Friday, July 19, 2024

(ਬਰਸੀ ਤੇ ਵਿਸ਼ੇਸ) “ਵਿਲੱਖਣਤਾ ਭਰਪੂਰ ਸ਼ਖ਼ਸੀਅਤ ਸਨ ਮਹਾਰਾਜਾ ਰਣਜੀਤ ਸਿੰਘ”

PPA020701
 ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਦੀ ਗੱਲ ਕਰਨ ਲੱਗਿਆ ਉਸ ਦੀ ਸ਼ਖ਼ਸੀਅਤ ਦੇ ਕਿਸੇ ਵੀ ਪੱਖ ਨੂੰ ਵਿਸਾਰਿਆ ਨਹੀਂ ਜਾ ਸਕਦਾ ।ਮਹਾਰਾਜਾ ਰਣਜੀਤ ਸਿੰਘ ਜਿੱਥੇ ਆਪਣੀ ਦੂਰ ਅੰਦੇਸ਼ੀ ਸੋਚ ਸਦਕਾ ਇੱਕ ਮਿਸਲ ਦੇ ਸਰਦਾਰ ਤੋਂ ਪੰਜਾਬ ਰਾਜ ਦੇ ਸ਼ਾਸਕ ਬਣ ਗਏ, ਉੱਥੇ ਹੀ ਇੱਕ ਧਰਮ-ਨਿਰਪੱਖ ਅਤੇ ਸ਼ਕਤੀਸਾਲੀ ਸਾਮਰਾਜ ਦੀ ਸਥਾਪਨਾ ਕੀਤੀ।ਮਹਾਰਾਜਾ ਰਣਜੀਤ ਸਿੰਘ ਦਾ ਜਨਮ 13  ਨਵੰਬਰ 1780  ਈ. ਨੂੰ ਗੁੱਜਰਾਵਾਲਾ (ਪਾਕਿਸਤਾਨ) ਵਿੱਚ ਪਿਤਾ ਮਹਾਂ ਸਿੰਘ ਅਤੇ ਮਾਤਾ ਰਾਜ ਕੌਰ ਦੇ ਘਰ ਹੋਇਆ।ਆਪ ਦਾ ਸਬੰਧ ਸ਼ੁਕਰਾਚਾਰੀਆਂ ਮਿਸਲ ਨਾਲ ਸੀ ਅਤੇ ਪਿਤਾ ਮਹਾਂ ਸਿੰਘ ਇਸ ਮਿਸਲ ਦੇ ਸਰਦਾਰ ਸਨ।ਰਣਜੀਤ ਸਿੰਘ ਨੇ ਯੁੱਧ ਲੜਨ ਦੀ ਸ਼ੁਰੂਆਤ ਬਚਪਨ ਵਿੱਚ ਹੀ ਕਰ ਦਿੱਤੀ ਅਤੇ ਆਪਣਾ ਪਹਿਲਾ ਯੁੱਧ ਭੰਗੀਆਂ ਦੇ ਖਿਲਾਫ ਲੜਿਆ ਸੀ।ਪਿਤਾ ਨੇ ਆਪਣੀ ਬਿਮਾਰੀ ਦੇ ਚਲਦਿਆਂ ਬਚਪਨ ਵਿੱਚ ਹੀ ਰਣਜੀਤ ਸਿੰਘ ਨੂੰ ਮਿਸਲ ਦਾ ਸਰਦਾਰ ਥਾਪ ਦਿੱਤਾ ਸੀ।1792  ਈ.ਵਿੱਚ ਪਿਤਾ ਮਹਾਂ ਸਿੰਘ ਪ੍ਰਲੋਕ ਸੁਧਾਰ ਗਏ, ਇਸ ਸਮੇਂ ਰਣਜੀਤ ਸਿੰਘ ਦੀ ਉਮਰ 12 ਸਾਲ ਸੀ।ਉਹਨਾਂ ਦਾ ਪਾਲਣ-ਪੋਸ਼ਣ ਉਹਨਾਂ ਦੀ ਮਾਤਾ ਰਾਜ ਕੌਰ ਦੀ ਦੇਖ-ਰੇਖ ਵਿੱਚ ਹੋਇਆ।ਇਸ ਸਮੇਂ ਦੌਰਾਨ ਮਾਤਾ ਰਾਜ ਕੌਰ ਨੇ ਦਿਵਾਨ ਲੱਖਪੱਤ ਰਾਏ ਦੀ ਮਦਦ ਨਾਲ ਰਾਜ ਨੂੰ ਸੰਭਾਲਿਆ।ਬਚਪਨ ਵਿੱਚ ਰਣਜੀਤ ਸਿੰਘ ਚੇਚਕ ਦੀ ਬਿਮਾਰੀ ਤੋਂ ਪੀੜਤ ਹੋ ਗਏ ਸਨ, ਜਿਸ ਕਾਰਨ ਉਹਨਾਂ ਦੀ ਇੱਕ ਅੱਖ ਹਮੇਸ਼ਾ ਲਈ ਜਾਂਦੀ ਰਹੀ ਅਤੇ ਉਹਨਾਂ ਦੇ ਚਿਹਰੇ ਤੇ ਚੇਚਕ ਦੇ ਨਿਸ਼ਾਨ ਸਦਾ ਲਈ ਰਹਿ ਗਏ।
