ਜਨਤਕ ਜੀਵਨ ਅਤੇ ਸਮਾਜ ਵਿੱਚ ਸਮਤਾਵਾਦ ਅਤੇ ਅਖੰਡਤਾ ਦੇ ਹਾਮੀ ਰਹੇ ਵਕੀਲ, ਮਹਾਰਥੀ ਸਿਆਸੀ ਨੁਮਾਇੰਦੇ ਅਤੇ ਦਿਆਨਤਦਾਰ ਸ੍ਰੀ ਰਾਮ ਨਾਥ ਕੋਵਿੰਦ ਦਾ ਜਨਮ 01 ਅਕਤੂਬਰ, 1945 ਨੂੰ ਉੱਤਰ ਪ੍ਰਦੇਸ਼ ਦੇ ਕਾਨਪੁਰ ਨੇੜੇ ਪਰੌਂਖ ਵਿੱਚ ਹੋਇਆ । ਉਨ੍ਹਾਂ ਦੇ ਪਿਤਾ ਸ੍ਰੀ ਮੈਕੂ ਲਾਲ ਅਤੇ ਮਾਤਾ ਸ੍ਰੀਮਤੀ ਕਲਾਵਤੀ ਸਨ।
25 ਜੁਲਾਈ 2017 ਨੂੰ ਭਾਰਤ ਦੇ 14ਵੇਂ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲਣ ਤੋਂ ਪਹਿਲਾਂ ਸ੍ਰੀ ਕੋਵਿੰਦ 16 ਅਗਸਤ 2015 ਤੋਂ 20 ਜੂਨ 2017 ਤੱਕ ਬਿਹਾਰ ਦੇ 36ਵੇਂ ਰਾਜਪਾਲ ਰਹੇ।
ਸਿੱਖਿਆ ਅਤੇ ਵਿਵਸਾਇਕ ਪਿਛੋਕੜ
ਸ੍ਰੀ ਕੋਵਿੰਦ ਨੇ ਕਾਨਪੁਰ ਵਿੱਚ ਆਪਣੀ ਸਕੂਲੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕਾਨਪੁਰ ਯੂਨੀਵਰਸਿਟੀ ਤੋਂ ਹੀ ਬੀ ਕਾਮ ਅਤੇ ਐੱਲ ਐੱਲ ਬੀ ਦੀਆਂ ਡਿਗਰੀਆਂ ਹਾਸਲ ਕੀਤੀਆਂ। 1971 ਵਿੱਚ ਉਹ ਦਿੱਲੀ ਦੀ ਬਾਰ ਕੌਂਸਲ ਦੇ ਐਡਵੋਕੇਟ ਵਜੋਂ ਮੈਂਬਰ ਬਣੇ।
ਸ੍ਰੀ ਕੋਵਿੰਦ 1977 ਤੋਂ 1979 ਤੱਕ ਦਿੱਲੀ ਹਾਈ ਕੋਰਟ ਵਿੱਚ ਕੇਂਦਰ ਸਰਕਾਰ ਦੇ ਵਕੀਲ ਰਹੇ ਅਤੇ 1980 ਤੋਂ 1993 ਤੱਕ ਸੁਪਰੀਮ ਕੋਰਟ ਵਿੱਚ ਕੇਂਦਰ ਸਰਕਾਰ ਦੇ ਸਟੈਂਡਿੰਗ ਵਕੀਲ ਰਹੇ। ਉਹ 1978 ਵਿੱਚ ਸੁਪਰੀਮ ਕੋਰਟ ਵਿੱਚ ` ਐਡਵੋਕੇਟ ਆਨ ਰਿਕਾਰਡ ` ਬਣ ਗਏ ਸਨ। ਉਨ੍ਹਾਂ ਨੇ ਦਿੱਲੀ ਹਾਈ ਕੋਰਟ ਅਤੇ ਸੁਪਰੀਮ ਕੋਰਟ ਵਿੱਚ 1993 ਤੱਕ 16 ਸਾਲ ਤੱਕ ਵਕੀਲ ਵਜੋਂ ਪ੍ਰੈਕਟਿਸ ਕੀਤੀ।
ਸੰਸਦੀ ਅਤੇ ਜਨਤਕ ਜੀਵਨ
ਸ਼੍ਰੀ ਕੋਵਿੰਦ ਅਪ੍ਰੈਲ, 1994 ਵਿੱਚ ਉੱਤਰ ਪ੍ਰਦੇਸ਼ ਤੋਂ ਰਾਜ ਸਭਾ ਲਈ ਚੁਣੇ ਗਏ। ਉਨ੍ਹਾਂ ਨੇ ਮਾਰਚ 2006 ਤੱਕ ਲਗਾਤਾਰ 2 ਵਾਰੀ 6-6 ਸਾਲ ਦੀ ਮਿਆਦ ਪੂਰੀ ਕੀਤੀ। ਸ਼੍ਰੀ ਕੋਵਿੰਦ ਕਈ ਸੰਸਦੀ ਕਮੇਟੀਆਂ ਜਿਵੇਂ ਕਿ ਅਨੁਸੂਚਿਤ ਜਾਤੀਆਂ /ਕਬੀਲਿਆਂ ਦੀ ਭਲਾਈ ਦੀ ਸੰਸਦੀ ਕਮੇਟੀ, ਗ੍ਰਹਿ ਮੰਤਰਾਲਾ ਦੀ ਸੰਸਦੀ ਕਮੇਟੀ, ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ ਦੀ ਸੰਸਦੀ ਕਮੇਟੀ, ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਬਾਰੇ ਸੰਸਦੀ ਕਮੇਟੀ ਅਤੇ ਕਾਨੂੰਨ ਅਤੇ ਨਿਆਂ ਬਾਰੇ ਸੰਸਦੀ ਕਮੇਟੀ ਦੇ ਮੈਂਬਰ ਰਹੇ। ਉਹ ਰਾਜ ਸਭਾ ਦੀ ਹਾਊਸ ਕਮੇਟੀ ਦੇ ਚੇਅਰਮੈਨ ਵੀ ਰਹੇ।
ਸ਼੍ਰੀ ਕੋਵਿੰਦ ਡਾ. ਬੀ ਆਰ ਅੰਬੇਡਕਰ ਯੂਨੀਵਰਸਿਟੀ, ਲਖਨਊ ਦੇ ਬੋਰਡ ਆਵ੍ ਮੈਨੇਜਮੈਂਟ ਦੇ ਮੈਂਬਰ ਅਤੇ ਇੰਡੀਅਨ ਇੰਸਟੀਟਿਊਟ ਆਵ੍ ਮੈਨੇਜਮੈਂਟ, ਕੋਲਕਾਤਾ ਦੇ ਬੋਰਡ ਆਵ੍ ਗਵਰਨਰਜ਼ ਦੇ ਮੈਂਬਰ ਵੀ ਰਹੇ। ਉਹ ਅਕਤੂਬਰ 2002 ਵਿੱਚ ਸੰਯੁਕਤ ਰਾਸ਼ਟਰ ਗਏ ਭਾਰਤੀ ਵਫ਼ਦ ਦੇ ਮੈਂਬਰ ਸਨ ਅਤੇ ਉਨ੍ਹਾਂ ਨੇ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਨੂੰ ਸੰਬੋਧਨ ਕੀਤਾ।
ਕਿਨ੍ਹਾਂ ਕਿਨ੍ਹਾਂ ਅਹੁਦਿਆਂ `ਤੇ ਰਹੇ
2015-17 : ਬਿਹਾਰ ਦੇ ਰਾਜਪਾਲ।
1994 – 2006 : ਉੱਤਰ ਪ੍ਰਦੇਸ਼ ਤੋਂ ਰਾਜ ਸਭਾ ਦੇ ਮੈਂਬਰ।
1971-75 ਅਤੇ 1981 : ਅਖਿਲ ਭਾਰਤੀ ਕੋਲੀ ਸਮਾਜ ਦੇ ਜਨਰਲ ਸਕੱਤਰ ਰਹੇ।
1977-1979 : ਦਿੱਲੀ ਹਾਈਕੋਰਟ ਵਿੱਚ ਕੇਂਦਰ ਸਰਕਾਰ ਦੇ ਵਕੀਲ ਰਹੇ।
1982-84 : ਸੁਪਰੀਮ ਕੋਰਟ ਵਿੱਚ ਕੇਂਦਰ ਸਰਕਾਰ ਦੇ ਵਕੀਲ ਰਹੇ।
ਨਿਜੀ ਵੇਰਵੇ
ਸ਼੍ਰੀ ਕੋਵਿੰਦ ਦਾ 30 ਮਈ, 1974 ਨੂੰ ਸ਼੍ਰੀਮਤੀ ਸਵਿਤਾ ਕੋਵਿੰਦ ਨਾਲ ਵਿਆਹ ਹੋਇਆ। ਉਨ੍ਹਾਂ ਦਾ ਇੱਕ ਪੁੱਤਰ ਸ਼੍ਰੀ ਪ੍ਰਸ਼ਾਂਤ ਕੁਮਾਰ ਅਤੇ ਇੱਕ ਧੀ ਸੁਸ਼੍ਰੀ ਸਵਾਤੀ ਹੈ। ਪੜ੍ਹਨ ਲਿਖਣ ਵਿੱਚ ਦਿਲਚਸਪੀ ਲੈਣ ਵਾਲੇ ਰਾਸ਼ਟਰਪਤੀ ਦੀ ਸਿਆਸਤ ਅਤੇ ਸਮਾਜਿਕ ਤਬਦੀਲੀ, ਕਾਨੂੰਨ ਅਤੇ ਇਤਿਹਾਸ ਅਤੇ ਧਰਮ ਬਾਰੇ ਪੁਸਤਕਾਂ ਪੜ੍ਹਨ ਵਿੱਚ ਕਾਫੀ ਦਿਲਚਸਪੀ ਹੈ।
ਆਪਣੇ ਲੰਬੇ ਸਿਆਸੀ ਜੀਵਨ ਵਿੱਚ ਸ਼੍ਰੀ ਕੋਵਿੰਦ ਨੇ ਦੇਸ਼ ਭਰ ਵਿੱਚ ਕਾਫੀ ਦੌਰੇ ਕੀਤੇ। ਉਹ ਥਾਈਲੈਂਡ, ਨੇਪਾਲ, ਪਾਕਿਸਤਾਨ, ਸਿੰਗਾਪੁਰ, ਜਰਮਨੀ, ਸਵਿਟਜ਼ਰਲੈਂਡ, ਫਰਾਂਸ, ਇੰਗਲੈਂਡ ਅਤੇ ਅਮਰੀਕਾ ਦੇ ਦੌਰੇ ਸੰਸਦ ਮੈਂਬਰ ਵਜੋਂ ਕਰ ਚੁੱਕੇ ਹਨ।
-ਪੀ.ਆਈ.ਬੀ ਚੰਡੀਗੜ