Monday, July 8, 2024

ਮੇਰਾ ਭਾਰਤ ਮਹਾਨ

               ਮੈਂ ਬਹੁਤ ਜਗ੍ਹਾ ਤੇ ਲਿਖਿਆ ਪੜ੍ਹਿਆ ਕਿ ਮੇਰਾ ਭਾਰਤ ਮਹਾਨ ਹੈ। ਪਰ ਮੈਂ ਸੋਚਣ ਲਈ ਮਜਬੂਰ ਹੋ ਜਾਂਦਾ ਹਾਂ ਕਿ ਕਿਹੜੀ ਗੱਲੋਂ ਮਹਾਨ ਹੈ? ਜਦੋਂ ਬਰੀਕੀ ਨਜ਼ਰੀਏ ਨਾਲ ਵੇਖਿਆ ਤਾਂ ਸਾਰੇ ਹੀ ਮੰਗਤੇ ਨਜ਼ਰ ਆਏ।ਕੋਈ ਵੋਟਾਂ ਦਾ, ਕੋਈ ਨੋਟਾਂ ਦਾ, ਕੋਈ ਕੁਰਸੀ ਦਾ, ਕੋਈ ਝੂਠੀ ਸ਼ਾਨੋ ਸ਼ੌਕਤ ਦਾ ਤੇ ਕੋਈ ਦਾਜ ਦਾ। ਜਦੋਂ ਸਾਰੇ ਹੀ ਮੰਗਤੇ ਹਨ ਤਾਂ ਇਸ ਨੂੰ ਮਹਾਨ ਕਿਉਂ ਕਿਹਾ ਜਾਂਦਾ ਹੈ। ਮੈਂ ਇਕ ਵਾਰ ਵੇਖਿਆ, ਜਦੋਂ ਔਰਤ ਕਿਸੇ ‘ਤੇ ਦਾਜ ਦਾ ਪਰਚਾ ਕਰ ਦਿੰਦੀ ਹੈ ਭਾਂਵੇ ਉਹ ਖੁਦ ਜਿਆਦਾ ਗੁਨਾਹਗਾਰ ਹੋਵੇ ਫ਼ਿਰ ਵੀ ਉਸੇ ਦੀ ਮੰਨੀ ਜਾਂਦੀ ਹੈ। ਬੰਦਾ ਭਾਂਵੇ ਜਿੰਨਾਂ ਮਰਜ਼ੀ ਸੱਚਾ ਹੋਵੇ ਪਰ ਅਦਾਲਤ ਉਸ ਨੂੰ ਤਲਾਕ ਤੋਂ ਬਾਅਦ ਇਤਨਾ ਖ਼ਰਚਾ ਪਾ ਦਿੰਦੀ ਹੈ ਕਿ ਉਸ ਨੇ ਘਰ ਬਣਾਉਣਾ ਤਾਂ ਦੂਰ ਉਹ ਕਰਜ਼ੇ ਦੀ ਮਾਰ ਥੱਲੇ ਆ ਕੇ ਹੀ ਮਰ ਜਾਂਦਾ ਹੈ। ਸ਼ਾਇਦ ਏਸੇ ਕਰਕੇ ਮੇਰਾ ਭਾਰਤ ਮਹਾਨ ਹੈ।
ਪਿੰਡਾਂ ਤੇ ਸ਼ਹਿਰਾਂ ਵਿੱਚ ਬੇ-ਹਿਸਾਬੇ ਅਵਾਰਾ ਪਸ਼ੂ ਫਿਰਦੇ ਹਨ, ਓਹਨਾਂ ਨਾਲ ਹਾਦਸਾ ਹੁੰਦਾ ਹੈ ਨੁਕਸਾਨ ਹੁੰਦਾ ਹੈ ਅਤੇ ਕਈ ਵਾਰ ਕੀਮਤੀ ਜਾਨਾਂ ਵੀ ਚਲੀਆਂ ਜਾਂਦੀਆਂ ਹਨ।ਕੋਈ ਵੀ ਸੰਸਥਾ ਇਸ ਵੱਲ ਧਿਆਨ ਨਹੀਂ ਦਿੰਦੀ।ਸ਼ਾਇਦ ਏਸੇ ਕਰਕੇ ਮੇਰਾ ਭਾਰਤ ਮਹਾਨ ਹੈ? ਏਥੇ ਪਿੰਡਾਂ ਤੇ ਸ਼ਹਿਰਾਂ ਵਿੱਚ ਮੰਗਤਿਆਂ ਦੀ ਭਰਮਾਰ ਲੱਗੀ ਹੈ, ਜਿਸ ਵਿੱਚ ਬੱਚੇ, ਬਿਰਧ, ਨੌਜਵਾਨ ਅਤੇ ਔਰਤਾਂ ਦਾ ਜਿਆਦਾ ਰੁਝਾਨ ਹੈ।ਇਹਨਾਂ ਨੂੰ ਕੋਈ ਸੰਗ ਸ਼ਰਮ ਨਹੀਂ ਹੁੰਦੀ, ਇਹ ਐਨਾ ਠਿੱਠ ਕਰਦੇ ਹਨ ਕਿ ਬੰਦੇ ਨੂੰ ਮਜ਼ਬੂਰ ਹੋ ਕੇ ਕੁੱਝ ਨਾ ਕੁੱਝ ਦੇਣਾ ਹੀ ਪੈਂਦਾ ਹੈ।