 16  ਸਾਲ ਦੀ ਉਮਰ ਵਿੱਚ ਰਣਜੀਤ ਸਿੰਘ ਦਾ ਵਿਆਹ ਘਨੱ੍ਹਈਆਂ ਮਿਸਲ ਦੇ ਸਰਦਾਰ ਗੁਰਬਖ਼ਸ਼ ਸਿੰਘ ਅਤੇ ਸਰਦਾਰਨੀ ਸਦਾ ਕੌਰ ਦੀ ਧੀ ਮਹਿਤਾਬ ਕੌਰ ਨਾਲ ਹੋਇਆ। ਦੋਵਾਂ ਮਿਸਲਾਂ ਦੀ ਆਪਸੀ ਸਾਂਝ ਨਾਲ ਰਣਜੀਤ ਸਿੰਘ ਦੀ ਤਾਕਤ ਹੋਰ ਵੱਧ ਗਈ।ਸੱਸ ਸਦਾ ਕੌਰ ਦੀ ਮਦਦ ਸਦਕਾ ਰਣਜੀਤ ਸਿੰਘ ਉਨਤੀ ਦੀਆਂ ਪੌੜੀਆਂ ਚੜ੍ਹਦਾ ਗਿਆ।ਰਣਜੀਤ ਸਿੰਘ ਨੇ ੧੮ ਸਾਲ ਦੀ ਉਮਰ ਵਿੱਚ ਆਪਣੀ ਮਿਸਲ ਨੂੰ ਪੂਰੀ ਤਰ੍ਹਾਂ ਸੰਭਾਲ ਲਿਆ ਸੀ ਅਤੇ ਹੋਰ ਮਿਸਲਾਂ ਨੂੰ ਫ਼ਤਿਹ ਕਰ ਸਿੱਖ ਸਲਤਨਤ ਦੀ ਨੀਂਹ ਰੱਖੀ।ਇਸ ਦੇ ਨਾਲ ਹੀ ਲਾਹੌਰ ਤੇ ਕਬਜਾ ਕਰ 12  ਅਪ੍ਰੈਲ ਵਿਸਾਖੀ ਵਾਲੇ ਦਿਨ ਉਸਨੂੰ ਆਪਣੇ ਰਾਜ ਦੀ ਰਾਜਧਾਨੀ ਬਣਾ ਲਿਆ।ਰਣਜੀਤ ਸਿੰਘ ਨੇ ਮੁਲਤਾਨ , ਪੇਸ਼ਾਵਰ , ਜੰਮੂ , ਕਸ਼ਮੀਰ ਅਤੇ ਆਨੰਦਪੁਰ ਦੇ ਪਹਾੜੀ ਇਲਾਕੇ ਉੱਤੇ ਕਬਜਾ ਕੀਤਾ।ਜਿਸ ਵਿੱਚ ਵੱਡਾ ਇਲਾਕਾ ਕਾਂਗੜਾ ਦਾ ਸੀ। 1802 ਵਿੱਚ ਅੰਮ੍ਰਿਤਸਰ ਫ਼ਤਿਹ ਕੀਤਾ ਅਤੇ 1818 ਵਿਚ ਮੁਲਤਾਨ ਅਟਕ, 1819 ਵਿਚ ਕਸ਼ਮੀਰ, 1820 ਵਿੱਚ ਡੇਰਾ ਗਾਜੀ ਖ਼ਾਨ ਅਤੇ 1821 ਵਿੱਚ ਡੇਰਾ ਇਸਮਾਈਲ ਖ਼ਾਨ ਅਤੇ 1834 ਵਿੱਚ ਪੇਸ਼ਾਵਰ ਨੂੰ ਆਪਣੇ ਰਾਜ ਵਿੱਚ ਸ਼ਾਮਿਲ ਕਰ ਲਿਆ।ਰਣਜੀਤ ਸਿੰਘ ਦੀ ਬਹਾਦਰੀ ਦਾ ਲੋਹਾ ਅੰਗਰੇਜ਼ਾਂ, ਫਰਾਂਸੀਸੀਂ, ਰੂਸੀ ਅਤੇ ਅਫ਼ਗਾਨੀ ਸਲਤਨਤਾਂ ਨੇ ਵੀ ਮੰਨਿਆਂ।ਰਣਜੀਤ ਸਿੰਘ ਨੇ ਆਪਣੀ ਫੌਜ਼ ਵਿੱਚ ਯੂਰਪੀ ਅਫ਼ਸਰ ਭਰਤੀ ਕਰ ਫੌਜ਼ ਦਾ ਆਧੁਨਿਕੀਕਰਨ ਕੀਤਾ।
