Wednesday, March 19, 2025

ਯੂਨੀਵਰਸਿਟੀ `ਚ ਰਹਿੰਦੇ ਪਸ਼ੂ-ਪੰਛੀਆਂ ਦੀ ਵੀ ਹੋਵੇਗੀ ਹੁਣ ਸਾਂਭ ਸੰਭਾਲ

ਕੈਂਪਸ `ਚ ਐਨੀਮਲ ਵੈਲਫੇਅਰ ਸੋਸਾਇਟੀ ਦੀ ਸਥਾਪਨਾ
ਅੰਮ੍ਰਿਤਸਰ, 12 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੈਂਪਸ ਵਿੱਚ ਰਹਿੰਦੇ ਵੱਖ-ਵੱਖ ਪਸ਼ੂਆਂ ਪੰਛੀਆਂ ਦੀ ਦੇਖਭਾਲ ਦੇ ਲਈ ਹੁਣ ਐਨੀਮਲ ਵੈਲਫੇਅਰ ਸੋਸਾਇਟੀ ਦੀ ਸਥਾਪਨਾ ਕਰ ਦਿੱਤੀ ਗਈ ਹੈ।ਇਹ ਸੋਸਾਇਟੀ ਯੂਨੀਵਰਸਿਟੀ ਦੇ ਪਸ਼ੂਆਂ ਪੰਛੀਆਂ ਦੀ ਭਲਾਈ ਪ੍ਰਤੀ ਹਮਦਰਦੀ ਅਤੇ ਜ਼ਿੰਮੇਵਾਰ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਦੀ ਇੱਕ ਪਹਿਲਕਦਮੀ ਹੈ।ਯੂਨੀਵਰਸਿਟੀ ਦੇ ਵਾਇਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੀ ਦੂਰਅੰਦੇਸ਼ੀ ਅਗਵਾਈ ਹੇਠ ਸਥਾਪਿਤ ਇਸ ਸੋਸਾਇਟੀ ਦਾ ਜਿਥੇ ਪਸ਼ੂ ਪੰਛੀਆਂ ਨੂੰ ਸੰਭਾਲਿਆ ਜਾਵੇਗਾ, ਉਥੇ ਸਮਾਜ ਵਿੱਚ ਇੱਕ ਚੰਗਾ ਸੰਦੇਸ਼ ਜਾਵੇਗਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਦਿੱਤੇ ਗਏ “ਸਰਬੱਤ ਦਾ ਭਲੇ ਦੇ ਸਿਧਾਂਤ ਵਿੱਚ ਸਮੁੱਚੀ ਲੋਕਾਈ ਦੀ ਭਲਾਈ ਸ਼ਾਮਿਲ ਹੈ। ਯੂਨੀਵਰਸਿਟੀ ਵਿਚ ਸਥਾਪਿਤ ਇਸ ਸੋਸਾਇਟੀ ਦਾ ਮਕਸਦ ਵੀ ਸਰਬੱਤ ਦੇ ਭਲੇ ਦੇ ਸਦੀਵੀ ਸੰਦੇਸ਼ ਨੂੰ ਅੱਗੇ ਵਧਾਉਣਾ ਹੈ। ਇਸ ਪਹਿਲਕਦਮੀ ਨੂੰ ਸੇਵਾ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਵਿਰਾਸਤ ਨੂੰ ਬਰਕਰਾਰ ਰੱਖਣ ਦੇ ਸੰਕਲਪ ਵਜੋਂ ਵੇਖਿਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਜਿਥੇ ਵੱਖ-ਵੱਖ ਦਰੱਖਤਾਂ, ਪੌੋਦਿਆਂ ਅਤੇ ਫੁੱਲਾਂ ਦਾ ਘਰ ਹੈ, ਉਥੇ ਕੁਦਰਤ ਦੇ ਜੀਵ ਜੰਤੂ ਜਿਨਾਂ੍ਹ ਵਿੱਚ ਰਾਸ਼ਟਰੀ ਪੰਛੀ ਮੋਰ, ਵੱਖ-ਵੱਖ ਕਿਸਮ ਦੀਆਂ ਚਿੜੀਆਂ, ਬੱਤਖਾਂ, ਕਈ ਪ੍ਰਜਾਤੀਆਂ ਦੇ ਤੋਤੇ, ਕੋਇਲਾਂ, ਕਾਂ, ਸੇਂਹ, ਗਾਲ੍ਹੜ, ਗਟਾਰ, ਬਾਜ, ਸ਼ਿਕਰਾ ਆਦਿ ਪਸ਼ੂ ਪੰਛੀਆਂ ਤੋਂ ਇਲਾਵਾ ਕਿਸਮ ਦੇ ਕਿਸਮ ਦੇ ਜਾਨਵਰ ਹਨ।ਇਹ ਪਸ਼ੂ ਪੰਛੀ ਕੁਦਰਤ ਅਤੇ ਯੂਨੀਵਰਸਿਟੀ ਦਾ ਸਰਮਾਇਆ ਹਨ ਜੋ ਯੂਨੀਵਰਸਿਟੀ ਕੈਂਪਸ ਦੀ ਸੁੰਦਰਤਾ ਨੂੰ ਚਾਰ ਚੰਨ ਲਾਉਂਦੇ ਹਨ।ਇਨ੍ਹਾਂ ਦੀ ਸਾਂਭ ਸੰਭਾਲ ਜਿਥੇ ਸਾਡੀ ਨੈਤਿਕ ਜ਼ਿੰਮੇਵਾਰੀ ਹੈ, ਉਥੇ ਇਹ ਸਾਨੂੰ ਕੁਦਰਤ ਦੇ ਨੇੜੇ ਵੀ ਲੈ ਕੇ ਜਾਂਦੇ ਹਨ।
ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਨੇ ਦੱਸਿਆ ਕਿ ਇਹ ਸੋਸਾਇਟੀ ਸ਼੍ਰੀਮਤੀ ਮੇਨਕਾ ਸੰਜੇ ਗਾਂਧੀ ਦੀ ਪ੍ਰੇਰਨਾ ਦੇ ਨਾਲ ਸਥਾਪਿਤ ਕੀਤੀ ਗਈ ਹੈ।ਇਸਦੀ ਦੀ ਕਾਰਜਪ੍ਰਣਾਲੀ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਭਾਰਤ ਅਤੇ ਕੈਨੇਡਾ ਵਿੱਚ ਰਜਿਸਟਰਡ ਸੰਸਥਾ ਐਨੀਮਲ ਵੈਲਫੇਅਰ ਐਂਡ ਕੇਅਰ ਸਰਵਿਸਿਜ਼ ਦਾ ਸਹਿਯੋਗ ਵੀ ਲਵੇਗੀ, ਜਿਸ ਦੀ ਸਥਾਪਨਾ ਡਾ. ਨਵਨੀਤ ਕੌਰ ਚਤਰਥ ਦੁਆਰਾ 2020 ਵਿੱਚ ਕੀਤੀ ਗਈ ਸੀ।ਇਹ ਸੋਸਾਇਟੀ ਵਿਦਿਅਕ ਸੰਸਥਾਵਾਂ ਵਿੱਚ ਜਾਗਰੂਕਤਾ ਪ੍ਰੋਗਰਾਮਾਂ, ਨਸਬੰਦੀ ਅਤੇ ਟੀਕਾਕਰਨ ਮੁਹਿੰਮਾਂ ਰਾਹੀਂ ਜਾਨਵਰਾਂ-ਮਨੁੱਖੀ ਟਕਰਾਅ ਨੂੰ ਘਟਾਉਣ ਵਿੱਚ ਸਰਗਰਮੀ ਨਾਲ ਕਾਰਜਸ਼ੀਲ ਹੈ।
ਯੂਨੀਵਰਸਿਟੀ ਵਿਖੇ ਐਨੀਮਲ ਵੈਲਫੇਅਰ ਸੋਸਾਇਟੀ ਦੀ ਦੇਖ-ਰੇਖ ਪ੍ਰੋ. ਸੁਭੀਤ ਜੈਨ ਅਤੇ ਯੂਨੀਵਰਸਿਟੀ ਦੇ ਹੋਰ ਫੈਕਲਟੀ ਕਰਨਗੇ।ਉਨ੍ਹਾਂ ਦੱਸਿਆ ਕਿ ਸੁਸਾਇਟੀ ਕੈਂਪਸ ਦੇ ਜਾਨਵਰਾਂ ਦੀ ਭਲਾਈ ਲਈ ਜ਼ਿੰਮੇਵਾਰੀ ਲਵੇਗੀ।ਉਨ੍ਹਾਂ ਦੱਸਿਆ ਕਿ ਸਦਭਾਵਨਾ ਨੂੰ ਉਤਸ਼ਾਹਿਤ ਕਰਦੇ ਹੋਏ ਨਿਵਾਸੀਆਂ ਅਤੇ ਜਾਨਵਰਾਂ ਵਿਚਕਾਰ ਟਕਰਾਅ ਨੂੰ ਘੱਟ ਕਰਨ ਦੇ ਯਤਨ ਕੀਤੇ ਜਾਣਗੇ।ਪਸ਼ੂ ਭਲਾਈ ਦੇ ਵਾਤਾਵਰਣ ਅਤੇ ਨੈਤਿਕ ਮਹੱਤਵ ਬਾਰੇ ਚਰਚਾ ਕਰਨ ਵਾਲੇ ਮਾਹਿਰਾਂ ਦੀ ਵਿਸ਼ੇਸ਼ਤਾ ਵਾਲੇ ਸੈਮੀਨਾਰ ਅਤੇ ਵਰਕਸ਼ਾਪਾਂ ਦਾ ਆਯੋਜਨ ਕੀਤਾ ਜਾਵੇਗਾ।ਸੋਸਾਇਟੀ ਦੇ ਮੈਂਬਰਾਂ ਅਤੇ ਸਵੈ-ਸੇਵਕਾਂ ਨੂੰ ਉਨ੍ਹਾਂ ਦੇ ਯੋਗਦਾਨ ਲਈ ਸਰਟੀਫਿਕੇਟ ਵੀ ਪ੍ਰਦਾਨ ਕੀਤੇ ਜਾਣਗੇ।

Check Also

ਖਾਲਸਾ ਕਾਲਜ ਵਿਖੇ ਫੈਸਟੀਵਲ ਆਫ਼ ਮੈਥਾਮੈਥਿਕ ਮੁਕਾਬਲਾ ਕਰਵਾਇਆ ਗਿਆ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵਲੋਂ ਰਾਸ਼ਟਰੀ ਗਣਿਤ …