Thursday, November 21, 2024

ਦੇਸ਼ ਦੀ ਤਰੱਕੀ ਕਿਰਤੀ ਦੇ ਹੱਥ

1 ਮਈ ਕਿਰਤੀ ਦਿਵਸ ‘ਤੇ ਵਿਸ਼ੇਸ਼

Kanwal2

ਕੰਵਲਜੀਤ ਕੌਰ ਢਿੱਲੋਂ
ਜਦੋਂ ਵੀ ਗੱਲ ਦੇਸ਼ ਦੀ ਤਰੱਕੀ ਦੀ ਚਲਦੀ ਹੈ ਤਾਂ ਸਾਡਾ ਧਿਆਨ ਦੇਸ਼ ਦੇ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਢਾਂਚੇ ਵੱਲ ਜਾਂਦਾ ਹੈ।ਦੇਸ਼ ਦੀ ਅਰਥਵਿਵਸਥਾ ਤੋਂ ਅਸੀਂ ਦੇਸ਼ ਦੀ ਉਨਤੀ ਦਾ ਅੰਦਾਜ਼ਾ ਤਾਂ ਲਗਾ ਲੈਂਦੇ ਹਾਂ, ਪਰ ਦੇਸ਼ ਦੀ ਅਰਥਵਿਵਸਥਾ ਨੂੰ ਮਜਬੂਤ ਬਣਾਉਣ ਵਿੱਚ ਸਮੇਂ ਦੀ ਸਰਕਾਰ, ਸਰਮਾਏਦਾਰਾ ਦੇ ਨਾਲ ਨਾਲ ਮਜ਼ਦੂਰ (ਕਿਰਤੀ) ਵਰਗ ਦੀ ਵੀ ਅਹਿਮ ਭੂਮਿਕਾ ਹੈ। ਅਜਿਹੇ ਕਿਰਤੀ ਵਰਗ ਨੂੰ ਸਮਰਪਿਤ ਹੈ 1 ਮਈ ਦਾ ਦਿਨ।
ਇਹ ਦਿਨ ਭਾਰਤ ਸਮੇਤ ਦੁਨੀਆਂ ਦੇ 80 ਦੇਸ਼ਾ ਵਿੱਚ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਵੱਜੋਂ ਮਨਾਇਆ ਜਾਂਦਾ ਹੈ। ਮਈ 1886 ਨੂੰ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿੱਚ ਤਕਰੀਬਨ 400000 ਮਜ਼ਦੂਰਾਂ ਵੱਲੋਂ ਹੜਤਾਲ ਕੀਤੀ ਗਈ। ਇਹ ਹੜਤਾਲ ਕੰਮ ਦਾ ਸਮਾਂ 8 ਘੰਟੇ ਕਰਨ ਲਈ ਕੀਤੀ ਗਈ ਸੀ। ਇਸ ਸਮੇਂ ਮਜ਼ਦੂਰਾ ਕੋਲੋ ਦਿਨ ਵਿੱਚ 10 ਤੋਂ 18 ਘੰਟੇ ਕੰਮ ਕਰਵਾਇਆ ਜਾਂਦਾ ਸੀ। ਇਸ ਦੇ ਨਾਲ ਹੀ ਉਦਯੋਗਾਂ ਵਿੱਚ ਮਸ਼ੀਨੀਕਰਨ ਹੋਣ ਨਾਲ ਬਹੁਤ ਸਾਰੇ ਮਜ਼ਦੂਰ ਬੇਰੁਜ਼ਗਾਰ ਹੋ ਗਏ ਸਨ। ਇਹਨਾਂ ਸਭ ਵਧੀਕੀਆਂ ਦੇ ਖਿਲਾਫ ਮਜ਼ਦੂਰਾਂ ਵੱਲੋ ਹੜਤਾਲ ਕੀਤੀ ਗਈ।