Friday, June 13, 2025

ਕਥਾਕਾਰ ਪ੍ਰੇਮ ਪ੍ਰਕਾਸ਼ ਦੇ ਦੇਹਾਂਤ ‘ਤੇ ਗਹਿਰੇ ਦੁੱਖ ਦਾ ਇਜ਼ਹਾਰ

ਅੰਮ੍ਰਿਤਸਰ, 31 ਮਾਰਚ (ਦੀਪ ਦਵਿੰਦਰ ਸਿੰਘ) – ਪੰਜਾਬੀ ਕਹਾਣੀ ਦੇ ਅੱਧੇ ਅਸਮਾਨ ਨੂੰ ਕਲਾਵੇ ਵਿਚ ਲੈਣ ਵਾਲੇ ਪ੍ਰਮੁੱਖ ਗਲਪਕਾਰ ਪ੍ਰੇਮ ਪ੍ਰਕਾਸ਼ ਨਹੀਂ ਰਹੇ।ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ ਰਜਿ. ਨੇ ਉਹਨਾਂ ਦੀ ਮੌਤ `ਤੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ।ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਜਰਨਲ ਸਕੱਤਰ ਸੁਸ਼ੀਲ ਦੁਸਾਂਝ ਦੇ ਹਵਾਲੇ ਨਾਲ ਦਫਤਰ ਸਕੱਤਰ ਦੀਪ ਦੇਵਿੰਦਰ ਸਿੰਘ ਦੱਸਿਆ ਕਿ ਪ੍ਰੇਮ ਪ੍ਰਕਾਸ਼ ਨੇ ਪੰਜਾਬੀ ਕਹਾਣੀ ਨੂੰ ਬੁਲੰਦੀਆਂ `ਤੇ ਪਹੁੰਚਾਉਣ ਲਈ ਗਲਪੀ ਬਿੰਬ ਉਸਾਰਦਿਆਂ ਮਨੁੱਖੀ ਮਨ ਦਾ ਪਤ-ਪਤ ਫਰੋਲ ਕੇ ਮਾਨਵੀ ਰਿਸ਼ਤਿਆਂ ਦੀ ਪਾਕੀਜ਼ਗੀ ਦਾ ਕੱਚ-ਸੱਚ ਬਿਆਨਿਆ।
ਉਹਨਾਂ ਨੇ ਨਮਾਜ਼ੀ, ਮੁਕਤੀ, ਸ਼ਵੇਤਾਂਬਰ ਨੇ ਕਿਹਾ ਸੀ ਅਤੇ ਕੁੱਝ ਅਣਕਿਹਾ ਵੀ ਵਰਗੇ ਕਹਾਣੀ ਸੰਗ੍ਰਹਿ ਪੰਜਾਬੀ ਸਾਹਿਤ ਦੀ ਝੋਲੀ ਪਾਏ। ਭਾਰਤੀ ਸਾਹਿਤ ਅਕਾਦਮੀ ਸਨਮਾਨ ਜੇਤੂ ਪ੍ਰੇਮ ਪ੍ਰਕਾਸ਼ ਅਧਿਆਪਨ ਦੇ ਕਿੱਤੇ ਦੇ ਨਾਲ ਨਾਲ ਲਕੀਰ ਰਸਾਲੇ ਦੀ ਸੰਪਾਦਨਾ ਵੀ ਕਰਦੇ ਰਹੇ।
ਕੇਂਦਰੀ ਸਭਾ ਦੇ ਅਹੁਦੇਦਾਰਾਂ ਸੁਰਿੰਦਰਪ੍ਰੀਤ ਘਣੀਆਂ, ਸ਼ੈਲਿੰਦਰਜੀਤ ਰਾਜਨ, ਬਲਵਿੰਦਰ ਸੰਧੂ, ਦਲਜੀਤ ਸਿੰਘ ਸਾਹੀ, ਭੁਪਿੰਦਰ ਕੌਰ ਪ੍ਰੀਤ, ਮਨਜੀਤ ਇੰਦਰਾ, ਮੱਖਣ ਕੁਹਾੜ, ਡਾ. ਸ਼ਿੰਦਰਪਾਲ ਸਿੰਘ, ਡਾ. ਕਰਮਜੀਤ ਸਿੰਘ, ਡਾ. ਦੀਪਕ ਮਨਮੋਹਨ ਸਿੰਘ ਆਦਿ ਵਲੋਂ ਵੀ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ

Check Also

ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਵੱਲੋਂ “ਕੁਦਰਤੀ ਆਫ਼ਤਾਂ ਪ੍ਰਬੰਧਨ ਤੇ ਪੰਜਾਬੀਆਂ ਦੀ ਭੂਮਿਕਾ” ਕਿਤਾਬ ਰਿਲੀਜ਼

ਅੰਮ੍ਰਿਤਸਰ, 12 ਜੂਨ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਵੱਲੋਂ …