ਸ਼ਹਾਦਤ ਦੇ 106 ਵਰ੍ਹੇ ਬਾਅਦ ਵੀ ਨਹੀਂ ਮਿਲ ਸਕੀ ਸ਼ਹੀਦ ਦੇ ਅੰਤਿਮ ਸਥਾਨ ਨੂੰ ਮਾਨਤਾ
ਅੰਮ੍ਰਿਤਸਰ, 17 ਅਗਸਤ (ਜਗਦੀਪ ਸਿੰਘ ਸੱਗੂ) – 17 ਅਗਸਤ 1909 ਨੂੰ ਲੰਦਨ ਦੀ ਪੈਂਟੋਨਵਿਲੀ ਜੇਲ੍ਹ ਵਿਚ ਫਾਂਸੀ ‘ਤੇ ਚੜ੍ਹਾਏ ਜਾਣ ਦੇ 67 ਵਰ੍ਹੇ ਬਾਅਦ 13 ਦਸੰਬਰ 1976 ਨੂੰ ਸ਼ਹੀਦ ਮਦਨ ਲਾਲ ਢੀਂਗਰਾ ਦੀਆਂ ਅਸਥੀਆਂ ਇੰਗਲੈਂਡ ਤੋਂ ਭਾਰਤੀ ਹਾਈ ਕਮਿਸ਼ਨਰ ਦੀ ਮਾਰਫ਼ਤ ਭਾਰਤ ਮੰਗਵਾਈਆਂ ਗਈਆਂ ਅਤੇ 20 ਦਸੰਬਰ ਨੂੰ ਸ਼ਹੀਦ ਦੀ ਜਨਮ ਭੂਮੀ ਅੰਮ੍ਰਿਤਸਰ ਪਹੁੰਚਣ ‘ਤੇ ਉਨ੍ਹਾਂ ਦਾ ਸੰਸਕਾਰ ਕੀਤਾ ਗਿਆ।ਇਸ ਦੇ ਬਾਅਦ 25 ਦਸੰਬਰ ਨੂੰ ਅਸਥੀਆਂ ਦੀ ਭਸਮ ਹਰਿਦੁਆਰ ਗੰਗਾ ਵਿਚ ਪ੍ਰਵਾਹ ਕੀਤੀ ਗਈ।ਇਹ ਉਪਰੋਕਤ ਜਾਣਕਾਰੀ ਸੋਮਵਾਰ ਨੂੰ ਸ਼ਹੀਦ ਢੀਂਗਰਾ ਦੇ ਸ਼ਹੀਦੀ ਦਿਹਾੜੇ ‘ਤੇ ਇਤਿਹਾਸਕਾਰ ਤੇ ਖੋਜਕਰਤਾ ਸ਼੍ਰੀ ਸੁਰਿੰਦਰ ਕੋਛੜ ਨੇ ਦਿੱਤੀ।
ਸ਼੍ਰੀ ਕੋਛੜ ਦੇ ਅਨੁਸਾਰ ਪੰਜਾਬ ਤੇ ਕੇਂਦਰ ਸਰਕਾਰ ਨਾ ਤਾਂ ਸ਼ਹੀਦ ਮਦਨ ਲਾਲ ਢੀਂਗਰਾ ਦੇ ਜਨਮ ਸਥਾਨ ਉਨ੍ਹਾਂ ਦੇ ਜੱਦੀ ਘਰ ਨੂੰ ਹੀ ਜ਼ਮੀਨਦੋਜ਼ ਕੀਤੇ ਜਾਣ ਤੋਂ ਬਚਾਅ ਸਕੀ ਹੈ ਅਤੇ ਨਾ ਹੀ ਉਹਨਾਂ ਦੀ ਅੰਤਿਮ ਯਾਦਗਾਰ ਦੇ ਰੂਪ ਵਿਚ ਮੌਜੂਦ ਉਨ੍ਹਾਂ ਦੀ ਸਮਾਧ ਨੂੰ ਹੀ ਮਾਨਤਾ ਦਿੱਤੀ ਗਈ ਹੈ।