ਨਵੀਂ ਦਿੱਲੀ, 18 ਮਾਰਚ (ਪੰਜਾਬ ਪੋਸਟ ਬਿਊਰੋ)- 20 ਮਾਰਚ 1929 ਨੂੰ ਜਨਮੇ ਜਥੇਦਾਰ ਸੰਤੋਖ ਸਿੰਘ ਦੇ 89ਵੇਂ ਜਨਮ ਦਿਹਾੜੇ ਮੌਕੇ ਜਥੇਦਾਰ ਸੰਤੋਖ ਸਿੰਘ ਯਾਦਗਾਰੀ ਕਮੇਟੀ ਵੱਲੋਂ ਵਿਗਿਆਨ ਭਵਨ ਵਿਖੇ ਦੇਸ਼ ਦੇ ਖਜਾਨਾ ਅਤੇ ਰੱਖਿਆ ਮੰਤਰੀ ਅਰੁਣ ਜੇਟਲੀ ਵੱਲੋਂ ‘‘ਸਰਦਾਰ-ਏ-ਆਜ਼ਮ ਜਥੇਦਾਰ ਸੰਤੋਖ ਸਿੰਘ’ ਕਿਤਾਬ ਜਾਰੀ ਕਰਵਾਈ ਜਾਵੇਗੀ। ਇਸ ਬਾਰੇ ਯਾਦਗਾਰੀ ਕਮੇਟੀ ਦੇ ਕਨਵੀਨਰ ਤੇ ਸਿੱਖ ਚਿੰਤਕ ਬਲਬੀਰ ਸਿੰਘ ਕੋਹਲੀ, ਮੈਂਬਰ ਡਾ. ਜਸਪਾਲ ਸਿੰਘ ਸਾਬਕਾ ਵਾਇਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ, ਤ੍ਰਿਲੋਚਨ ਸਿੰਘ ਸਾਬਕਾ ਰਾਜ ਸਭਾ ਮੈਂਬਰ ਅਤੇ ਅਮਰਜੀਤ ਸਿੰਘ ਭਾਟੀਆ ਪਰਿਵਾਰਕ ਮਿੱਤਰ ਨੇ ਜਾਣਕਾਰੀ ਦਿੰਦੇ ਹੋਏ ਜਥੇਦਾਰ ਨੂੰ ਸੱਚਾ ਰਾਸ਼ਟਰਵਾਦੀ ਅਤੇ ਕੌਮਪ੍ਰਸਤ ਐਲਾਨਿਆ।
ਤ੍ਰਿਲੋਚਨ ਸਿੰਘ ਨੇ ਅਫਸੋਸ ਜਤਾਇਆ ਕਿ ਜਥੇਦਾਰ ਜੀ ਨੂੰ ਸਿੱਖ ਇਤਿਹਾਸਕਾਰਾਂ ਨੇ ਬਣਦਾ ਰੁੱਤਬਾ ਦੇਣ ਦੀ ਕੋਸ਼ਿਸ਼ ਨਹੀਂ ਕੀਤੀ।ਜਿਨ੍ਹੇ ਕਾਰਜ ਉਨ੍ਹਾਂ ਨੇ ਗੁਰਧਾਮਾਂ ਦੀ ਸਾਂਭ-ਸੰਭਾਲ ਅਤੇ ਮਾਣਮਤੇ ਵਿਦਿਅਕ ਅਦਾਰਿਆਂ ਦੀ ਸਥਾਪਨਾ ਲਈ ਕੀਤੇ ਉਨ੍ਹਾਂ ਨੂੰ ਅਣਗੋਲਿਆਂ ਕਰਨ ਦੀ ਕੋਸ਼ਿਸ਼ ਕੀਤੀ ਗਈ।ਤ੍ਰਿਲੋਚਨ ਸਿੰਘ ਨੇ ਜਥੇਦਾਰ ਜੀ ਨੂੰ ਮਾਹਿਰ ਨਜਿਠਣਕਾਰ ਦੱਸਦੇ ਹੋਏ ਉਨ੍ਹਾਂ ਵੱਲੋਂ ਜਵਾਹਰ ਲਾਲ ਨਹਿਰੂ, ਲਾਲ ਬਹਾਦਰ ਸ਼ਾਸ਼ਤਰੀ ਸਣੇ ਇੰਦਰਾ ਗਾਂਧੀ ਤਕ ਸਾਰੇ ਪ੍ਰਧਾਨ ਮੰਤਰੀਆਂ ਨਾਲ ਸਿੱਖ ਕੌਮ ਦੀ ਬਿਹਤਰੀ ਲਈ ਕੌਮ ਦੇ ਹੱਕਾਂ ਵਿਚ ਕਰਵਾਏ ਗਏ ਫੈਸਲਿਆਂ ਦਾ ਚੇਤਾ ਕਰਵਾਇਆ। ਤ੍ਰਿਲੋਚਨ ਸਿੰਘ ਨੇ ਕਿਹਾ ਕਿ ਜਥੇਦਾਰ ਜੀ ਦੀ ਦਿੱਲੀ ਦੇ ਸਿੱਖ ਇਤਿਹਾਸ ਵਿਚ ਭੂਮਿਕਾ ਬਹੁਤ ਵੱਡੀ ਸੀ ਇਸ ਕਰਕੇ ਬਤੌਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹਿੰਦੇ ਹੋਏ ਕੌਮੀ ਮਸਲਿਆਂ ’ਤੇ ਉਨ੍ਹਾਂ ਦਾ ਡੱਟ ਕੇ ਖਲੋਣਾ ਦਿੱਲੀ ਕਮੇਟੀ ਲਈ ਵਕਾਰ ਵਾਲਾ ਸਾਬਿਤ ਹੋਇਆ।
ਡਾ. ਜਸਪਾਲ ਸਿੰਘ ਨੇ ਕਿਹਾ ਕਿ ਬੇਸ਼ਕ ਜਥੇਦਾਰ ਜੀ 6 ਜਮਾਤਾਂ ਪਾਸ ਸਨ ਪਰ ਉਨ੍ਹਾਂ ਵੱਲੋਂ ਵਿੱਦਿਅਕ ਖੇਤਰ ਵਿਚ ਕੀਤੇ ਗਏ ਕੰਮਾਂ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਹੈ।ਇਸ ਸੰਬੰਧ ਵਿਚ ਡਾ. ਜਸਪਾਲ ਸਿੰਘ ਨੇ ਖਾਲਸਾ ਸਕੂਲਾਂ ਨੂੰ ਇੰਗਲਿਸ਼ ਮੀਡੀਅਮ ਸਕੂਲਾਂ ਦੇ ਤੌਰ ਤੇ ਸਮੇਂ ਦਾ ਹਾਨੀ ਬਣਾਉਣ ਲਈ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੀ ਲੜੀ 1965 ਵਿਚ ਇੰਡੀਆ ਗੇਟ ਬਾਂ੍ਰਚ ਤੋਂ ਸ਼ੁਰੂ ਕਰਨ ਦਾ ਹਵਾਲਾ ਦਿੰਦੇ ਹੋਏ ਦੇਸ਼-ਵਿਦੇਸ਼ ਵਿਚ ਉਸਦੀ ਦੇਖਾ-ਦੇਖੀ ਖੁਲੇ ਸੈਂਕੜੇ ਪੰਥਕ ਸਕੂਲਾਂ ਦੀ ਜਾਣਕਾਰੀ ਦਿੱਤੀ। ਡਾ. ਜਸਪਾਲ ਸਿੰਘ ਨੇ ਜਥੇਦਾਰ ਜੀ ਵਲੋਂ 1967 ਵਿਚ ਮਾਤਾ ਸੰੁਦਰੀ ਕਾਲਜ ਦੀ ਸ਼ੁਰੂਆਤ, 1968 ਵਿਚ ਖਾਲਸਾ ਕਾਲਜ ਦਾ ਨੀਂਹ ਪੱਥਰ, 1973 ਵਿਚ ਖਾਲਸਾ ਕਾਲਜ ਦੀ ਸ਼ੁਰੂਆਤ ਸਣੇ ਕੌਮ ਦੇ ਬੱਚਿਆਂ ਨੂੰ ਵਿਦਿਆ ਦਿਵਾਉਣ ਲਈ ਚੁੱਕੇ ਗਏ ਕਈ ਕ੍ਰਾਂਤੀਕਾਰੀ ਕਦਮਾਂ ਨੂੰ ਯਾਦ ਕੀਤਾ।
ਡਾ. ਜਸਪਾਲ ਸਿੰਘ ਨੇ ਦਿੱਲੀ ਦੇ ਇਤਿਹਾਸਿਕ ਗੁਰਧਾਮਾ ਲਈ ਬਾਬਾ ਬਘੇਲ ਸਿੰਘ, ਜਥੇਦਾਰ ਸੰਤੋਖ ਸਿੰਘ ਅਤੇ ਪੰਥ ਰਤਨ ਬਾਬਾ ਹਰਬੰਸ ਸਿੰਘ ਕਾਰਸੇਵਾ ਵਾਲਿਆਂ ਵੱਲੋਂ ਨਿਭਾਈ ਗਈ ਇਤਿਹਾਸਿਕ ਭੂਮਿਕਾ ਨੂੰ ਦਿੱਲੀ ਦੇ ਸਿੱਖ ਇਤਿਹਾਸ ਦੀ ਨਾ ਭੁਲਣ ਵਾਲੀ ਵਿਰਾਸਤ ਦੱਸਿਆ। ਬਾਬਾ ਬਘੇਲ ਸਿੰਘ ਵੱਲੋਂ 1783 ਵਿਚ ਦਿੱਲੀ ਫਤਹਿ ਤੋਂ ਬਾਅਦ ਇਤਿਹਾਸਿਕ ਗੁਰਧਾਮਾ ਦੀ ਨਿਸ਼ਾਨਦੇਹੀ ਲਈ ਰਾਜ ਕੁਰਬਾਣ ਕਰਨ, ਜਥੇਦਾਰ ਸੰਤੋਖ ਸਿੰਘ ਵੱਲੋਂ ਇਤਿਹਾਸਿਕ ਗੁਰਧਾਮਾ ਦੇ ਨਾਲ ਲਗਦੀਆਂ ਜਮੀਨਾਂ ਗੁਰਧਾਮਾਂਨੂੰ ਦਿਵਾਉਣ ਅਤੇ ਬਾਬਾ ਹਰਬੰਸ ਸਿੰਘ ਵੱਲੋਂ ਉਕਤ ਸਥਾਨਾਂ ’ਤੇ ਕਰਵਾਈ ਗਈ ਕਾਰ ਸੇਵਾ ਰੂਪੀ ਉਸਾਰੀ ਨੂੰ ਸਿੱਖ ਇਤਿਹਾਸ ਦਾ ਨਾ ਭੁੱਲਣਯੋਗ ਅਨਖਿੜਵਾਂ ਅੰਗ ਦੱਸਿਆ। ਇਥੇ ਇਹ ਦਸ ਦੇਈਏ ਕਿ ਉਕਤ ਪੁਸਤਕ ਨੂੰ ਪ੍ਰਸਿੱਧ ਇਤਿਹਾਸਕਾਰ ਡਾ. ਹਰਬੰਸ ਕੌਰ ਸੱਗੂ ਅਤੇ ਸੀਨੀਅਰ ਪੱਤਰਕਾਰ ਜਸਵੰਤ ਸਿੰਘ ਅਜੀਤ ਵੱਲੋਂ ਸਾਂਝੇ ਤੌਰ ਤੇ ਜਥੇਦਾਰ ਜੀ ਨਾਲ ਰਹੇ ਆਪਣੇ ਨਜ਼ਦੀਕੀ ਸਬੰਧਾਂ ਦੀ ਯਾਦ ਦੇ ਅਧਾਰ `ਤੇ ਸੰਪਾਦਨ ਕੀਤਾ ਗਿਆ ਹੈ।
Check Also
9 ਰੋਜ਼ਾ ਦੋਸਤੀ ਇੰਟਰਨੈਸ਼ਨਲ ਥੀਏਟਰ ਫੈਸਟੀਵਲ ’ਚ ਹਿੱਸਾ ਲੈ ਕੇ ਲਾਹੌਰ ਤੋਂ ਵਤਨ ਪਰਤੇ ਮੰਚ-ਰੰਗਮੰਚ ਦੇ ਕਲਾਕਾਰ
ਅੰਮ੍ਰਿਤਸਰ, 20 ਨਵੰਬਰ (ਪੰਜਾਬ ਪੋਸਟ ਬਿਊਰੋ) – ਅਜੋਕਾ ਥੀਏਟਰ ਲਾਹੌਰ (ਪਾਕਿਸਤਾਨ) ਵਲੋਂ ਕਰਵਾਏ ਗਏ 9 …