Sunday, December 22, 2024

ਲੋਹਾ ਮੰਡੀ ਵਜੋਂ ਕੌਮਾਂਤਰੀ ਪੱਧਰ ‘ਤੇ ਪ੍ਰਸਿੱਧ ਬਟਾਲਾ, ਸਨਅਤੀ ਨਕਸ਼ੇ ਤੋਂ ਅਲੋਪ ਕਿਉਂ ?

 

ਲੈਕਚਰਾਰ ਗੁਰਮੀਤ ਸਿੰਘ ਭੋਮਾ 

ਸ਼ਿਵ ਕੁਮਾਰ ਬਟਾਲਵੀ ਦਾ ਸ਼ਾਹਿਰ, ਬਾਬੇ ਨਾਨਕ ਦੇ ਸਹੁਰਿਆ ਦਾ ਸ਼ਹਿਰ ਅਤੇ ਭਾਰਤ ਦੇ ਸਨਅਤੀ ਨਕਸ਼ੇ ‘ਤੇ ਧਰੁਵ ਤਾਰੇ ਵਾਂਗ ਚਮਕਦਾ ਸ਼ਹਿਰ ਬਟਾਲਾ ਅੱਜ ਸਨਅਤੀ ਨਕਸ਼ੇ ਤੋਂ ਅਲੋਪ ਹੋ ਰਿਹਾ ਹੈ।1950 ਤੋਂ ਇਹ ਸਨਅਤੀ ਸ਼ਹਿਰ ਵਜੋਂ ਅਹਿਮ ਸਥਾਨ ਰੱਖਦਾ ਰਿਹਾ ਹੈ।ਇਥੇ 1950 ਤੋਂ 1985 ਤੱਕ ਛੋਟੀਆਂ-ਵੱਡੀਆਂ ਲਗਭਗ ਚਾਰ ਹਜ਼ਾਰ ਸਨਅਤੀ ਯੂਨਿਟਾਂ ਸਨ ਜਿਨ੍ਹਾਂ ਵਿਚ ਦੋ ਰੁਪਏ ਦੇ ਲੋਹੇ ਦੇ ਪੁਰਜ਼ੇ ਤੋਂ ਲੈ ਕੇ 25 ਲੱਖ ਰੁਪਏ ਦੀ “ਬੋਰਿੰਗ ਮਸ਼ੀਨ” ਬਣਦੀ ਰਹੀ ਹੈ, ਪਰ ਅਤਿਵਾਦ ਦੇ ਦਿਨਾਂ ਦੌਰਾਨ ਬਟਾਲਾ ਦੇ 1500 ਸੌ ਤੋਂ ਵੱਧ ਛੋਟੇ ਯੂਨਿਟ ਬੰਦ ਹੋ ਗਏ ਸਨ।150 ਵੱਡੇ ਤੇ ਦਰਮਿਆਨੇ ਯੂਨਿਟਾਂ ਦੇ ਮਾਲਕ ਹਿਜਰਤ ਕਰ ਗਏ।ਇਕ ਸਮਾਂ ਸੀ ਜਦੋਂ ਬਟਾਲਾ ਸ਼ਹਿਰ ਤੋਂ ਬਣੀਆਂ ਲੋਹੇ ਦੀਆਂ ਅਨੇਕਾਂ ਵਸਤੂਆਂ ਜਿੰਨ੍ਹਾਂ ਵਿੱਚ ਪ੍ਰਮੁੱਖ ਖਰਾਦੀ ਮਸ਼ੀਨਾਂ, ਸੇਪਰ, ਆਰਾ ਮਸ਼ੀਨਾਂ, ਮਿਸਤਰੀਆਂ ਦੇ ਹਰੇਕ ਤਰ੍ਹਾਂ ਦੇ ਹਥਿਆਰ, ਬੋਰਿੰਗ ਦਾ ਹੋਰ ਸਮਾਨ, ਨਲਕੇ ਮੋਟਰਾਂ, ਪਾਈਪਾਂ, ਟੋਕੇ ਆਦਿ ਦੀ ਮੰਗ ਭਾਰਤ ਦੇ ਦੂਜੇ ਰਾਜਾਂ ਤੱਕ ਹੀ ਸੀਮਤ ਨਹੀਂ ਸੀ, ਬਲਕਿ ਇੱਥੋਂ ਦਾ ਬਣਿਆ ਮਾਲ ਵਿਦੇਸ਼ਾਂ ਨੂੰ ਵੀ ਨਿਰਯਾਤ ਕੀਤਾ ਜਾਣ ਲੱਗ ਪਿਆ ਸੀ।ਦੂਜੇ ਰਾਜਾਂ ਦੇ ਸਨਅਤਕਾਰ ਇਥੇ ਪੈਸਾ ਲਗਾਉਣ ਲੱਗ ਪਏ ਸਨ ।