ਹੜਤਾਲ ਦੇ ਸਮੇਂ ਦੌਰਾਨ ਸ਼ਿਕਾਗੋ ਵਿੱਚ ਕਿਸੇ ਵੀ ਫੈਕਟਰੀ ਅਤੇ ਮਿੱਲ ਦੀ ਚਿਮਨੀ ਵਿੱਚੋਂ ਧੂਆਂ ਬਾਹਰ ਨਹੀਂ ਸੀ ਨਿਕਲਿਆ, ਜਿਸ ਦਾ ਖੁਲਾਸਾ ਸ਼ਿਕਾਗੋ ਦੀ ਇੱਕ ਅਖ਼ਬਾਰ ਵੱਲੋ ਕੀਤਾ ਗਿਆ।ਇਸ ਹੜਤਾਲ ਦੇ ਚਲਦਿਆਂ ਸ਼ਿਕਾਗੋ ਸ਼ਹਿਰ ਦੀ ਹੇਅ ਮਾਰਕੀਟ ਵਿੱਚ 4 ਮਈ ਨੂੰ ਬੰਬ ਧਮਾਕਾ ਹੋਇਆ।ਇਸੇ ਦੌਰਾਨ ਪੁਲਿਸ ਵੱਲੋ ਮੌਕੇ ਦੀ ਸਰਕਾਰ ਦੇ ਕਹਿਣ ਤੇ ਜੋ ਕਿ ਸਰਮਾਏਦਾਰ ਦੇ ਹੱਥਾਂ ਦੀ ਕੱਠਪੁਤਲੀ ਮਾਤਰ ਸੀ, ਮਜ਼ਲੂਮ ਨਿਹੱਥੇ ਮਜ਼ਦੂਰਾਂ ਉਪਰ ਅੰਨੇਵਾਹ ਫ਼ੈਰਿੰਗ ਕਰਵਾਈ ਗਈ।ਜਿਸ ਨਾਲ ਸੱਤ ਮਜ਼ਦੂਰ ਮਾਰੇ ਗਏ ਅਤੇ ਸ਼ੈਕੜੇ ਜਖ਼ਮੀ ਹੋ ਗਏ। ਇਸ ਇਕੱਠ ਵਿੱਚ ਮਰਦਾਂ ਦੇ ਨਾਲ-ਨਾਲ ਔਰਤਾਂ ਵੀ ਸ਼ਾਮਿਲ ਸਨ। ਇਕ ਔਰਤ ਦਾ ਮਸੂਮ ਬੱਚਾ ਵੀ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋ ਗਿਆ ਤੇ ਉਸ ਦਾ ਕਮੀਜ਼ ਖ਼ੂਨ ਨਾਲ ਲੱਥ-ਪੱਥ ਹੋ ਗਿਆ। ਜਿਸ ਨੂੰ ਮਜ਼ਦੂਰਾਂ ਨੇ ਆਪਣਾ ਝੰਡਾ ਬਣਾ ਲਿਆ।ਉਸ ਦਿਨ ਤੋਂ ਬਾਅਦ ਹੀ ਮਜ਼ਦੂਰਾਂ ਦੇ ਝੰਡੇ ਦਾ ਰੰਗ ਲਾਲ ਹੋ ਗਿਆ, ਜੋ ਕਿ ਪਹਿਲਾ ਸਫੈਦ ਸੀ। ਕੁੱਝ ਕਿਰਤੀਆਂ ਨੂੰ ਝੂਠੇ ਮੁਕਦਮੇ ਵਿੱਚ ਫਸਾ ਕੇ ਫ਼ਾਂਸੀ ਦੇ ਦਿੱਤੀ ਗਈ। ਇਸੇ ਹੜਤਾਲ ਦੀ ਯਾਦ ਵਿੱਚ 1 ਮਈ 1890 ਨੂੰ ਕੌਮਾਤਰੀ ਕਿਰਤੀ ਦਿਵਸ ਮਨਾਇਆ ਜਾਣ ਲੱਗਾ। ਜਦੋਂ ਕਿ ਭਾਰਤ ਵਿੱਚ ਇਸ ਦੀ ਸ਼ੁਰੂਆਤ 1 ਮਈ 1923 ਨੂੰ ਚੇਨੱਈ (ਮਦਰਾਸ) ਤੋਂ ਹੋਈ, ਜਿਸ ਦੀ ਸ਼ੁਰੂਆਤ ਭਾਰਤੀ ਕਿਸਾਨ ਮਜ਼ਦੂਰ ਪਾਰਟੀ ਦੇ ਆਗੂ ਕਾਮਰੇਡ ਸਿੰਗਰਾਵੇਲ੍ਹ ਚੇਟਿਆਰ ਨੇ ਕੀਤੀ।