ਉਹਨਾਂ ਦੱਸਿਆ ਕਿ ਸ਼ਹੀਦ ਢੀਂਗਰਾ ਨੇ ਆਪਣੇ ਅੰਗਰੇਜ਼ ਭਗਤ ਪਰਿਵਾਰ ਤੋਂ ਅਲੱਗ ਹੋ ਕੇ ਕਸ਼ਮੀਰ ਸੇਟਲਮੈਂਟ ਬੈਂਕ ਵਿਚ ਕਲਰਕ ਦੀ ਨੌਕਰੀ ਅਤੇ ਬਾਅਦ ਵਿਚ ਟਾਂਗਾ ਚਲਾਉਣ, ਮਿਲ ਮਜ਼ਦੂਰ ਤੇ ਮੁੰਬਈ ਵਿੱਚ ਕਿਸ਼ਤੀ ਚਲਾਉਣ ਵਰਗੇ ਵੀ ਕੰਮ ਕੀਤੇ ਅਤੇ ਅਖੀਰ 10 ਅਕਤੂਬਰ 1906 ਨੂੰ ਇੰਗਲੈਂਡ ਦੇ ਲੰਦਨ ਯੂਨੀਵਰਸਿਟੀ ਇੰਜੀਨੀਅਰਿੰਗ ਕਾਲਜ ਵਿਚ ਦਾਖਲਾ ਲੈ ਲਿਆ।ਸ਼੍ਰੀ ਕੋਛੜ ਨੇ ਦੱਸਿਆ ਕਿ ਆਪਣੀ ਕੂਟਨੀਤੀ ਨਾਲ ਦੇਸ਼ ਦੀ ਆਜ਼ਾਦੀ ਲਈ ਲੰਦਨ ਵਿੱਚ ਸੰਘਰਸ਼ ਕਰ ਰਹੇ ਭਾਰਤੀ ਨੌਜਵਾਨਾਂ ਨੂੰ ਅਲਗ-ਅਲਗ ਪ੍ਰਕਾਰ ਦੇ ਲਾਲਚ ਦੇ ਕੇ ਉਨ੍ਹਾਂ ਨੂੰ ਕ੍ਰਾਂਤੀ ਦੇ ਰਾਹ ਤੋਂ ਹਟਾਉਣ ਵਰਗੀਆਂ ਕਾਰਵਾਈਆਂ ਕਰਨ ਵਾਲੇ ਸਰ ਕਰਜਨ ਵਾਇਲੀ (ਸੈਕਟਰੀ ਆਫ਼ ਸਟੇਟ ਦੇ ਐਡ-ਡੀ-ਕਾਪ) ਨੂੰ ਸ਼੍ਰੀ ਢੀਂਗਰਾ ਨੇ 1 ਜੁਲਾਈ 1909 ਨੂੰ ‘ਦੀ ਇੰਡੀਅਨ ਐਸੋਸੀਏਸ਼ਨ’ ਦੇ ਸਲਾਨਾ ਸਮਾਗਮ ਵਿੱਚ ਗੋਲੀ ਮਾਰ ਕੇ ਦਮਨਕਾਰੀ ਅੰਗਰੇਜ਼ੀ ਹਕੂਮਤ ਪ੍ਰਤੀ ਆਪਣਾ ਗੁੱਸਾ ਸ਼ਾਂਤ ਕਰਦੇ ਹੋਏ ਇਕ ਸੱਚੇ ਦੇਸ਼ ਭਗਤ ਹੋਣ ਦਾ ਸਬੂਤ ਦੇ ਦਿਤਾ।