ਸ਼ਾਇਦ ਏਸੇ ਗੱਲੋਂ ਮੇਰਾ ਭਾਰਤ ਮਹਾਨ ਹੈ? ਅੱਗੇ ਨਸ਼ਿਆਂ ਦੇ ਸੁਦਾਗਰ ਦੇਖੋ ਸ਼ਰੇਆਮ ਨਸ਼ੇ ਸਪਲਾਈ ਕਰਦੇ ਹਨ ਜਿੰਨ੍ਹਾਂ ਨਾਲ ਕਿੰਨੀਆਂ ਕੀਮਤੀ ਜਾਨਾਂ ਜਾਂਦੀਆਂ ਹਨ ਅਤੇ ਘਰਾਂ ਦੇ ਘਰ ਬਰਬਾਦ ਹੋ ਜਾਂਦੇ ਹਨ। ਕਾਨੂੰਨ ਆਪਣੀ ਗੂੜੀ ਨੀਂਦ ਸੁੱਤਾ ਪਿਆ ਹੈ, ਏਸੇ ਕਰਕੇ ਮੇਰਾ ਭਾਰਤ ਮਹਾਨ ਹੈ। ਆਮ ਪ੍ਰਚੱਲਿਤ ਗੱਲ ਆਉਂਦੀ ਹੈ ‘ਬੇਟੀ ਬਚਾਓ ਬੇਟੀ ਪੜਾਓ’। ਪਰ ਆਮ ਹੀ ਅਖ਼ਬਾਰਾਂ ਵਿੱਚ ਪੜ੍ਹਨ ਨੂੰ ਮਿਲ ਜਾਂਦਾ ਹੈ ਕਿ ਅੱਜ ਭਰੂਣ ਗਟਰ ਵਿੱਚੋਂ ਮਿਲਿਆ ‘ਤੇ ਅੱਜ ਝਾੜੀਆਂ ਵਿੱਚੋਂ ਅਤੇ ਅੱਜ ਫਲਾਣੀ ਥਾਂ ਤੇ ਰੇਪ ਹੋ ਗਿਆ।ਇਸ ਪਿੱਛੇ ਕਾਨੂੰਨ ਦੀਆਂ ਅੱਖਾਂ ਤੇ ਪੱਟੀ ਬੱਝੀ ਹੋਣ ਕਰਕੇ ਇਹ ਸਭ ਵਾਪਰ ਰਿਹਾ ਹੈ।ਸ਼ਾਇਦ ਏਸੇ ਗੱਲੋਂ ਮੇਰਾ ਭਾਰਤ ਮਹਾਨ ਹੈ?
ਪਹਿਲਾਂ ਵੱਡੇ ਬਜ਼ੁਰਗ ਹੁੰਦੇ ਸਨ।ਉਹ ਪਟਵਾਰੀ ਤੋਂ ਪੁੱਛਦੇ ਸਨ ਕਿ ਆਪਣੀ ਜ਼ਮੀਨ ‘ਤੇ ਕੋਈ ਕਰਜ਼ ਤਾਂ ਨਹੀਂ ਪਰ ਅੱਜ ਇਸ ਦੇ ਉਲਟ ਪਟਵਾਰੀ ਤੋਂ ਇਹ ਪੁੱਛਦੇ ਹਨ ਕਿ ਆਪਣਾ ਕੋਈ ਨੰਬਰ ਖਾਲੀ ਹੈ ਤਾਂ ਆਪਾਂ ਕੋਈ ਲਿਮਟ ਲੈ ਲਈਏ।ਸ਼ਾਇਦ ਏਸੇ ਲਈ ਮੇਰਾ ਭਾਰਤ ਮਹਾਨ ਹੈ?
ਦੋਸ਼ੀਆਂ ਨੂੰ ਸਜਾਵਾਂ ਦੇਣ ਲਈ ਭਾਰਤ ਦੇ ਸੰਵਿਧਾਨ ਦਾ ਕਾਨੂੰਨ ਤਾਂ ਬਹੁਤ ਵਧੀਆ ਬਣਿਆ, ਪਰ ਇਹ ਕਾਨੂੰਨ ਸਰਮਾਏਦਾਰ ਲੋਕ ਗਰੀਬਾਂ ਉੱਪਰ ਹੀ ਚਲਾਉਂਦੇ ਹਨ, ਜਦਕਿ ਕਾਨੂੰਨ ਹਰ ਇਕ ਲਈ ਬਾਰਬਰ ਹੋਣਾ ਚਾਹੀਦਾ ਹੈ। ਗਰੀਬ ਕਿਸੇ ਅੱਗੇ ਨਾ ਤਾਂ ਰੋ ਸਕਦੇ ਹਨ ਤੇ ਨਾ ਹੀ ਕਿਸੇ ਨੂੰ ਦੱਸ ਸਕਦੇ ਹਨ। ਕਾਨੂੰਨ ਲਚਕਦਾਰ ਨਹੀਂ ਹੋਣਾ ਚਾਹੀਦਾ ਸਗੋਂ ਠੋਸ ਹੋਣਾ ਚਾਹੀਦਾ ਹੈ। ਤਾਂ ਜੋ ਦੋਸ਼ੀ ਨੂੰ ਤਰੀਕਾਂ ਪਾਉਣ ਦੀ ਬਜਾਏ ਤੁਰੰਤ ਸਜਾ ਦਿੱਤੀ ਜਾਵੇ, ਤਾਂ ਜੋ ਸਾਡੇ ਸਮਾਜ ਵਿੱਚ ਜੋ ਕੁਰੀਤੀਆਂ ਪੈਦਾ ਹੁੰਦੀਆਂ ਹਨ, ਉਹ ਕਾਨੂੰਨ ਨੂੰ ਦੇਖਦੇ ਸਾਰ ਹੀ ਬੰਦ ਹੋ ਜਾਣ।

”ਹੱਕ ਵਾਲੇ ਨੂੰ ਹੱਕ ਨਾ ਮਿਲਦਾ, ਤਕੜੇ ਲੁੱਟੀ ਜਾਂਦੇ,
ਇੱਕ ਭੁੱਖਾ ਪੇਟੋਂ ਹੈ, ਕੋਈ ਬਿਸਕੁਟ ਕੇਕ ਨੇ ਖਾਂਦੇ।
ਇੱਕ ਦੂਜੇ ਤੋਂ ਖੋਹ ਕੇ ਖਾਣਾ, ਸਮਝਦੇ ਆਪਣੀ ਸ਼ਾਨ,
ਤਾਹੀਓਂ ‘ਸੁੱਖਾ ਭੂੰਦੜ’ ਕਹਿੰਦਾ ਮੇਰਾ ਭਾਰਤ ਮਹਾਨ।

Sukha Bhunder

 

 

 

 

ਸੁੱਖਾ ਭੂੰਦੜ
ਸ੍ਰੀ ਮੁਕਤਸਰ ਸਾਹਿਬ।
ਮੋਬਾ : 98783-69075

Check Also

ਪਿਓ-ਪੁੱਤ ਦੇ ਰਿਸ਼ਤੇ ਦੀ ਕਹਾਣੀ ਹੈ ਫ਼ਿਲਮ `ਸ਼ਿੰਦਾ-ਸ਼ਿੰਦਾ ਨੋ ਪਾਪਾ`

ਪੰਜਾਬੀ ਸਿਨੇਮਾ ਤੇਜ਼ੀ ਨਾਲ ਅੱਗੇ ਵੱਲ ਨੂੰ ਵੱਧ ਰਿਹਾ ਹੈ ਤੇ ਦਰਸ਼ਕਾਂ ਲਈ ਨਵੇਂ-ਨਵੇਂ ਵਿਸ਼ੇ …

Leave a Reply