  ਰਣਜੀਤ ਸਿੰਘ ਘੋੜ ਸਵਾਰੀ, ਤਲਵਾਰ ਬਾਜ਼ੀ ਅਤੇ ਨਿਸ਼ਾਨੇਬਾਜ਼ੀ ਵਿੱਚ ਮਾਹਰ ਸਨ।ਕਿਸੇ ਸਕੂਲ ਵਿੱਚ ਜਾਣ ਤੋਂ ਬਿਨਾਂ ਹੀ ਰਣਜੀਤ ਸਿੰਘ ਪੰਜਾਬੀ, ਹਿੰਦੀ ਅਤੇ ਫ਼ਾਰਸੀ ਭਾਸ਼ਾਵਾਂ ਦਾ ਗਿਆਨ ਰੱਖਦੇ ਸਨ।ਉਹ ਦਰਮਿਆਨੇ ਕੱਦ ਅਤੇ ਚੰਗੀ ਡੀਲ ਡੋਲ ਦੇ ਵਿਅਕਤੀ ਸਨ। ਚੇਚਕ ਦੀ ਬਿਮਾਰੀ ਕਾਰਨ ਆਈ ਸਰੀਰਕ ਕਰੂਪਤਾ ਕਦੇ ਉਹਨਾਂ ਦੇ ਬੁਲੰਦ ਇਰਾਦਿਆਂ ਦੇ ਆੜੇ ਨਹੀਂ ਆਈ ਅਤੇ ਆਪਣੀ ਇਸ ਕਰੂਪਤਾ ਨੂੰ ਉਹਨਾਂ ਬਹਾਦਰੀ ਦਾ ਜਾਮਾਂ ਪਹਿਨਾਂ ਦਿੱਤਾ।ਇੱਕ ਵਾਰ ਲਾਰਡ ਆਕਲੈਂਡ ਨੇ ਕਫ਼ੀਰ ਅਜ਼ੀਜ ਉੱਦ ਦੀਨ ਕੋਲੋ ਪੁੱਛਿਆਂ , ਮਹਾਰਾਜ ਦੀ ਕਿਹੜੀ ਅੱਖ ਅੰਨ੍ਹੀ ਹੈ ? ਤਾਂ ਉਸ ਨੇ ਕਿਹਾ ਕਿ ਉਹਨਾਂ ਦੇ ਚਿਹਰੇ ਤੇ ਏਨਾਂ ਜਲਾਲ ਹੈ ਕਿ ਮੈਂ ਕਦੀ ਉਹਨਾਂ ਦੇ ਚਿਹਰੇ ਵੱਲ ਝਾਕਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਗਵਰਨਰ ਜਨਰਲ ਇਸ ਜਵਾਬ ਤੋਂ ਖੁਸ਼ ਹੋਇਆ ਤੇ ਉਸ ਨੇ ਆਪਣੀ ਸੋਨੇ ਦੀ ਘੜੀ ਅਜ਼ੀਜ ਉੱਦ ਦੀਨ ਨੂੰ ਦੇ ਦਿੱਤੀ। 
  ਜਿੱਥੇ ਮਹਾਰਾਜਾ ਰਣਜੀਤ ਸਿੰਘ ਇੱਕ ਬਹਾਦਰ ਯੋਧਾ ਸਨ,ਉੱਥੇ ਹੀ ਉਹ ਇੱਕ ਫਰਾਕ ਦਿਲ ਇਨਸਾਨ ਵੀ ਸਨ।ਉਸ ਦੇ ਰਾਜ ਵਿੱਚ ਸਭ ਧਰਮਾਂ ਨੂੰ ਇੱਕੋ ਜਿਹਾ ਮਾਨ ਸਨਮਾਨ ਦਿੱਤਾ ਜਾਂਦਾ ਸੀ।ਮਹਾਰਾਜਾ ਰਣਜੀਤ ਸਿੰਘ ਨੇ ਧਰਮ-ਨਿਰਪੱਖ ਰਾਜ ਸਥਾਪਤ ਕੀਤਾ ਸੀ।ਉਸ ਨੇ ਹਰਿਮੰਦਰ ਸਾਹਿਬ ਦੇ ਨਾਲ ਨਾਲ ਸੋਮਨਾਥ ਦੇ ਮੰਦਰ ਅਤੇ ਲਾਹੌਰ ਵਿੱਚਲੀ ਮਸਜਿਦ ਤੇ ਵੀ ਸੋਨਾ ਚੜਾਇਆ ਅਤੇ ਜਵਾਲਾਮੁੱਖੀ ਅਤੇ ਹਰਿਦੁਆਰ ਦੇ ਮੰਦਰਾਂ ਨੂੰ ਦਾਨ ਦਿੱਤਾ।