ਸ਼੍ਰੀ ਕੋਛੜ ਅਨੁਸਾਰ ਅਸਲ ਵਿਚ ਮਦਨ ਲਾਲ ਢੀਂਗਰਾ ਉਸ ਦਿਨ ਭਾਰਤ ਦੇ ਸਾਬਕਾ ਵਾਇਸਰਾਏ ਲਾਰਡ ਕਰਜ਼ਨ, ਸਾਬਕਾ ਸੈਕਟਰੀ ਆਫ਼ ਸਟੇਟ ਲਾਰਡ ਮਾਰਲੀ ਅਤੇ ਸਰ ਕਰਜ਼ਨ ਵਾਇਲੀ; ਤਿੰਨਾਂ ਨੂੰ ਮੌਤ ਦੇ ਘਾਟ ਉਤਾਰਨ ਲਈ ਜੇਬ ਵਿਚ ਦੋ ਗੋਲੀਆਂ ਨਾਲ ਭਰੇ ਪਿਸਤੌਲ ਲੈ ਕੇ ਗਏ ਸਨ, ਪਰ ਉਸ ਸਮਾਗਮ ਵਿਚ ਇਕੱਲਾ ਸਰ ਕਰਜ਼ਨ ਵਾਇਲੀ ਹੀ ਪਹੁੰਚਿਆ।
ਸ਼ਹਾਦਤ ਦੇ 106 ਵਰ੍ਹੇ ਬਾਅਦ ਵੀ ਨਹੀਂ ਮਿਲ ਸਕੀ ਸ਼ਹੀਦ ਦੇ ਅੰਤਿਮ ਸਥਾਨ ਨੂੰ ਮਾਨਤਾ
ਸ਼੍ਰੀ ਕੋਛੜ ਅਨੁਸਾਰ ਸ਼੍ਰੀ ਢੀਂਗਰਾ ਨੂੰ ਫਾਂਸੀ ‘ਤੇ ਚੜ੍ਹਾਏ ਜਾਣ ਦੇ 67 ਵਰ੍ਹੇ ਬਾਅਦ ਉਹਨਾਂ ਦੀਆਂ ਅਸਥੀਆਂ ਦੇ 20 ਦਸੰਬਰ ਨੂੰ ਅੰਮ੍ਰਿਤਸਰ ਪਹੁੰਚਣ ‘ਤੇ ਸਥਾਨਕ ਮਾਲ ਮੰਡੀ ਦੇ ਪਾਸ ਉਨ੍ਹਾਂ ਦਾ ਸੰਸਕਾਰ ਕੀਤਾ ਗਿਆ।ਜਿਸ ਦੌਰਾਨ ਸੰਸਕਾਰ ਵਾਲੇ ਸਥਾਨ ‘ਤੇ ਮੌਕੇ ਦੇ ਮੁੱਖ ਮੰਤਰੀ ਸਵ. ਗਿਆਨੀ ਜ਼ੇਲ ਸਿੰਘ ਵਲੋਂ ਸ਼ਹੀਦ ਢੀਂਗਰਾ ਦੀ ਸਮਾਧ ਤੇ ਸਮਾਰਕ ਦਾ ਨੀਂਹ ਪਥੱਰ ਰੱਖਿਆ ਗਿਆ, ਜੋ ਅੱਜ 39 ਵਰ੍ਹੇ ਬੀਤ ਜਾਣ ਦੇ ਬਾਅਦ ਵੀ ਮੁਕੰਮਲ ਨਹੀਂ ਹੋ ਸਕਿਆ ਹੈ।ਉਹਨਾਂ ਕਿਹਾ ਕਿ ਦੁਖ ਤੇ ਹੈਰਾਨੀ ਦੀ ਗੱਲ ਇਹ ਹੈ ਕਿ ਅੰਮ੍ਰਿਤਸਰ ਦੇ ਜ਼ਿਆਦਾਤਰ ਸਥਾਨਕ ਨਿਵਾਸੀਆਂ ਅਤੇ ਵਿਦਵਾਨਾਂ ਨੂੰ ਇਸ ਦੀ ਜਾਣਕਾਰੀ ਹੀ ਨਹੀਂ ਹੈ ਕਿ ਅੰਮ੍ਰਿਤਸਰ ਵਿਚ ਕੀਤੇ ਸ਼ਹੀਦ ਢੀਂਗਰਾ ਦੀ ਅੰਤਿਮ ਨਿਸ਼ਾਨੀ ਉਹਨਾਂ ਦੀ ਸਮਾਧ ਦੇ ਰੂਪ ਵਿਚ ਮੌਜੂਦ ਹੈ।