ਸਮਾਂ ਤੇ ਸਥਿਤੀਆਂ ਬਦਲਣ ਨਾਲ ਅਤੇ ਪੰਜਾਬ ਵਿੱਚ ਵਗੀਆਂ ਕਾਲੀਆਂ ਹਨੇਰੀਆਂ ਨੇ ਬਟਾਲਾ ਸਨਅਤ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ ਹੈ।ਹੌਲੀ-ਹੌਲੀ ਸਨਅਤੀ ਕਾਰੋਬਾਰ ਠੱਪ ਹੁੰਦਾ ਗਿਆ।ਹੁਣ ਸਵਾਲ ਇਹ ਪਨਪਦਾ ਹੈ ਕਿ ਆਖ਼ਰ ਕਿਹੜੇ ਕਾਰਨ ਜਿੰਮੇਵਾਰ ਹਨ ਜਿਨ੍ਹਾਂ ਕਰਕੇ ਬਟਾਲਾ ਸਨਅਤ ਨੂੰ ਫ਼ਾਹਾ ਲਗਿਆ।ਸਭ ਤੋਂ ਪਹਿਲਾਂ ਬਟਾਲਾ ਸ਼ਹਿਰ ਵਿੱਚ ਜਿੰਨ੍ਹੀ ਵੀ ਸਨਅਤ ਲੱਗੀ ਉਸ ‘ਤੇ ਨਿੱਜੀ ਪੂਰੀ ਤਰ੍ਹਾਂ ਮਾਲਕੀ ਸੀ।ਸਰਕਾਰ ਵੱਲੋਂ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਰਕਾਰੀ ਸਹਾਇਤਾ ਜਾਂ ਸਬਸਿਡੀ ਵਗੈਰਾ ਨਹੀਂ ਦਿੱਤੀ ਗਈ।ਜਿਸ ਕਾਰਨ ਬਟਾਲੇ ‘ਚ ਬਹੁਤ ਨਿੱਜੀ ਮਾਲਕੀ ਵਾਲੇ ਲਘੂ ਭਾਵ ਛੋਟੇ-ਛੋਟੇ ਉਦਯੋਗਾਂ ਦਾ ਵਿਸਥਾਰ ਹੋਇਆ।ਪੰਜਾਬ ਜਾਂ ਕੇਂਦਰ ਸਰਕਾਰ ਵੱਲੋਂ ਵੱਡੇ ਉਦਯੋਗਾਂ ਦਾ ਵਿਸਥਾਰ ਨਾ ਕਰਕੇ ਛੋਟੇ ਉਦਯੋਗਾਂ ਦਾ ਵੀ ਭਾਰੀ ਨੁਕਸਾਨ ਹੋਇਆ ਕਿਉਂਕਿ ਵੱਡੇ ਉਦਯੋਗਾਂ ਦੀ ਛਤਰ-ਛਾਇਆ ਹੇੇਠ ਛੋਟੇ ਤੇ ਕੁਟੀਰ ਉਦਯੋਗਾਂ ਦਾ ਵਿਕਾਸ ਸੰਭਵ ਹੁੰਦਾ ਹੈ।ਇਸ ਤੋਂ ਇਲਾਵਾ ਪੂਰੀ ਤਰ੍ਹਾਂ ਨਿੱਜੀ ਮਾਲਕੀ ਹੋਣ ਕਾਰਨ ਸਾਰੇ ਛੋਟੇ ਉਦਯੋਗਪਤੀ ਇਕੱਠੇ ਨਾ ਚੱਲ ਸਕੇ।ਹਰ ਕੋਈ ਆਪਣੀ ਹੀ ਡਫ਼ਲੀ ਵਜਾ ਰਿਹਾ ਸੀ।ਆਪਸੀ ਮੁਕਾਬਲਾ ਤਾਂ ਵਧਿਆ ਪਰ ਇੱਕ ਦੂਸਰੇ ਨੂੰ ਜੋ ਠਿੱਬੀਆਂ ਲਾਉਣ ਦੀਆਂ ਕੋਸ਼ਿਸਾਂ ਕੀਤੀਆਂ, ਉਹਨ੍ਹਾਂ ਲਈ ਆਪਣੇ ਪੈਰੀ ਕੁਹਾੜੀ ਮਾਰਨ ਬਰਾਬਰ ਸਾਬਤ ਹੋਈਆਂ।ਇਸ ਤੋਂ ਇਲਾਵਾ ਪੁਰਾਣੀਆਂ ਤਕਨੀਕਾਂ ਦੇ ਸਹਾਰੇ ਹੀ ਕਾਰੋਬਾਰ ਚਲਦੇ ਰਹੇ ਉਨ੍ਹਾਂ ਲਈ ਜਿਸ ਕਰਕੇ ਨਵੇਂ ਉਦਯੋਗਾਂ ਸਾਹਮਣੇ ਖੜ੍ਹੇ ਹੋਣਾਂ ਮੁਸ਼ਕਿਲ ਹੋ ਗਿਆ ਸੀ।ਦੂਸਰੀ ਅਹਿਮ ਜਿੰਮ੍ਹੇਵਾਰੀ ਪੰਜਾਬ ਸਰਕਾਰ ਸਿਰ ਜਾਂਦੀ ਹੈ।