ਨਵੀਂ ਦਿੱਲੀ, 14 ਫਰਵਰੀ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਦੀ ਪੰਜਾਬੀ ਵਿਕਾਸ ਕਮੇਟੀ ਵੱਲੋਂ ਦਿੱਲੀ ਦੇ ਪੰਜਾਬੀ ਅਧਿਆਪਕਾਂ ਦੀ ਦੂਜੀ ਕਾਰਜਸ਼ਾਲਾ ਦਾ ਆਯੋਜਨ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਕਾਨਫੰਰਸ ਹਾਲ ਵਿਖੇ ਕੀਤਾ ਗਿਆ। ਜਿਸ ਵਿਚ ਪੰਜਾਬੀ ਭਾਸ਼ਾ ਨੂੰ ਪੜਾਉਣ ਦੇ ਨਿਵੇਕਲੇ ਢੰਗ ਤਰੀਕਿਆਂ ਉਪਰ ਵਿਚਾਰ ਚਰਚਾ ਵਿਧਵਾਨਾ ਵੱਲੋਂ ਕੀਤੀ ਗਈ। ਇਸ ਕਾਰਜਸ਼ਾਲਾ ਦੇ ਮਕਸਦ ਬਾਰੇ ਜਾਣਕਾਰੀ ਦਿੰਦੇ ਹੋਏ ਕਮੇਟੀ ਦੇ ਕਨਵੀਨਰ ਡਾ. ਹਰਮੀਤ ਸਿੰਘ ਨੇ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਪ੍ਰਸਾਰ ਨੂੰ ਸੁਚੱਜੇ ਤਰੀਕੇ ਨਾਲ ਅਧਿਆਪਕਾਂ ਪਾਸੋਂ ਕਰਵਾਉਣ ਵਾਸਤੇ ਨਵੀਂ ਤਕਨੀਕਾਂ ਦੀ ਜਾਣਕਾਰੀ ਪਹੁੰਚਾਉਣ ਦੀ ਗੱਲ ਕਹੀ।
ਪ੍ਰਕਾਸ਼ ਸਿੰਘ ਗਿੱਲ, ਜਗਦੀਸ਼ ਕੌਰ, ਡਾ. ਇੰਦਰਜੀਤ ਕੌਰ, ਡਾ. ਮਨੀਸ਼ਾ ਬਤ੍ਰਾ ਅਤੇ ਡਾ. ਪ੍ਰਿਥਵੀ ਰਾਜ ਥਾਪਰ ਨੇ ਪੰਜਾਬੀ ਅਧਿਆਪਕਾਂ ਨੂੰ ਵਿਦਿਆਰਥੀਆਂ ਨੂੰ ਪੰਜਾਬੀ ਪੜਾਉਣ ਵੇਲ੍ਹੇ ਉਨ੍ਹਾਂ ਦਾ ਧਿਆਨ ਭਾਸ਼ਾ ਨਾਲ ਜੋੜਨ ਵਾਸਤੇ ਕੁਝ ਨੁਕਤੇ ਸਾਂਝੇ ਕੀਤੇ। ਵਿਦਵਾਨਾ ਨੇ ਸ਼ਬਦ ਜੋੜਾ, ਲਗਾਂ ਮਾਤਰਾ ਦੇ ਉਚਾਰਣ ਨੂੰ ਦਿਲਚਸਪ ਬਨਾਉਣ ਵਾਸਤੇ ਨਵੇਂ ਸ਼ਬਦ ਘੜਨ ਤੇ ਵੀ ਜ਼ੋਰ ਦਿੱਤਾ। ਆਏ ਹੋਏ ਵਿਦਵਾਨਾ ਅਤੇ ਅਧਿਆਪਕਾਂ ਵੱਲੋਂ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਦਾ ਮਾਂ ਬੋਲੀ ਦੀ ਚੜ੍ਹਦੀਕਲਾ ਵੱਲ ਧਿਆਨ ਦੇਣ ਤੇ ਧੰਨਵਾਦ ਵੀ ਜਤਾਇਆ। ਕਮੇਟੀ ਦੇ ਮੁੱਖ ਸਲਾਹਕਾਰ ਕੁਲਮੋਹਨ ਸਿੰਘ ਵੱਲੋਂ ਅਧਿਆਪਕਾਂ ਨੂੰ ਇਕ ਰੋਜ਼ਾ ਕਾਰਜਸ਼ਾਲਾ ‘ਚ ਭਾਗ ਲੈਣ ਤੇ ਸਰਟਿਫਿਕੇਟ ਵੀ ਤਕਸੀਮ ਕੀਤੇ ਗਏ। ਉਨ੍ਹਾਂ ਨੇ ਅਧਿਆਪਕਾਂ ਦੇ ਗਿਆਨ ‘ਚ ਵਾਧਾ ਕਰਨ ਵਾਸਤੇ ਇਹ ਪ੍ਰੋਗਰਾਮ ਅੱਗੇ ਵੀ ਜਾਰੀ ਰੱਖਣ ਦਾ ਦਾਅਵਾ ਕੀਤਾ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …