Sunday, December 22, 2024

ਕੁੱਲ ਸ੍ਰਿਸ਼ਟੀ ਦਾ ਸਾਂਝਾ ਤਿਉਹਾਰ ” ਦੀਵਾਲੀ”

Diwali deep

ਜਸਵੀਰ ਸ਼ਰਮਾ ਦੱਦਾਹੂਰ

ਭਾਰਤ ਦੇਸ਼ ਰਿਸ਼ੀਆ ਮੁਨੀਆਂ ਅਤੇ ਗੁਰੂਆਂ ਦੀ ਧਰਤੀ ਹੈ। ਸਾਰੀ ਸ੍ਰਿਸ਼ਟੀ ਇਕੋ ਅਕਾਲ ਪੁਰਖ ਦੀ ਸਾਜੀ ਹੋਈ ਔਲਾਦ ਹੈ। ਹਿੰਦੂ ਸਿਖ ਮੁਸਲਿਮ ਈਸਾਈ ਸਾਰੇ ਧਰਮ ਅਸੀ ਆਪ ਹੀ ਬਣਾਏ ਹਨ। ਪਰ ਇਸ ਵਿਚ ਕੋਈ ਵੀ ਸ਼ੱਕ ਨਹੀਂ ਕਿ ਭਾਵੇਂ ਹਰ ਧਰਮਾਂ ਨੇ ਆਪੋ ਆਪਣੇ ਗੁਰੂ ਧਾਰਨ ਕੀਤੇ ਹੋਏ ਹਲ, ਪਰ ਬਿਲਕੁੱਲ ਹਕੀਕਤ ਹੈ ਕਿ ਸਾਰੇ ਹੀ ਧਰਮਾਂ ਦੇ ਲੋਕ (ਹਿੰਦੂ ਸਿੱਖ ਈਸਾਈ ਤੇ ਮੁਸਲਿਮ) ਸ਼ਰਧਾ ਨਾਲ ਦਸ ਗੁਰੂਆਂ ਦੀ ਜੋਤ ਤੇ ਉਨਾਂ ਦੀ ਲਿਖੀ ਹੋਈ ਬਾਣੀ ਭਾਵ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸ਼ਰਧਾ ਸਤਿਕਾਰ ਨਾਲ ਸਜਦਾ ਕਰਦੇ ਹਨ। ਇਸ ਕਰਕੇ ਹੀ ਇਹ ‘ ਦੀਵਾਲੀ ‘ ਤਿਉਹਾਰ ਸਾਰੀ ਹੀ ਸਾਜੀ ਸ੍ਰਿਸ਼ਟੀ ਦਾ ਸਾਂਝਾ ਤਿਉਹਾਰ ਮੰਨਿਆ ਗਿਆ ਹੈ। ਇਸ ਨੂੰ ਸਾਰੇ ਹੀ ਲੋਕ ਖੁਸ਼ੀਆਂ ਖੇੜਿਆਂ ਨਾਲ ਮਨਾਉਂਦੇ ਹਨ।
ਇਸੇ ਦਿਨ ਹੀ ਸ੍ਰੀ ਰਾਮ ਚੰਦਰ ਜੀ 20 ਸਾਲ ਦਾ ਬਨਵਾਸ ਕੱਟ ਕੇ ਅਯੁੱਧਿਆ ਵਾਪਸ ਪਹੁੰਚਣ ਤੇ ਸਾਰੇ ਹੀ ਲੋਕਾਂ ਨੇ ਸ਼ਰਧਾ ਪਿਆਰ ਨਾਲ ਦੇਸੀ ਘਿਉ ਦੇ ਦੀਵੇ ਜਗਾ ਕੇ ਖੁਸ਼ੀਆਂ ਦਾ ਇਜਹਾਰ ਕੀਤਾ ਸੀ। ਦੀਵਾਲੀ ਤੋਂ 20 ਦਿਨ ਪਹਿਲਾਂ ਮਨਾਉਣ ਵਾਲਾ ਤਿਉਹਾਰ ਵੀ ਇਸੇ ਕੜੀ ਤਹਿਤ ਹੀ ਮਨਾਇਆ ਜਾਂਦਾ ਹੈ ਕਿ ਰਾਮ ਚੰਦਰ ਦੇ 20 ਸਾਲ ਦੇ ਬਨਵਾਸ ਦੌਰਾਨ ਹੀ ਚਾਰਾਂ ਵੇਦਾਂ ਦੇ ਗਿਆਤਾ ਤੇ ਟੀਕਾਕਰਨ ਪੰਡਤ ਰਾਵਨ ਨੇ ਸੀਤਾ ਦਾ ਹਰਨ ਕੀਤਾ ਸੀ ਤੇ ਸੀਤਾ ਨੂੰ ਉਸਦੇ ਚੁੰਗਲ ਤੋਂ ਛੁਡਵਾਉਣ ਕਰਕੇ ਹੀ ਭਿਆਨਕ ਯੁੱਧ ਦੀ ਸ਼ੁਰੂਆਤ ਹੋਈ ਤੇ ਰਾਵਨ ਦੀ ਸੋਨੇ ਦੀ ਲੰਕਾ ਸਾੜ ਕੇ ਸਵਾਹ ਹੋ ਗਈ ਸੀ। ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਇਹ ਦੁਸਹਿਰਾ ਤਿਉਹਾਰ ਦੀਵਾਲੀ ਤੋਂ 20 ਦਿਨ ਪਹਿਲਾਂ ਮਨਾਇਆ ਜਾਂਦਾ ਹੈ। ਅਜੋਕੇ ਮਾਡਰਨ ਜਮਾਨੇ ਵਿਚ ਇਹ ਤਿਉਹਾਰ ਤੇ ਲੱਖਾਂ ਰੁਪੈ ਖਰਚ ਕੀਤੇ ਜਾਂਦੇ ਹਨ ਤੇ ਬਹੁਤ ਖਤਰਨਾਕ ਕਿਸਮ ਦੇ ਬੰਬਾਂ ਨਾਲ ਰਾਵਨ, ਕੁੰਭਕਰਨ ਅਤੇ ਮੇਘਨਾਥ ਦੇ ਬੁੱਤ ਬਣਾ ਕੇ ਉਨਾਂ ਨੂੰ ਦਿਨ ਦੇ ਛੁਪਣ ਨਾਲ ਅਗਨੀ ਭੇਂਟ ਕੀਤਾ ਜਾਂਦਾ ਹੈ, ਪਰ ਉਨਾਂ ਪਟਾਖਿਆਂ ਵਿਚੋਂ ਜਹਿਰੀਲਾ ਧੂੰਆਂ ਤੇ ਖਤਰਨਾਕ ਅਵਾਜਾਂ ਨਾਲ ਜਿਥੇ ਇਨਸਾਨੀਅਨ ਉਪਰ ਭੈੜਾ ਅਸਰ ਪੈਂਦਾ ਹੈ ਉਥੇ ਖਤਰਨਾਕ ਬੀਮਾਰੀਆਂ ਵੀ ਲੱਗਦੀਆਂ ਹਨ। ਇਕ ਪੁਰਾਤਨ ਕਥਾ ਦੇ ਮੁਤਾਬਕ ਅਧ ਸੜੀਆਂ ਲੱਕੜਾਂ ਲੋਕ ਘਰਾਂ ਨੂੰ ਲੈ ਜਾਂਦੇ ਹਨ ਕਿ ਇਨਾਂ ਦੇ ਘਰਾਂ ਵਿਚ ਰੱਖਣ ਨਾਲ ਕੋਈ ਡਰ ਜਾਂ ਭੈਅ ਘਰਾਂ ਵਿਚ ਨਹੀਂ ਆਉਂਦਾ, ਪਰ ਇਹ ਸਭ ਮਿਥਿਹਾਸਕ ਗੱਲਾਂ ਹਨ। ਇਨਾਂ ਦਾ ਇਤਹਾਸ ਨਾਲ ਕੋਈ ਦੂਰ ਦਾ ਸਬੰਧ ਨਹੀਂ ਹੈ। ਦੁਸਹਿਰੇ ਤੋਂ ਕੁੱਝ ਦਿਨ ਪਹਿਲਾਂ ਰਾਮ ਲੀਲਾ ਦਾ ਆਯੋਜਨ ਕੀਤਾ ਜਾਂਦਾ ਹੈ, ਜਿਸ ਵਿਚ ਰਾਮ ਚੰਦਰ ਦੇ ਜੀਵਨ ਪ੍ਰਤੀ ਤੇ ਬਨਵਾਸ ਵਿਚ ਵਾਪਰੀ ਸਾਰੀ ਹੀ ਸਥਿਤੀ ਨੂੰ ਬਾਖੂਬੀ ਸਟੇਜਾਂ ਤੋਂ ਵਿਖਾਇਆ ਜਾਂਦਾ ਹੈ, ਰਾਮ ਲੀਲਾ ਵਾਕਿਆ ਹੀ ਵੇਖਣ ਵਾਲਾ ਨਜਾਰਾ ਹੁੰਦਾ ਹੈ।
ਸਿਖ ਧਰਮ ਵਿਚ ਵੀ ਦੀਵਾਲੀ ਦੀ ਬਹੁਤ ਹੀ ਖਾਸ ਮਹੱਤਤਾ ਹੈ। ਇਤਹਾਸ ਦੇ ਮੁਤਾਬਕ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਇਸੇ ਦਿਨ ਹੀ ਮੁਗਲ ਸਾਮਰਾਜ ਦੀ ਹਕੂਮਤ ਤੋਂ 52 ਹਿੰਦੂ ਰਾਜਿਆਂ ਨੂੰ ਅਜ਼ਾਦ ਕਰਵਾਇਆ ਸੀ ਜੋ ਕਿ ਮੁਗਲ ਸਾਮਰਾਜ ਨੇ ਬੰਦੀ ਬਣਾ ਰੱਖੇ ਸਨ। ਇਸ ਇਤਹਾਸਕ ਘਟਨਾ ਕ੍ਰਮ ਦਾ ਅਸਰ ਗੁਰਸਿੱਖ ਪਰਿਵਾਰਾਂ ਤੇ ਪਿਆ ਕਰਕੇ ਹੀ ਖੁਸ਼ੀ ਵਿਚ ਖੀਵੇ ਹੋਏ ਪਰਿਵਾਰਾਂ ਨੇ ਆਪੋ ਆਪਣੇ ਘਰਾਂ ਵਿਚ ਘਿਉ ਦੇ ਦੀਵੇ ਬਾਲ ਕੇ ਖੁਸ਼ੀ ਦਾ ਇਜਹਾਰ ਕੀਤਾ ਤੇ ਪਟਾਖੇ ਚਲਾ ਕੇ ਸੱਚੇ ਰਹਿਬਰ ਦੀਨ ਦੁਨੀ ਦੇ ਵਾਲੀ ਛੇਵੇ ਪਾਤਸ਼ਾਹ ਮਹਾਰਾਜ ਜੀ ਗੁਰੂ ਹਰਗੋਬਿੰਦ ਸਿੰਘ ਜੀ ਮਹਾਰਾਜ ਦੀ ਇਸ ਅਦੁੱਤੀ ਕਾਰਨਾਮੇ ਦੀ ਖੁਸ਼ੀ ਜਾਹਿਰ ਕੀਤੀ। ਇਸ ਲਈ ਜੇਕਰ ਕਹਿ ਲਈਏ ਕਿ ਇਹ ਤਿਉਹਾਰ ਕੁਲ ਲੁਕਾਵੀ (ਕੁਲ ਮਾਨਵਤਾ) ਦਾ ਸਾਂਝਾ ਤਿਉਹਾਰ ਹੈ ਤਾਂ ਕੋਈ ਅਤਿ ਕਥਨੀ ਨਹੀਂ ਹੈ। ਪਰ ਅਜੋਕੇ ਲੋਕ ਇਸ ਦਿਨ ਰੱਜ ਕੇ ਨਸ਼ੇ ਵੀ ਕਰਦੇ ਹਨ ਤੇ ਜੂਆ ਵੀ ਖੇਡਦੇ ਹਨ। ਜੋ ਕਿ ਬਹੁਤ ਹੀ ਗਲਤ ਵਰਤਾਰਾ ਹੈ। ਇਸ ਦਿਨ ਨੂੰ ਜਿਥੇ ਸਾਨੂੰ ਸਭਲਾਂ ਨੂੰ ਰਲ ਮਿਲ ਕੇ ਮਨਾਉਣਾ ਚਾਹੀਦਾ ਹੈ। ਉਥੇ ਇਸ ਅਤੀਤ ਨਾਲ ਜੂੜੇ ਤਿਉਹਾਰਾਂ ਤੋਂ ਕੋਈ ਸਿੱਖਿਆ ਵੀ ਗ੍ਰਹਿਣ ਕਰਨੀ ਚਾਹੀਦੀ ਹੈ। ਕਿ ਕਿਵੇਂ ਸਾਡੇ ਵੱਡੇ ਵਡੇਰੇ ਆਪਣੇ ਮਾਤਾ ਪਿਤਾ ਦੇ ਹੁਕਮ ਸਿਰ ਮੱਥੇ ਮੰਨ ਕੇ 20/20 ਸਾਲਾਂ ਦੀ ਬਨਵਾਸ ਕੱਟਦੇ ਰਹੇ ਹਨ ਤੇ ਕਿਵੇਂ ਸਾਡੇ ਗੁਰੂ ਸਾਹਿਬਾਨਾਂ ਨੇ ਸਮੁੱਚੀ ਮਾਨਵਤਾ ਦੀ ਭਲਾਈ ਲਈ ਲੜਾਈ ਦੀ ਪ੍ਰਵਾਹ ਨਾ ਕਰਦਿਆਂ ਨਿਰਦੋਸ ਹਿੰਦੂ ਰਾਜਿਆਂ ਨੂੰ ਮੁਗਲਾਂ ਦੇ ਚੁੰਗਲ ਵਿੱਚੋਂ ਆਜ਼ਾਦ ਕਰਵਾਇਆ। ਸਾਨੂੰ ਸਾਰਿਆਂ ਨੂੰ ਖਤਰਨਾਕ ਪਟਾਖਿਆਂ ਤੋਂ ਦੂਰ ਰਹਿਕੇ ਭਰਾਤਰੀ ਭਾਈਚਾਰੇ ਨਾਲ ਐਸੇ ਤਿਉਹਾਰ ਮਨਾ ਕੇ ਸੱਚੀ ਮਨੁੱਖਤਾ ਦਾ ਸਬੂਤ ਦੇਣਾ ਚਾਹੀਦਾ ਹੈ ਤੇ ਬੱਚਿਆਂ ਨੂੰ ਖਤਰਨਾਕ ਪਟਾਖਿਆਂ ਤੋਂ ਦੂਰ ਰੱਖੋ। ਜੇਕਰ ਹੋ ਸਕੇ ਤਾਂ ਪਟਾਖਿਆਂ ਤੋਂ ਪ੍ਰਹੇਜ ਹੀ ਕੀਤਾ ਜਾਵੇ ਕਿਉਂਕਿ ਖਤਰਨਾਕ ਗੰਧ ਨਾਲ ਬਹੁਤ ਪ੍ਰਦੂਸ਼ਨ ਫੈਲਦਾ ਹੈ ਜੋ ਕਿ ਮਨੁੱਖਤਾ ਲਈ ਜਾਨਲੇਵਾ ਹੈ। ਖੁਸ਼ੀਆਂ ਸਾਂਝੀਆਂ ਜਰੂਰ ਕਰੋ ਤੇ ਨੇਕ ਕੰਮ ਕਰਕੇ ਸਮਾਜ ਭਲਾਈ ਦੇ ਕੰਮਾਂ ਵਿਚ ਵੱਧ ਤੋਂ ਵੱਧ ਸਹਿਯੋਗ ਦੇ ਕੇ ਗੁਰੂ ਸਾਹਿਬਾਨਾਂ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ। ਇਸ ਤਿਉਹਾਰ ਤੋਂ ਮਾਤਾ ਪਿਤਾ ਦਾ ਆਦਰ ਤੇ ਉਨਾਂ ਦਾ ਕਿਹਾ ਸਿਰ ਮੱਥੇ ਪ੍ਰਵਾਨ ਕਰਨ ਦਾ ਸੰਦੇਸ਼ ਵੀ ਮਿਲਦਾ ਹੈ ਜਿਸ ਤੋਂ ਕਿ ਅਜੋਕੀ ਲੁਕਾਈ ਮੁਖ ਮੋੜ ਰਹੀ ਹੈ।

ਜਸਵੀਰ ਸ਼ਰਮਾ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ।
ਮੋ: 94176-22046

Check Also

ਬੰਦੀ ਛੋੜ ਦਿਵਸ ਦੀ ਇਤਿਹਾਸਕ ਮਹੱਤਤਾ

ਸਿੱਖ ਕੌਮ ਦੇ ਨਿਰਾਲੇ ਇਤਿਹਾਸ ਨੂੰ ਬਿਆਨ ਕਰਦਾ ਬੰਦੀ ਛੋੜ ਦਿਵਸ ਕੌਮ ਵੱਲੋਂ ਸ਼ਰਧਾ ਸਤਿਕਾਰ …

Leave a Reply