ਸਰਕਾਰ ਵੱਲੋਂ ਉਨ੍ਹਾਂ ਨੂੰ ਕਿਸੇ ਵੀ ਪ੍ਰਕਾਰ ਦੀ ਸਬਸਿਡੀ ਦੇ ਕੇ ਮਦਦ ਨਹੀਂ ਕੀਤੀ ਗਈ । ਸਬਸਿਡੀ ਦੇਣ ਦੇ ਮਾਮਲੇ ‘ਤੇ ਰਾਜਨੀਤੀ ਖੇਡੀ ਗਈ।ਸ਼ਹਿਰ ਵਿੱਚ ਸਨਅਤੀ ਖੇਤਰਾਂ ਲਈ ਤਕਰੀਬਨ ਦਸ-ਦਸ ਘੰਟੇ ਬਿਜਲੀ ਦੇ ਕੱਟ ਲਗਾਏ ਜਾਣ ਲੱਗ ਪਏ।ਬਿਜਲੀ ਦੇ ਕੱਟਾਂ ਕਾਰਨ ਸਾਰਾ ਕਾਰੋਬਾਰ ਠੱਪ ਹੋ ਗਿਆ।ੳਧਰ ਜੰਮੂ ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਪੈਟਰਨ ਮੁਤਾਬਕ ਬਾਰਡਰ ਖੇਤਰਾਂ ਵਿਚ ਸਥਾਪਿਤ ਉਦਯੋਗਾਂ ਨੂੰ ਦਸ ਸਲ ਟੈਕਸ ਤੋਂ ਰਾਹਤ ਦੇਣ ਸਬੰਧੀ ਪੰਜਾਬ ਸਰਕਾਰ ਵੱਲੋਂ ਕੋਈ ਵੀ ਫੈਸਲਾ ਲਾਗੂ ਨਹੀਂ ਕੀਤਾ ਗਿਆ।ਜਿਸ ਕਾਰਨ ਬਟਾਲਾ ਵਿੱਚ ਬਹੁਤੇ ਉਦਯੋਗਪਤੀ ਕਾਰੋਬਾਰ ਬੰਦ ਕਰਕੇ ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਤਬਦੀਲ ਹੋ ਗਏ ।
ਬਟਾਲਾ ਸਨਅਤ ਦੀ ਸਭ ਤੋਂ ਵੱਡੀ ਸਮੱਸਿਆ ਕੱਚੇ ਮਾਲ ‘ਤੇ ਤਿਆਰ ਮਾਲ ਦੀ ਆਸਾਨ ਤੇ ਸਸਤੀ ਢੋਆ-ਢੁਆਈ ਲਈ ਚੰਗਾ ਪ੍ਰਬੰਧ ਨਾ ਹੋਣਾ ਵੀ ਸੀ।ਇਸ ਲਈ ਭਾਵੇਂ ਰੇਲਵੇ ਸ਼ਟੇਸਨ ਨੂੰ ਕਾਦੀਆਂ ਰਾਹੀਂ ਬਿਆਸ ਰੇਲਵੇ ਸਟੇਸ਼ਨ ਨਾਲ ਜੋੜਿਆ ਪਰ ਕੇਂਦਰੀ ਰੇਲਵੇ ਵਿਭਾਗ ਨੇ ਇਸ ਵੱਲ ਕੋਈ ਵੀ ਧਿਆਨ ਨਾ ਦਿੱਤਾ।ਸਭ ਤੋਂ ਵੱਧ ਪੰਜਾਬ ਸਰਕਾਰ ਵੱਲੋਂ ਬਟਾਲਾ ਸਨਅਤ ਲਈ ਭਾਰੀ ਟੈਕਸਾਂ ਦਾ ਵਾਧਾ ਕਰ ਦਿੱਤਾ ਗਿਆ।ਵੈਟ ਦੀ ਵਾਪਸੀ ਦੇਰੀ ਨਾਲ ਕੀਤੀ ਜਾਣ ਲੱਗੀ । ਜਿਸ ਕਾਰਨ ਬਟਾਲਾ ਦੇ ਲਘੂ ਉਦੋਯੋਗ ਆਰਥਿਕ ਸੰਕਟ ਕਾਰਨ ਸਹਿਕਦੇ ਹੋਏ ਦਮ ਤੋੜ ਗਏ । ਇਕ ਸਮਾਂ ਸੀ ਜਦੋਂ ਬਟਾਲਾ ਸ਼ਹਿਰ ਦਾ ਸਭ ਤੋਂ ਵੱਡਾ ਕਾਰੋਬਾਰੀ ਕਾਰਖ਼ਾਨਾ ਜਿਸ ਦਾ ਨਾਂ ਬੀਕੋ ਸੀ ਅਤੇ ਜੋ ਪਾਕਿਸਤਾਨ ਦੇ ਵਰਤਮਾਨ ਪ੍ਰਧਾਨ ਮੰਤਰੀ ਸ੍ਰੀ ਨਵਾਜ਼ ਸ਼ਰੀਫ ਦੇ ਪਿਤਾ ਸ੍ਰੀ ਸਾਬਟ ਸ਼ਾਹ ਵੱਲੋਂ ਸਥਾਪਿਤ ਕੀਤਾ ਗਿਆ ਸੀ, ਹਰੇਕ ਤਰ੍ਹਾਂ ਦੀ ਲੋਹੇ ਦੀ ਬਣੀ ਵਸਤੂ ਤਿਆਰ ਕਰਦਾ ਸੀ।