ਅੰਮ੍ਰਿਤਸਰ, 1 ਮਾਰਚ (ਸੁਖਬੀਰ ਖੁਰਮਣੀਆ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ, ਵੱਲੋਂ ”ਇੱਕੀਵੀਂ ਸਦੀ ਦਾ ਪੰਜਾਬੀ ਨਾਵਲ: ਸਥਿਤੀ ਅਤੇ ਸੰਭਾਵਨਾਵਾਂ ਵਿਸ਼ੇ ਤੇ ਇਕ ਰੋਜ਼ਾ ਰਾਸ਼ਟਰੀ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਕਾਨਫਰੰਸ ਦੇ ਉਦਘਾਟਨੀ ਸੈਸ਼ਨ ਵਿਚ ਯੂਨੀਵਰਸਿਟੀ ਉਪ-ਕੁਲਪਤੀ ਪ੍ਰੋ. ਅਜਾਇਬ ਸਿੰਘ ਬਰਾੜ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਕੁੰਜੀਵਤ ਭਾਸ਼ਣ ਡਾ. ਪਰਮਜੀਤ ਸਿੰਘ ਜੱਜ ਨੇ ਅਤੇ ਪ੍ਰਧਾਨਗੀ ਭਾਸ਼ਣ ਡਾ. ਸੁਰਿੰਦਰ ਕੁਮਾਰ ਦਵੇਸ਼ਵਰ ਨੇ ਦਿੱਤਾ। ਸੈਸ਼ਨ ਦੇ ਆਰੰਭ ਵਿਚ ਪੰਜਾਬੀ ਅਧਿਐਨ ਸਕੂਲ ਦੇ ਮੁਖੀ ਡਾ. ਗੁਰਮੀਤ ਸਿੰਘ ਨੇ ਆਏ ਮਹਿਮਾਨਾਂ ਦਾ ਸੁਆਗਤ ਕੀਤਾ। ਉਦਘਾਟਨੀ ਸੈਸ਼ਨ ਦੇ ਅੰਤ ਵਿਚ ਕਾਨਫਰੰਸ ਦੇ ਕੁਆਡੀਨੇਟਰ ਡਾ. ਰਮਿੰਦਰ ਕੌਰ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਡਾ. ਪਰਮਜੀਤ ਸਿੰਘ ਜੱਜ ਨੇ ਇੱਕੀਵੀਂ ਸਦੀ ਦੇ ਵਿਸ਼ਵ ਵਿਆਪੀ ਸੰਦਰਭ ਵਿਚ ਵਰਤਮਾਨ ਪੰਜਾਬੀ ਨਾਵਲ ਦੀ ਦਸ਼ਾ ਤੇ ਦਿਸ਼ਾ ਦੇ ਸੂਤਰ ਨਿਰਧਾਰਤ ਕਰਨ ਦਾ ਯਤਨ ਕੀਤਾ। ਉਹਨਾਂ ਨੇ ਵਿਸ਼ਵ ਪੱਧਰ ਦੀ ਨਾਵਲ ਪਰੰਪਰਾ ਦੇ ਮੁਕੰਮਲ ਦਾਰਸ਼ਨਿਕ ਸੰਦਰਭ ਵਿਚ ਪੰਜਾਬੀ ਨਾਵਲ ਦੀ ਸਥਿਤੀ ਅਤੇ ਸੰਭਾਵਨਾਵਾਂ ਦਾ ਵਿਸ਼ਲੇਸ਼ਣ ਕੀਤਾ। ਡਾ. ਦਵੇਸ਼ਵਰ ਨੇ ਵਰਤਮਾਨ ਸੰਦਰਭ ਵਿਚ ਪੰਜਾਬੀ ਨਾਵਲ ਦੇ ਵਿਸ਼ੇਗਤ ਅਤੇ ਬਿਰਤਾਂਤਕ ਪਾਸਾਰਾਂ ਦੀ ਜ਼ਰੂਰਤ ਨੂੰ ਪਛਾਣਨ ਦਾ ਯਤਨ ਕੀਤਾ।
ਡਾ. ਬਰਾੜ ਨੇ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਵਚਨਬੱਧ ਹੈ। ੳਹਨਾਂ ਕਿਹਾ ਕਿ ਲਾਜ਼ਮੀ ਪੰਜਾਬੀ ਦੇ ਨਾਲ ਨਾਲ ਮੁੱਢਲੀ ਪੰਜਾਬੀ ਦਾ ਵਿਸ਼ਾ ਲਾਗੂ ਕਰਕੇ ਯੂਨੀਵਰਸਿਟੀ ਵੱਲੋਂ ਇਸ ਗੱਲੋਂ ਨੂੰ ਯਕੀਨੀ ਬਣਾਇਆ ਗਿਆ ਹੈ ਕਿ ਯੂਨੀਵਰਸਿਟੀ ਦਾ ਹਰੇਕ ਵਿਦਿਆਰਥੀ ਲਾਜ਼ਮੀ ਤੌਰ ‘ਤੇ ਪੰਜਾਬੀ ਦੀ ਪੜ੍ਹਾਈ ਕਰੇ।