ਹਰਿਮੰਦਰ ਸਾਹਿਬ ਤੇ ਸੋਨੇ ਅਤੇ ਸੰਗਮਰਮਰ ਦਾ ਕੰਮ ਉਸ ਨੇ ਆਪਣੀ ਦੇਖ-ਰੇਖ ਅਧੀਨ ਕਰਵਾਇਆ ਅਤੇ ਤਖ਼ਤ ਸ੍ਰੀ ਪਟਨਾ ਸਾਹਿਬ ਅਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਗੁਰਦਵਾਰਿਆਂ ਦੀ ਉਸਾਰੀ ਵੀ ਕਰਵਾਈ।ਉਸ ਦੇ ਰਾਜ ਵਿੱਚ ਮੁਸਲਮਾਨ, ਹਿੰਦੂ ਅਤੇ ਸਿੱਖ ਵੱਡੇ ਅਹੁਦਿਆਂ ਉੱਤੇ ਬਿਰਾਜਮਾਨ ਸਨ ਅਤੇ ਸਭ ਨੂੰ ਬਰਾਬਰ ਦੇ ਹੱਕ ਹਾਸਲ ਸਨ।ਇਸ ਤੋਂ ਇਲਾਵਾ ਦਰਬਾਰ ਵਿਚ ਅੰਗਰੇਜ਼, ਫਰਾਂਸੀਸੀ, ਰੂਸੀ ਅਤੇ ਇਟਾਲੀਅਨ ਨੂੰ ਵੀ ਉੱਚ ਅਹੁਦੇ ਦਿੱਤੇ ਗਏ ਸਨ। ਇਹਨਾਂ ਵਿੱਚ ਹਰੀ ਸਿੰਘ ਨਲੂਆ, ਦਿਵਾਨ ਮੋਖਮ ਚੰਦ, ਸ਼ੇਖ਼ ਆਲਾ ਬਖ਼ਸ਼, ਵੀਰ ਸਿੰਘ ਢਿੱਲੋਂ, ਵੈਨਤੂਰਾ, ਅਜੀਜ਼ੂਦੀਨ ਆਦਿ ਪ੍ਰਮੁੱਖ ਸਨ।ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਦੌਰਾਨ ਸਿੱਖਾਂ ਦੀ ਗਿਣਤੀ 15 ਪ੍ਰਤੀਸ਼ਤ , ਹਿੰਦੂ 25 ਪ੍ਰਤੀਸ਼ਤ ਅਤੇ ਮੁਸਲਮਾਨ ਕੁੱਲ ਅਬਾਦੀ ਦਾ 60 ਫੀਸਦੀ ਸਨ। ਰਣਜੀਤ ਸਿੰਘ ਜਿੱਥੇ ਮੁਸਲਮਾਨਾਂ ਨਾਲ ਰੋਜ਼ੇ ਰੱਖਦੇ ਸਨ ਉੱਥੇ ਹੀ ਹਿੰਦੂਆਂ ਨਾਲ ਦੀਵਾਲੀ ਅਤੇ ਹੋਲੀ ਦੇ ਤਿਉਹਾਰ ਮਨਾਉਦੇ ਸਨ।
 ਮਹਾਰਾਜਾ ਰਣਜੀਤ ਸਿੰਘ ਬਾਰੇ ਪ੍ਰਚੱਲਤ ਹੈ ਕਿ ਉਹ ਆਪਣੀ ਪਰਜਾ ਦੀ ਹਾਲਤ ਜਾਨਣ ਲਈ ਭੇਸ ਬਦਲ ਕੇ ਪਰਜਾ ਵਿੱਚ ਘੁੰਮਦੇ ਅਤੇ ਹਾਲਾਤ ਦਾ ਜਾਇਜਾ ਲੈਂਦੇ ਸਨ।ਸੰਨ 1835 ਈ. ਵਿੱਚ ਜਦੋਂ ਕਾਲ ਪੈ ਗਿਆ ਤਾਂ ਉਸ ਸਮੇਂ ਰਾਜ ਦੇ ਖਜਾਨੇ ਜਨਤਾ ਲਈ ਖੋਲ਼ ਦਿੱਤੇ ਗਏ ਅਤੇ ਕਿਸਾਨਾਂ ਨੂੰ ਮੁਫ਼ਤ ਬੀਜ ਵੰਡੇ ਗਏ ਸਨ।