ਆਖਿਰ ਸਰਕਾਰ ਨੂੰ ਕਿਰਤੀਆਂ ਦੇ ਮਜ਼ਬੂਤ ਇਰਾਦਿਆਂ ਅਤੇ ਤਿੱਖੇ ਸੰਘਰਸ਼ ਸਾਹਮਣੇ ਗੋਡੇ ਟੇਕਣੇ ਪਏ। ਕਿਰਤੀਆਂ ਨੂੰ ਕੰਮ ਕਰਨ ਲਈ 8 ਘੰਟੇ ਦਿਹਾੜੀ ਕਾਨੂੰਨੀ ਤੌਰ ਤੇ ਮਿਲ ਗਈ। ਬੇਸ਼ੱਕ ਮਜ਼ਦੂਰ ਵਰਗ ਨੂੰ ਕੰਮ ਦੇ 8 ਘੰਟੇ ਦਿਹਾੜੀ ਲਾਗੂ ਕਰਵਾਉਣ ਲਈ ਇੱਕ ਲੰਬਾ ਸੰਘਰਸ਼ ਲੜਨਾ ਪਿਆ। ਸਾਲ 1919 ਵਿੱਚ ਸਰਮਾਏਦਾਰ ਦੇਸ਼ਾ ਦੁਆਰਾ ਸ਼ਿਕਾਗੋ ਵਿੱਚ ਕੀਤੇ ਇੱਕ ਸਾਂਝੇ ਫੈਸਲੇ ਰਾਹੀ ਮਜ਼ਦੂਰਾਂ ਦਾ ਕੰਮ ਕਰਨ ਦਾ ਸਮਾਂ ਅੱਠ ਘੰਟੇ ਨਿਸ਼ਚਿਤ ਕਰ ਦਿੱਤਾ ਗਿਆ।ਇਸ ਤਰ੍ਹਾਂ 1 ਮਈ ਦਾ ਦਿਨ ਜਿੱਥੇ ਇੱਕ ਲੰਬੇ ਸੰੰਘਰਸ਼ ਦੀ ਯਾਦ ਦੁਆਉਂਦਾ ਹੈ, ਉੱਥੇ ਹੀ ਕਿਰਤੀ ਵਰਗ ਨੂੰ ਆਪਣੀਆਂ ਹੱਕੀ ਮੰਗਾਂ ਲਈ ਅਵਾਜ਼ ਉਠਾਉਣ ਦੀ ਪ੍ਰੇਰਨਾ ਵੀ ਦਿੰਦਾ ਹੈ। ਕਿਰਤੀਆਂ ਤੋਂ ਬਿਨਾ ਕਿਸੇ ਵੀ ਦੇਸ਼ ਦੀ ਤਰੱਕੀ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਹਰ ਦੇਸ਼ ਦੀ ਤਰੱਕੀ ਉਸ ਦੇਸ਼ ਦੇ ਕਿਰਤੀਆਂ ਦੇ ਹੱਥ ਵਿੱਚ ਹੈ। ਜੈ ਕਿਰਤੀ, ਜੈ ਸੰੰਘਰਸ਼।

ਕੰਵਲਜੀਤ ਕੌਰ ਢਿੱਲੋਂ
ਤਰਨ ਤਾਰਨ
ਸੰਪਰਕ – 9478793231

Email :kanwaldhillon16@gmail.com

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਦਾ ਨਵਾਂ ਕੀਰਤੀਮਾਨ -‘ਖਾਲਸਾ ਯੂਨੀਵਰਸਿਟੀ’ ਦੀ ਸਥਾਪਨਾ

ਇਤਿਹਾਸਕ ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਨਵਾਂ ਮੀਲ ਪੱਥਰ ਕਾਇਮ ਕਰਦਿਆਂ ‘ਖਾਲਸਾ ਯੂਨੀਵਰਸਿਟੀ’ ਸਥਾਪਿਤ ਕੀਤੀ …

Leave a Reply