ਇਸ ਕਾਰਖਾਨੇ ਵਿਚ ਲਗਭਗ 2500 ਦੇ ਕਰੀਬ ਸਨਅਤੀ ਕਾਮੇਂ ਕੰਮ ਕਰਦੇ ਸਨ, ਵੀ ਅੱਜ ਦਮ ਤੋੜ ਗਿਆ ਹੈ।ਅੰਤ ਵਿੱਚ ਬਟਾਲਾ ਸ਼ਹਿਰ ਨੂੰ ਸਨਅਤੀ ਨਕਸ਼ੇ ਤੋਂ ਮਿਟਾਉਣ ਲਈ 75 ਫ਼ੀਸਦੀ ਪੰਜਾਬ ਦੀਆਂ ਸਮੇਂ-ਸਮੇਂ ਦੀਆਂ ਸਰਕਾਰਾਂ ਦੋਸ਼ੀ ਹਨ।ਪੰਜਾਬ ਦੀਆਂ ਹੁਣ ਤੱਕ ਦੀਆਂ ਸਰਕਾਰਾਂ ਹਮੇਸ਼ਾ ਢੋਲ ਵਜਾਉਂਦੀਆਂ ਆ ਰਹੀਆ ਹਨ ਕਿ ਉਦਯੋਗੀਕਰਨ ਦੇ ਮਾਮਲੇ ‘ਚ ਕੇਂਦਰ ਸਰਕਾਰ ਨੇ ਹਮੇਸ਼ਾ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ।ਪਰ ਬਟਾਲੇ ਦੇ ਬਹੁਤੇ ਉਦਯੋਗਪਤੀ ਕਹਿੰਦੇ ਹਨ ਜਿਹੜੇ ਉਦਯੋਗ ਬਟਾਲੇ ਵਿੱਚ ਸਥਾਪਿਤ ਹੋਏ ਸਨ, ਉਹਨ੍ਹਾਂ ਨੂੰ ਪੰਜਾਬ ਸਰਕਾਰ ਨੇ ਕਿਉਂ ਨਾ ਸ਼ਾਭਿਆਂ? ਪੰਜਾਬ ਦੀਆਂ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਬਟਾਲੇ ਦੇ ਉਦਯੋਗਾਂ ਨੂੰ ਸਾਂਭਣ ਲਈ ਕੋਈ ਠੋਸ ਨੀਤੀ ਨਾ ਲਾਗੂ ਕਰਕੇ ਬਟਾਲੇ ਵਾਸੀਆਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ ।

gurmeet-s-bhoma-btl

ਲੈਕਚਰਾਰ ਗੁਰਮੀਤ ਸਿੰਘ ਭੋਮਾ
ਨੈਸ਼ਨਲ ਅਤੇ ਸਟੇਟ ਅਵਾਰਡੀ 2016,
ਗਰੇਟਰ ਕੈਲਾਸ਼ ਬਟਾਲਾ – 9781535440

Check Also

ਬੰਦੀ ਛੋੜ ਦਿਵਸ ਦੀ ਇਤਿਹਾਸਕ ਮਹੱਤਤਾ

ਸਿੱਖ ਕੌਮ ਦੇ ਨਿਰਾਲੇ ਇਤਿਹਾਸ ਨੂੰ ਬਿਆਨ ਕਰਦਾ ਬੰਦੀ ਛੋੜ ਦਿਵਸ ਕੌਮ ਵੱਲੋਂ ਸ਼ਰਧਾ ਸਤਿਕਾਰ …

Leave a Reply