ਮਹਾਰਾਜਾ ਰਣਜੀਤ ਸਿੰਘ ਨੂੰ “ਸ਼ੇਰ -ਏ-ਪੰਜਾਬ ” ਵੱਜੋਂ ਜਾਣਿਆਂ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਸੱਚ ਵਿੱਚ ਪੰਜਾਬ ਦਾ ਸ਼ੇਰ ਸੀ ਜੋ ਇੱਕ ਨਿਧੜਕ ਯੋਧੇ ਦੀ ਤਰ੍ਹਾਂ ਲੜਿਆਂ ਇੱਕ ਸ਼ੇਰ ਦੀ ਤਰ੍ਹਾਂ ਸ਼ਾਸਨ ਕੀਤਾ ਅਤੇ ਇੱਕ ਖੈਰ ਖੁਆਹ ਬਣ ਗਰੀਬਾਂ ਦੀ ਮਦਦ ਕਰਦਾ ਰਿਹਾ।ਅਜਿਹਾ ਜਿਗਰਾ ਇੱਕ ਸ਼ੇਰ ਦਾ ਹੀ ਹੋ ਸਕਦਾ ਹੈ ਜਾਂ ਦੂਸਰੇ ਸਬਦਾਂ ਵਿੱਚ ਅਸੀ ਉਸ ਨੂੰ ਦਰਿਆ -ਦਿਲ ਇਨਸਾਨ ਕਹਿ ਸਕਦੇ ਹਾਂ।
27 ਜੂਨ 1839 ਈ: ਨੂੰ ਪੰਜਾਬ ਦੇ ਇਸ ਸ਼ੇਰ ਨੇ ਸਦਾ ਲਈ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ ਅਤੇ ਉਸ ਦਾ ਅੰਤਿਮ ਸੰਸਕਾਰ ਸਿੱਖ ਅਤੇ ਹਿੰਦੂ ਰਸਮਾਂ ਦੇ ਨਾਲ ਲਾਹੌਰ ਵਿੱਚ ਕੀਤਾ ਗਿਆ।

PPA020702

                                                                                                                           ਕੰਵਲਜੀਤ ਕੌਰ ਢਿੱਲੋਂ 
                                                                                                                 ਤਰਨ ਤਾਰਨ ,  ਸਪੰਰਕ 9478793231

Check Also

ਪਿਓ-ਪੁੱਤ ਦੇ ਰਿਸ਼ਤੇ ਦੀ ਕਹਾਣੀ ਹੈ ਫ਼ਿਲਮ `ਸ਼ਿੰਦਾ-ਸ਼ਿੰਦਾ ਨੋ ਪਾਪਾ`

ਪੰਜਾਬੀ ਸਿਨੇਮਾ ਤੇਜ਼ੀ ਨਾਲ ਅੱਗੇ ਵੱਲ ਨੂੰ ਵੱਧ ਰਿਹਾ ਹੈ ਤੇ ਦਰਸ਼ਕਾਂ ਲਈ ਨਵੇਂ-ਨਵੇਂ ਵਿਸ਼ੇ …

Leave a Reply