿਦਰਾਣੇ ਦੀ ਢਾਬ ਧਰਤੀ ਉਸ ਦਿਨ ਤੋਂ ਮੁਕਤਸਰ ਅਖਵਾਈ।40 ਮੁਕਤੇ ਜੋ ਮੁਕਤਸਰ ਵਿਖੇ ਸ਼ਹੀਦ ਹੋਏ ਉਨ੍ਹਾਂ ਦੇ ਨਾਮ ਇਤਿਹਾਸ ਦੇ ਸੁਨਹਿਰੀ ਪੰਨਿਆਂ ਵਿਚ ਅੰਕਤਿ ਇਸ ਪ੍ਰਕਾਰ ਹੈ:-
ਮਾਝਾ ਸਿੰਘ, ਬੂੜ ਸਿੰਘ, ਦਿਲਬਾਗ ਸਿੰਘ, ਮਾਨ ਸਿੰਘ, ਸਲਤਾਨ ਸਿੰਘ, ਨਿਧਾਨ ਸਿੰਘ ਪਤੀ ਮਾਤਾ ਭਾਗੋ ਜੀ, ਧੰਨਾ ਸਿੰਘ, ਸੋਭਾ ਸਿੰਘ, ਸਰਜਾ ਸਿੰਘ, ਜਾਦੋ ਸਿੰਘ, ਗੰਗਾ ਸਿੰਘ, ਜੋਗਾ ਸਿੰਘ, ਗੰਗਾ ਸਿੰਘ, ਜੰਬਾ ਸਿੰਘ, ਭੋਲਾ ਸਿੰਘ, ਸੰਤ ਸਿੰਘ, ਲਛਮਨ ਸਿੰਘ, ਰਾਏ ਸਿੰਘ ‘ਧਰਮ ਸਿੰਘ ਤੇ ਕਰਮ ਸਿੰਘ ਦੋਨੋ ਭਰਾ’ ਜੰਗ ਸਿੰਘ, ਹਰੀ ਸਿੰਘ, ਕਾਲਾ ਸਿੰਘ, ਗੰਡਾ ਸਿੰਘ, ਮੱਯਾ ਸਿੰਘ, ਭਾਗ ਸਿੰਘ, ਭਾਗ ਸਿੰਘ, ਸਮੀਰ ਸਿੰਘ, ਕਿਰਤੀ ਸਿੰਘ, ਕਰਨ ਸਿੰਘ, ਹਰਸਾ ਸਿੰਘ, ਦਿਲਬਾਰਾ ਸਿੰਘ, ਘਰਬਾਰਾ ਸਿੰਘ, ਕ੍ਰਿਪਾਲ ਸਿੰਘ, ਖੁਸ਼ਹਾਲ ਸਿੰਘ, ਮਹਾਂ ਸਿੰਘ ਜੱਥੇਦਾਰ, ਨਿਹਾਲ ਸਿੰਘ, ਦਿਆਲ ਸਿੰਘ, ਗੁਲਾਬ ਸਿੰਘ ਅਤੇ ਸੁਹੇਲ ਸਿੰਘ ।
ਮਾਤਾ ਭਾਗੋ ਜੋ ਇਸ ਧਰਮ ਯੁੱਧ ਵਿਚ ਬਹੁਤ ਜਿਆਦਾ ਜਖਮੀ ਹੋ ਚੁੱਕੇ ਸਨ ਗੁਰੂ ਸਾਹਿਬ ਦੀ ਦੇਖ-ਰੇਖ ਹੇਠ ਗੁਰੂ ਸਾਹਿਬ ਨਾਲ ਹਜ਼ੂਰ ਸਾਹਿਬ ਵੱਲ ਚੱਲ ਪਏ, ਜਿਥੇ ਉਹ ਸਵਰਗ ਸਿਧਾਰ ਗਏ। ਆਓ ਗੁਰੂ ਦੇ ਸਿੰਘੋ ਅਸੀ ਵੀ ਸਭ ਗੁਰੂ ਵੱਲ ਮੁਖ ਕਰੀਏ, ਗੁਰਮਤਿ ਸਿਧਾਂਤਾਂ ਅਨੁਸਾਰ ਜੀਵਨ ਬਤਾਈਏ, ਕਰਮਕਾਂਡਾਂ, ਮੜ੍ਹੀਆਂ-ਮਸਾਣਾਂ ਨੂੰ ਮੰਨਣਾ, ਸਖਸ਼ੀ ਪੂਜਾ ਕਰਨੀ ਵੀ ਤਾਂ ਗੁਰੂ ਤੋਂ ਬੇ-ਮੁਖ ਹੋ ਬੇਦਾਵੀਏ ਬਣਨ ਵਾਲੀ ਗੱਲ ਹੈ ਆਓ ਸਭ ਗੁਰੂ ਚਰਨਾਂ ਵਿਚ ਅਰਦਾਸ ਕਰੀਏ ਕਿ ਗੁਰਦੇਵ ਪਿਤਾ ਸਾਨੂੰ ਗੁਰਮਤਿ ਮਾਰਗ ਤੇ ਚੱਲਣ ਦਾ ਬਲ ਉਤਸ਼ਾਹ ਬਖਸ਼ਿਸ਼ ਕਰਨ ਤਾਂ ਜੋ ਅਸੀਂ ਸਤਿਗੁਰ ਦੀ ਗੋਦ ਦਾ ਨਿੱਘ ਮਾਣ ਸਕੀਏ।

Avtar Singh Kainth

ਅਵਤਾਰ ਸਿੰਘ ਕੈਂਥ

ਬਠਿੰਡਾ
ਮੋਬਾਇਲ:- 93562-00120

Check Also

ਬੰਦੀ ਛੋੜ ਦਿਵਸ ਦੀ ਇਤਿਹਾਸਕ ਮਹੱਤਤਾ

ਸਿੱਖ ਕੌਮ ਦੇ ਨਿਰਾਲੇ ਇਤਿਹਾਸ ਨੂੰ ਬਿਆਨ ਕਰਦਾ ਬੰਦੀ ਛੋੜ ਦਿਵਸ ਕੌਮ ਵੱਲੋਂ ਸ਼ਰਧਾ ਸਤਿਕਾਰ …

Leave a Reply