ਬਾਅਦ ਦੇ ਦੋ ਅਕਾਦਮਿਕ ਸੈਸ਼ਨ ਦੇ ਪ੍ਰਧਾਨਗੀ ਮੰਡਲ ਵਿਚ ਡਾ. ਮਹਿਲ ਸਿੰਘ, ਡਾ. ਜਸਵਿੰਦਰ ਸਿੰਘ, ਡਾ. ਰਜ਼ਨੀਸ਼ ਬਹਾਦਰ ਅਤੇ ਸ੍ਰੀ ਬਲਬੀਰ ਪਰਵਾਨਾ ਸ਼ਾਮਿਲ ਸਨ। ਇਨ੍ਹਾਂ ਸੈਸ਼ਨਾਂ ਵਿਚ ਡਾ. ਬਲਦੇਵ ਸਿੰਘ ਧਾਲੀਵਾਲ, ਡਾ. ਚਰਨਜੀਤ ਕੌਰ, ਡਾ. ਗੁਰਮੁੱਖ ਸਿੰਘ, ਡਾ. ਕੁਲਵੰਤ ਸਿੰਘ, ਡਾ. ਪਰਮਿੰਦਰ ਸਿੰਘ, ਡਾ. ਦਰਿਆ ਅਤੇ ਡਾ. ਬਲਜੀਤ ਕੌਰ ਨੇ ਖੋਜ ਪੱਤਰ ਪੇਸ਼ ਕੀਤੇ। ਸਰੋਤਿਆਂ ਵੱਲੋਂ ਉਠਾਏ ਗਏ ਅਹਿਮ ਸਵਾਲਾਂ ਅਤੇ ਕੀਤੀਆਂ ਗਈਆਂ ਟਿੱਪਣੀਆਂ ਨੇ ਕਾਨਫਰੰਸ ਦੇ ਵਿਸ਼ੇ ਸੰਬੰਧੀ ਇਕ ਗੰਭੀਰ ਸੰਵਾਦ ਸਿਰਜਿਆ। ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਮਾਨਯੋਗ ਰਜਿਸਟਰਾਰ ਡਾ. ਸ਼ਰਨਜੀਤ ਸਿੰਘ ਢਿੱਲੋਂ ਨੇ ਕੀਤੀ। ਇਸ ਵਿਚ ਪੰਜਾਬੀ ਦੇ ਨਾਮਵਾਰ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ, ਜਸਬੀਰ ਮੰਡ ਅਤੇ ਸੁਰਿੰਦਰ ਨੀਰ ਨੇ ਆਪਣੀ ਸਿਰਜਣ ਪ੍ਰਕਿਰਿਆ ਸੰਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਕਾਨਫਰੰਸ ਵਿਚ ਪ੍ਰੋ. ਹਰਿਭਜਨ ਸਿੰਘ ਭਾਟੀਆ, ਡਾ. ਸੁਖਦੇਵ ਸਿੰਘ ਖਾਹਰਾ, ਡਾ. ਕੰਵਲਜੀਤ ਕੌਰ ਜੱਸਲ, ਡਾ. ਹਰਜੀਤ ਕੌਰ, ਡਾ. ਦਰਿਆ, ਡਾ. ਮਨਜਿੰਦਰ ਸਿੰਘ ਤੋਂ ਇਲਾਵਾ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਤੋਂ ਆਏ ਅਧਿਆਪਕ ਸਹਿਬਾਨ, ਵੱਖ-ਵੱਖ ਕਾਲਜਾਂ ਤੋਂ ਆਏ ਅਧਿਆਪਕ ਸਹਿਬਾਨ, ਵਿਭਾਗ ਦੇ ਖੋਜ ਵਿਦਿਆਰਥੀ ਅਤੇ ਵਿਦਿਆਰਥੀ ਹਾਜ਼ਰ ਸਨ।
Check Also
ਬਾਬਾ ਬਕਾਲਾ ਸਾਹਿਬ ਨੂੰ ਕੀਤਾ ਜਾਵੇਗਾ ਪੰਜਾਬ ‘ਚ ਸਭ ਤੋਂ ਪਹਿਲਾਂ ਨਸ਼ਾ ਮੁਕਤ – ਪ੍ਰਧਾਨ ਸੁਰਜੀਤ ਕੰਗ
ਬਾਬਾ ਬਕਾਲਾ, 7 ਮਈ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ ਦੇ ਨਗਰ ਪੰਚਾਇਤ ਬਾਬਾ …